ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਿੱਖ ਨੌਜਵਾਨਾਂ ਨੂੰ ਕੇਸਧਾਰੀ ਵਜੋਂ ਪਛਾਣ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਤਹਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖ਼ਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐੱਫਸੀ) ਵੱਲੋਂ ਪਹਿਲਾ 'ਸਿੱਖ ਫੁੱਟਬਾਲ ਕੱਪ' ਕਰਵਾਇਆ ਜਾ ਰਿਹਾ ਹੈ। ਫੀਫਾ ਦੇ ਨਿਯਮਾਂ ਤਹਿਤ ਇਹ ਫੁੱਟਬਾਲ ਕੱਪ 23 ਨਵੰਬਰ ਤੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਕਰਵਾਇਆ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਖ਼ਾਲਸਾ ਐੱਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਅੰਤਰ-ਜ਼ਿਲ੍ਹਾ ਟੂਰਨਾਮੈਂਟ 'ਚ 14 ਸਾਲ ਤੋਂ 21 ਸਾਲ ਦੀ ਉਮਰ ਤਕ ਦੇ ਸਾਬਤ-ਸੂਰਤ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦਾ ਪ੍ਰਮੁੱਖ ਮੰਤਵ ਸਰਬਉੱਚ ਸਿੱਖ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਸਿੱਖ ਖੇਡਾਂ ਸਮੇਤ ਹੋਰ ਮਸ਼ਹੂਰ ਖੇਡਾਂ ਨੂੰ ਸਿੱਖਾਂ ਵਿਚ ਪ੍ਰਫੁੱਲਤ ਕਰਨਾ ਅਤੇ ਹਰਮਨ ਪਿਆਰਾ ਬਣਾਉਣਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਜੁੜੇ ਖ਼ਾਲਸਾ ਐੱਫਸੀ ਵੱਲੋਂ 29 ਅਕਤੂਬਰ ਤੋਂ 2 ਨਵੰਬਰ ਤਕ ਜ਼ਿਲ੍ਹਾ ਪੱਧਰੀ ਫੁੱਟਬਾਲ ਟੀਮਾਂ ਦੀ ਚੋਣ ਲਈ ਹਰੇਕ ਜ਼ਿਲ੍ਹੇ 'ਚ ਟਰਾਇਲ ਲਏ ਜਾਣਗੇ। ਇਸ ਦੌਰਾਨ ਉਨ੍ਹਾਂ ਖ਼ਾਲਸਾ ਐੱਫਸੀ ਦਾ ਲੋਗੋ, ਵੈੱਬਸਾਈਟ ਤੇ ਮੋਬਾਈਲ ਐਪ ਵੀ ਲਾਂਚ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੌੜਾ ਸਿੰਘਾ, ਮੀਤ ਪ੍ਰਧਾਨ ਅਮਨਜੀਤ ਸਿੰਘ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਸਾਗਰ, ਟੂਰਨਾਮੈਂਟ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ. ਪ੍ਰੀਤਮ ਸਿੰਘ ਖੇਡ ਡਾਇਰੈਕਟਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਸੁਰਜੀਤ ਸਿੰਘ ਬੈਂਸ ਤੇ ਹਰਸ਼ਵੀਰ ਸਿੰਘ ਗਰੇਵਾਲ, ਵਿੱਤ ਸਕੱਤਰ ਬਲਜੀਤ ਸਿੰਘ ਤੇ ਸਕੱਤਰ ਹਰਜਿੰਦਰ ਕੁਮਾਰ, ਸੋਸ਼ਲ ਮੀਡੀਆ ਇੰਚਾਰਜ ਪ੍ਰਭਮੀਤ ਸਿੰਘ ਤੇ ਵਰੁਣ ਭਾਰਦਵਾਜ ਵੀ ਹਾਜ਼ਰ ਸਨ।

ਖਿਡਾਰੀਆਂ ਤੇ ਕੋਚਾਂ ਨੂੰ ਮਿਲਣਗੇ ਇਨਾਮ

ਖਿਡਾਰੀਆਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਜ਼ਿਲਿ੍ਹਆਂ ਦੀਆਂ ਸਾਰੀਆਂ ਕੇਸਧਾਰੀ ਟੀਮਾਂ ਨੂੰ ਖੇਡ ਕਿੱਟਾਂ, ਜਰਸੀਆਂ ਅਤੇ ਟਰੈਕ ਸੂਟ ਤੋਂ ਇਲਾਵਾ ਯਾਤਰਾ ਭੱਤਾ ਵੀ ਮਿਲੇਗਾ। “ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਉਪ ਜੇਤੂ ਨੂੰ 3 ਲੱਖ ਰੁਪਏ ਦੇ ਨਕਦ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਟੀਮਾਂ ਦੇ ਕੋਚਾਂ ਨੂੰ ਕ੍ਮਵਾਰ 51,000 ਅਤੇ 31,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।