ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਬੈਡਮਿੰਟਨ ਖਿਡਾਰੀ ਐੱਚ ਐੱਸ ਪ੍ਰਣਯ ਲਗਾਤਾਰ ਦੂਜੇ ਸਾਲ ਅਰਜੁਨ ਪੁਰਸਕਾਰ ਲਈ ਨਾਮਜ਼ਦ ਨਾ ਕੀਤੇ ਜਾਣ ਨਾਲ ਗੁੱਸੇ ਵਿਚ ਹਨ ਤੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਬੈਡਮਿੰਟਨ ਮਹਾਸੰਘ (ਬਾਈ) ਨੇ ਉਨ੍ਹਾਂ ਤੋਂ ਘੱਟ ਉਪਲੱਬਧੀ ਵਾਲੇ ਖਿਡਾਰੀਆਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ। ਬਾਈ ਨੇ ਮੰਗਲਵਾਰ ਨੂੰ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਤੇ ਮਰਦ ਸਿੰਗਲਜ਼ ਖਿਡਾਰੀ ਸਮੀਰ ਵਰਮਾ ਦੇ ਨਾਂ ਦੀ ਸਿਫ਼ਾਰਸ਼ ਇਸ ਪੁਰਸਕਾਰ ਲਈ ਕੀਤੀ ਸੀ। ਪ੍ਰਣਯ ਨੇ ਆਪਣੀ ਨਾਰਾਜ਼ਗੀ ਟਵਿੱਟਰ 'ਤੇ ਜ਼ਾਹਰ ਕੀਤੀ। ਉਨ੍ਹਾਂ ਨੇ ਲਿਖਿਆ ਕਿ ਅਰਜੁਨ ਪੁਰਸਕਾਰ ਲਈ ਉਹੀ ਪੁਰਾਣੀ ਚੀਜ਼। ਰਾਸ਼ਟਰਮੰਡਲ ਖੇਡਾਂ ਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਵਾਲੇ ਖਿਡਾਰੀ ਦੇ ਨਾਂ ਦੀ ਸਿਫ਼ਾਰਸ਼ ਮਹਾਸੰਘ ਵੱਲੋਂ ਨਹੀਂ ਕੀਤੀ ਗਈ ਜਦਕਿ ਜੋ ਖਿਡਾਰੀ ਇਨ੍ਹਾਂ ਦੋਵਾਂ ਚੈਂਪੀਅਨਸ਼ਿਪਾਂ ਵਿਚ ਨਹੀਂ ਸੀ, ਉਸ ਦੇ ਨਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਵਾਹ। ਇਨ੍ਹਾਂ ਤਿੰਨਾਂ ਨਾਮਜ਼ਦਗੀਆਂ ਵਿਚੋਂ ਇਸ ਜੋੜੀ ਨੇ 2018 ਰਾਸ਼ਟਰਮੰਡਲ ਖੇਡਾਂ ਵਿਚ ਸਿਲਵਰ ਮੈਡਲ ਜਿੱਤਿਆ ਸੀ ਪਰ ਸਮੀਰ ਕਦੀ ਵੀ ਇਸ ਵਿਚ ਨਹੀਂ ਖੇਡੇ ਹਨ। ਪ੍ਰਣਯ ਦਾ ਪਿਛਲੇ ਸਾਲ ਦਾ ਪ੍ਰਦਰਸ਼ਨ ਹਾਲਾਂਕਿ ਇੰਨਾ ਸ਼ਾਨਦਾਰ ਨਹੀਂ ਰਿਹਾ ਪਰ ਉਹ 2018 ਵਿਚ ਸ਼ਾਨਦਾਰ ਲੈਅ ਵਿਚ ਸਨ। 25 ਸਾਲ ਦੇ ਇਸ ਖਿਡਾਰੀ ਨੇ 2018 ਵਿਚ ਤਿੰਨ ਖ਼ਿਤਾਬ ਆਪਣੇ ਨਾਂ ਕੀਤੇ ਸਨ ਤੇ ਆਪਣੇ ਕਰੀਅਰ ਦੀ ਸਰਬੋਤਮ ਵਿਸ਼ਵ ਰੈਂਕਿੰਗ (11) ਹਾਸਲ ਕੀਤੀ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਉਹ ਬੀਡਬਲਯੂਐੱਫ ਵਿਸ਼ਵ ਟੂਰ ਫਾਈਨਲਜ਼ 2018 ਵਿਚ ਵੀ ਥਾਂ ਬਣਾਉਣ ਵਿਚ ਕਾਮਯਾਬ ਰਹੇ ਤੇ ਸੈਮੀਫਾਈਨਲ ਤਕ ਪੁੱਜੇ ਸਨ।

ਪ੍ਰਦਰਸ਼ਨ ਦੇਖ ਕੇ ਹੀ ਲਿਆ ਫ਼ੈਸਲਾ : ਬਾਈ

ਬਾਈ ਨੇ ਕਿਹਾ ਕਿ ਉਸ ਨੇ ਖੇਡ ਮੰਤਰਾਲੇ ਨੂੰ ਨਾਵਾਂ ਦੀ ਸਿਫ਼ਾਰਸ਼ ਕਰਨ ਤੋਂ ਪਹਿਲਾਂ ਪਿਛਲੇ ਚਾਰ ਸਾਲਾਂ ਵਿਚ ਖਿਡਾਰੀਆਂ ਤੇ ਕੋਚਾਂ ਦੇ ਪ੍ਰਦਰਸ਼ਨ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਸੀ। ਪਿਛਲੇ ਚਾਰ ਸਾਲਾਂ ਵਿਚ ਪ੍ਰਣਯ ਨੇ 2018 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਵਿਚ ਉਹ ਉਸ ਭਾਰਤੀ ਮਿਕਸਡ ਟੀਮ ਦਾ ਹਿੱਸਾ ਸਨ ਜਿਸ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ ਸੀ।

ਕਸ਼ਯਪ ਦਾ ਵੀ ਮਿਲਿਆ ਸਾਥ :

ਪ੍ਰਣਯ ਨੂੰ ਕਾਮਨਵੈਲਥ ਗੇਮਜ਼ ਦੇ ਸਾਬਕਾ ਚੈਂਪੀਅਨ ਪੀ ਕਸ਼ਯਪ ਤੋਂ ਵੀ ਸਹਿਯੋਗ ਮਿਲਿਆ। ਕਸ਼ਯਪ ਨੇ ਟਵੀਟ ਕੀਤਾ ਕਿ ਪੁਰਸਕਾਰ ਲਈ ਬਿਨੈ ਕਰਨ ਦੀ ਪ੍ਰਕਿਰਿਆ ਅਜੇ ਸਮਝ ਨਹੀਂ ਆਈ ਹੈ। ਮੈਂ ਉਮੀਦ ਕਰਦਾ ਹਾਂ ਕਿ ਇਹ ਬਦਲੇ। ਮਜ਼ਬੂਤ ਬਣੇ ਰਹੋ।