ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ : ਭਾਰਤੀ ਤੇ ਵਿਸ਼ਵ ਹਾਕੀ ਲਈ ਇਹ ਮਨਹੂਸ ਖ਼ਬਰ ਹੈ ਕਿ ਸਾਈ ਦੀ ਦੇਖ-ਰੇਖ 'ਚ ਬੰਗਲੌਰ 'ਚ ਚੱਲ ਰਹੇ ਕੌਮੀ ਹਾਕੀ ਟੀਮ (ਪੁਰਸ਼) ਦੇ ਸਿਖਲਾਈ ਕੈਂਪ 'ਚ ਸ਼ਾਮਲ ਛੇ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਵਾਇਰਸ ਤੋਂ ਪੀੜਤ ਇਨ੍ਹਾਂ ਛੇ ਸਟਾਰ ਹਾਕੀ ਖਿਡਾਰੀਆਂ 'ਚ ਕੌਮੀ ਹਾਕੀ ਟੀਮ ਦੇ ਕਪਤਾਨ ਮਨਪੀ੍ਤ ਸਿੰਘ ਤੋਂ ਇਲਾਵਾ ਅਟੈਕਿੰਗ ਸਟ੍ਰਾਈਕਰ ਮਨਦੀਪ ਸਿੰਘ, ਡਰੈਗ ਫਲਿੱਕਰ ਵਰੁਨ ਕੁਮਾਰ, ਡਿਫੈਂਡਰ ਜਸਕਰਨ ਸਿੰਘ ਤੇ ਸੁਰਿੰਦਰ ਕੁਮਾਰ ਅਤੇ ਗੋਲਕੀਪਰ ਬਹਾਦੁਰ ਪਾਠਕ ਸ਼ਾਮਲ ਹਨ। ਕੋਰੋਨਾ ਵਾਇਰਸ ਦੀ ਲਾਗ ਦਾ ਸ਼ਿਕਾਰ ਇਨ੍ਹਾਂ ਖਿਡਾਰੀਆਂ 'ਚ ਜ਼ਿਲ੍ਹਾ ਜਲੰਧਰ ਦੇ ਚਾਰ ਖਿਡਾਰੀ ਮਨਪ੍ਰਰੀਤ ਸਿੰਘ ਪਵਾਰ, ਮਨਦੀਪ ਸਿੰਘ, ਜਸਕਰਨ ਸਿੰਘ ਤੇ ਵਰੁਨ ਕੁਮਾਰ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ 'ਚੋਂ ਤਿੰਨ ਖਿਡਾਰੀ ਮਨਪੀ੍ਤ ਸਿੰਘ, ਮਨਦੀਪ ਸਿੰਘ ਤੇ ਵਰੁਨ ਕੁਮਾਰ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਵਸਨੀਕ ਹਨ। ਉਂਜ ਅਗਲੇ ਸਾਲ ਟੋਕੀਓ ਓਲੰਪਿਕ ਹਾਕੀ ਨੂੰ ਮੁੱਖ ਰੱਖਦਿਆਂ ਬੰਗਲੌਰ 'ਚ ਚੱਲ ਰਹੇ ਟ੍ਰੇਨਿੰਗ ਕੈਂਪ 'ਚ ਜ਼ਿਲ੍ਹਾ ਜਲੰਧਰ ਦੇ ਪਿੰਡ ਮਿੱਠਾਪੁਰ ਦਾ ਚੌਥਾ ਖਿਡਾਰੀ ਤਲਵਿੰਦਰ ਸਿੰਘ ਰਾਜਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੀ ਦੋ ਵਾਰ ਓਲੰਪਿਕ ਹਾਕੀ 'ਚ ਕਪਤਾਨੀ ਕਰਨ ਵਾਲੇ ਪ੍ਰਗਟ ਸਿੰਘ ਦਾ ਸਬੰਧ ਵੀ ਪਿੰਡ ਮਿੱਠਾਪੁਰ ਨਾਲ ਹੈ।