ਪੈਰਿਸ (ਆਈਏਐੱਨਐੱਸ) : ਬਾਰਬੋਰਾ ਕ੍ਰੇਜਕਿਕੋਵਾ ਨੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ਦੇ ਮੁਕਾਬਲੇ 'ਚ ਸਾਬਕਾ ਚੈਂਪੀਅਨ ਸਲੋਨ ਸਟੀਫਨਜ਼ ਨੂੰ ਹਰਾ ਕੇ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਅਮਰੀਕਾ ਦੀ ਸਟੀਫੰਸ 2018 'ਚ ਫਰੈਂਚ ਓਪਨ ਦੀ ਉਪ-ਜੇਤੂ ਸੀ। ਕ੍ਰੇਜਕਿਕੋਵਾ ਨੇ 2017 ਦੀ ਯੂਐੱਸ ਓਪਨ ਚੈਂਪੀਅਨ ਸਟੀਫੰਸ ਨੂੰ 6-2, 6-0 ਨਾਲ ਹਰਾਇਆ। ਵਿਸ਼ਵ ਦੀ 33ਵੇਂ ਨੰਬਰ ਦੀ ਖਿਡਾਰਨ ਕ੍ਰੇਜਕਿਕੋਵਾ ਨੇ ਇਸ ਤੋਂ ਪਹਿਲਾਂ ਤੀਸਰੇ ਦੌਰ 'ਚ ਐਲਿਨਾ ਸਵਿਤੋਲਿਨਾ ਨੂੰ ਮਾਤ ਦਿੱਤੀ ਸੀ। ਕ੍ਰੇਜਕਿਕੋਵਾ ਦਾ ਕੁਆਰਟਰ ਫਾਈਨਲ 'ਚ ਅਮਰੀਕਾ ਦੀ ਕੋਕੋ ਗਾਫ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਓਂਸ ਜਬਯੋਰ ਨੂੰ ਸਿੱਧੇ ਸੈੱਟਾਂ 'ਚ 6-3, 6-1 ਨਾਲ ਹਰਾਇਆ।

ਓਸਾਕਾ ਦੇ ਵਿੰਬਲਡਨ ਖੇਡਣਾ ਤੈਅ ਨਹੀਂ

ਬਰਲਿਨ (ਆਈਏਐੱਨਐੱਸ) : ਦੁਨੀਆ ਦੀ ਨੰਬਰ ਦੋ ਮਹਿਲਾ ਟੈਨਿਸ ਖਿਡਾਰਨ ਜਾਪਾਨ ਦੀ ਨਾਓਮੀ ਓਸਾਕਾ ਨੇ 14 ਜੂਨ ਤੋਂ ਸ਼ੁਰੂ ਹੋਣ ਵਾਲੇ ਬਰਲਿਨ ਡਬਲਯੂਟੀਏ ਗ੍ਰਾਸ ਕੋਰਟ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ। ਮਾਨਸਿਕ ਸਿਹਤ ਦੇ ਮੁੱਦਿਆਂ ਸਬੰਧੀ ਓਸਾਕਾ ਫਰੈਂਚ ਓਪਨ 'ਚ ਵਿਵਾਦਾਂ 'ਚ ਰਹੀ ਸੀ। ਬਰਲਿਨ ਓਪਨ ਦੇ ਪ੍ਰਬੰਧਕਾਂ ਨੇ ਸੋਮਵਾਰ ਨੂੰ ਕਿਹਾ ਕਿ ਨਾਓਮੀ ਨੇ ਇਕ ਹਫ਼ਤਾ ਪਹਿਲਾਂ ਹੀ ਇਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ। ਵਿੰਬਲਡਨ ਦੀ ਸ਼ੁਰੂਆਤ 28 ਜੂਨ ਤੋਂ ਹੋਣੀ ਹੈ। 23 ਸਾਲ ਦੀ ਓਸਾਕਾ ਨੇ ਪਿਛਲੇ ਸੋਮਵਾਰ ਨੂੰ ਹੀ ਫਰੈਂਚ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ ਕਿਉਂਕਿ ਮਾਨਸਿਕ ਸਿਹਤ ਕਾਰਨ ਮੀਡੀਆ ਨਾਲ ਗੱਲਬਾਤ ਨਾ ਕਰਨ ਕਾਰਨ ਉਹ ਵਿਵਾਦਾਂ 'ਚ ਸੀ।

ਫੈਡਰਰ ਤੇ ਸੇਰੇਨਾ ਦਾ ਅਗਲਾ ਫਰੈਂਚ ਓਪਨ ਖੇਡਣਾ ਮੁਸ਼ਕਲ

ਪੈਰਿਸ (ਏਪੀ) : ਅਮਰੀਕੀ ਦਿੱਗਜ਼ ਖਿਡਾਰਨ ਸੇਰੇਨਾ ਵਿਲੀਅਮਜ਼ ਸਤੰਬਰ 'ਚ 40 ਸਾਲ ਦੀ ਹੋ ਜਾਵੇਗੀ ਜਦੋਂਕਿ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਇਸ ਤੋਂ ਇਕ ਮਹੀਨਾ ਪਹਿਲਾਂ ਉਮਰ ਦੇ ਇਸ ਪੜਾਅ 'ਤੇ ਪਹੁੰਚ ਜਾਣਗੇ। ਕੋਈ ਨਹੀਂ ਜਾਣਦਾ ਕਿ ਦੋਵਾਂ ਭਵਿੱਖ 'ਚ ਕਿੰਨੀ ਵਾਰ ਫਰੈਂਚ ਓਪਨ 'ਚ ਖੇਡਣਗੇ ਪਰ ਇਸ ਲਾ ਦੇ ਟੂਰਨਾਮੈਂਟ 'ਚ ਐਤਵਾਰ ਨੂੰ ਇਨ੍ਹਾਂ ਦੋਵਾਂ ਦਾ ਸਫ਼ਰ ਖ਼ਤਮ ਹੋ ਗਿਆ। ਸੇਰੇਨਾ ਨੂੰ ਚੌਥੇ ਦੌਰ 'ਚ ਕਜ਼ਾਖਿਸਤਾਨ ਦੀ ਏਲਿਨਾ ਰਿਬਾਕਿਨਾ ਨੇ 6-3, 7-5 ਨਾਲ ਹਰਾਇਆ। ਸੇਰੇਨਾ ਦੀ ਹਾਰ ਤੋਂ ਕੁਝ ਘੰਟੇ ਪਹਿਲਾਂ ਫੈਡਰਰ ਨੇ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ ਤਾਂਕਿ ਉਹ ਵਿੰਬਲਡਨ ਲਈ ਪੂਰੀ ਤਰ੍ਹਾਂ ਫਿਟ ਹੋ ਸਕਣ। ਫੈਡਰਰ ਨੇ ਅੱਠ ਤੇ ਸੇਰੇਨਾ ਨੇ ਸੱਤ ਵਾਰ ਵਿੰਬਲਡਨ ਦਾ ਖ਼ਿਤਾਬ ਜਿੱਤਿਆ ਹੈ ਜੋ 28 ਜੂੁਨ ਤੋਂ ਸ਼ੁਰੂ ਹੋਵੇਗਾ। ਫੈਡਰਰ ਇਸ ਤੋਂ ਪਹਿਲਾਂ ਕਦੇ ਕਿਸੇ ਟੂਰਨਾਮੈਂਟ ਦੇ ਵਿਚਾਲੇ ਨਹੀਂ ਹਟੇ ਸਨ।