ਸਿਡਨੀ (ਏਪੀ) : ਸਾਬਕਾ ਯੂਐੱਸ ਓਪਨ ਚੈਂਪੀਅਨ ਮਾਰਿਨ ਸਿਲਿਚ ਨੇ ਅਮਰੀਕਾ ਦੇ ਟਾਮੀ ਪਾਲ ਨੂੰ 6-4, 2-6, 6-3 ਨਾਲ ਹਰਾ ਕੇ ਦੂਜੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਮਹਿਲਾ ਵਰਗ ਵਿਚ ਤੀਜਾ ਦਰਜਾ ਹਾਸਲ ਅਮਰੀਕਾ ਦੀ ਕੋਕੋ ਗਾਫ ਨੇ ਕ੍ਰੋਏਸ਼ੀਆ ਦੀ ਅੰਨਾ ਕੋਂਜੂ ਨੂੰ 6-3, 6-4 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਸਿਡਨੀ ਟੈਨਿਸ ਕਲਾਸਿਕ ਵਿਚ ਚੌਥਾ ਦਰਜਾ ਹਾਸਲ ਏਸਤੋਨੀਆ ਦੀ ਏਨੇਟ ਕੋਂਟਾਵੇਟ ਨੇ ਟਿਊਨੇਸ਼ੀਆ ਦੀ ਓਂਸ ਜਬਾਉਰ ਖ਼ਿਲਾਫ਼ ਕੁਆਰਟਰ ਫਾਈਨਲ ਦਾ ਪਹਿਲਾ ਸੈੱਟ ਜਿੱਤ ਲਿਆ ਸੀ ਜਦ ਲੱਕ ਵਿਚ ਸੱਟ ਕਾਰਨ ਜਬਾਉਰ ਨੂੰ ਕੋਰਟ ਛੱਡਣਾ ਪਿਆ। ਹੁਣ ਕੋਂਟਾਵੇਟ ਦਾ ਸਾਹਮਣਾ ਤੀਜਾ ਦਰਜਾ ਹਾਸਲ ਬਾਰਬੋਰਾ ਕ੍ਰੇਇਸੀਕੋਵਾ ਨਾਲ ਹੋਵੇਗਾ ਜਿਸ ਨੇ ਫਰਾਂਸ ਦੀ ਕੈਰੋਲਿਨ ਗਾਰਸੀਆ ਨੂੰ 6-0, 6-2 ਨਾਲ ਮਾਤ ਦਿੱਤੀ। ਮਰਦ ਵਰਗ ਵਿਚ ਸਿਖਰਲਾ ਦਰਜਾ ਹਾਸਲ ਅਸਲਾਨ ਕਾਰਾਤਸੇਵ ਨੇ ਪੰਜਵਾਂ ਦਰਜਾ ਲੋਂਰੇਜੋ ਸੋਨੇਗੋ ਨੂੰ 6-2, 3-6, 6-2 ਨਾਲ ਮਾਤ ਦਿੱਤੀ।