ਗੁਰਤੇਜ ਸਿੰਘ ਸਿੱਧੂ, ਬਠਿੰਡਾ: ਟੀਮ ਦੀ ਵਰਦੀ ਪਾਈ ਤੇ ਗਰਾਊਂਡ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਚੁੰਮਣ ਬਾਅਦ ਨੈਸ਼ਨਲ ਪੱਧਰ ਦੀ ਫੁੱਟਬਾਲ ਖਿਡਾਰ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਘਟਨਾ ਤੋਂ ਬਾਅਦ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਮਾਹੌਲ ਭਾਵੁਕ ਹੋ ਗਿਆ।

ਗਲਤ ਦਵਾਈ ਖਾਣ ਬਾਅਦ ਮਾਨਸਾ ਜ਼ਿਲੇ ਦੇ ਪਿੰਡ ਜੋਗਾ ਦੀ ਫੁੱਟਬਾਲ ਦੀ ਕੌਮੀ ਪੱਧਰ ਦੀ ਉਕਤ ਖਿਡਾਰਣ ਦੀ ਸਿਹਤ ਵਿਗੜ ਗਈ ਜਿਸ ਨੂੰ ਕਰੀਬ ਇਕ ਹਫ਼ਤਾ ਪਹਿਲਾਂ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਭਾਵੇਂ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ ਪਰ ਉਸਦਾ ਧਿਆਨ ਅਜੇ ਵੀ ਗਰਾਊਂਡ ਵੱਲ ਸੀ। ਉਕਤ ਖਿਡਾਰਣ ਫੁੱਟਬਾਲ ਵਿਚ ਜ਼ਿਲੇ ਵਿੱਚੋਂ ਦੋ ਅਤੇ ਸੂਬਾ ਪੱਧਰੀ ਮੁਕਾਬਿਲਆਂ ਵਿੱਚੋਂ ਦੋ ਸੋਨੇ ਦੇ ਤਮਗੇ ਜਿੱਤ ਚੁੱਕੀ ਸੀ।

ਅੰਡਰ 14 ਸਾਲ ਦੇ ਵਰਗ ਵਿਚ ਉਹ ਇਕ ਵਾਰ ਨੈਸ਼ਨਲ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਵੀ ਹਿੱਸਾ ਲੈ ਚੁੱਕੀ ਹੈ। ਨੈਸ਼ਨਲ ਪੱਧਰ ਦੀ ਟੀਮ ਵਿਚ ਉਸਨੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਉਕਤ ਕੁੜੀ ਨੂੰ ਤਿਆਰੀ ਕਰਵਾਉਣ ਵਾਲੇ ਫੁੱਟਬਾਲ ਖੇਡ ਦੇ ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਕੋਲੋ ਇਕ ਹੋਣਹਾਰ ਖਿਡਾਰਣ ਚਲੀ ਗਈ ਹੈ। ਉਸਨੇ ਦੱਸਿਆ ਕਿ ਜਿੱਥੇ ਇਸ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ, ਉਥੇ ਉਕਤ ਖਿਡਾਰਣ ਦੇ ਨੈਸ਼ਨਲ ਗੇਮਾਂ ਵਿਚ ਗੋਲਡ ਮੈਡਲ ਜਿੱਤਣ ਦਾ ਸੁਪਨਾ ਵੀ ਅਧੂਰਾ ਰਹਿ ਗਿਆ। ਕੋਚ ਨੇ ਦੱਸਿਆ ਕਿ ਉਕਤ ਖਿਡਾਰਣ ਦੀ ਉਮਰ ਭਾਵੇ ਅਜੇ 15 ਸਾਲ ਦੀ ਸੀ ਪਰ ਨੈਸ਼ਨਲ ਖੇਡਾਂ ਵਿਚ ਗੋਲਡ ਜਿੱਤਣ ਦੇ ਨਾਲ ਨਾਲ ਫੁੱਟਬਾਲ ਟਰੇਨਿੰਗ ਅਕੈਡਮੀ ਖੋਲ੍ਹਣ ਦੀ ਉਸਦੀ ਇੱਛਾ ਅਧੂਰੀ ਰਹਿ ਗਈ। ਉਸਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਬਿਮਾਰ ਹੋਣ ਕਾਰਨ ਉਸਨੇ ਘਰ ਵਿਚ ਰੱਖੀ ਕੋਈ ਗਲਤ ਦਵਾਈ ਪੀ ਲਈ ਸੀ ਜਿਸ ਕਾਰਨ ਉੁਸਦੀ ਹਾਲਤ ਵਿਗੜ ਗਈ। ਉਸਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਛੇ ਦਿਨ ਦਾਖਲ ਰਹੀ। ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਖਿਡਾਰਣ ਦਾ ਪਤਾ ਲੈਣ ਲਈ ਉਹ ਹਸਪਤਾਲ ਪੁੱਜਾ ਤਾਂ ਅੰਜਲੀ ਕੌਰ ਨੇ ਕਿਹਾ ਕਿ ਉਸਦੀ ਟੀਮ ਵਾਲੀ ਜਰਸੀ ਲਿਆ ਕੇ ਉਸਨੂੰ ਪਹਿਣਾਈ ਜਾਵੇ ਅਤੇ ਖੇਡ ਗਰਾਊਂਡ ਦੀ ਮਿੱਟੀ ਉਸਨੂੰ ਲਿਆ ਕੇ ਦਿੱਤੀ ਜਾਵੇ। ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਉਹ ਮਾਨਸਾ ਜ਼ਿਲੇ ਦੇ ਪਿੰਡ ਜੋਗਾ ਵਿਚ ਗਿਆ ਜਿੱਥੋਂ ਖੇਡਣ ਸਮੇਂ ਪਾਈ ਜਾਣ ਵਾਲੀ ਜਰਸੀ ਤੇ ਗਰਾਊਂਡ ਦੀ ਮਿੱਟੀ ਲੈ ਕੇ ਹਸਪਤਾਲ ਪੁੱਜਾ। ਉਨਾਂ ਪਹਿਲਾਂ ਅੰਜਲੀ ਨੂੰ ਜਰਸੀ ਪਹਿਣਾਈ ਤੇ ਖੇਡ ਗਰਾਊਂਡ ਦੀ ਮਿੱਟੀ ਉਸਦੇ ਹੱਥਾਂ ਵਿਚ ਦਿੱਤੀ, ਜਿਸ ਤੋਂ ਬਾਅਦ ਉਹ ਖੁਸ਼ ਹੋਈ। ਅੰਜਲੀ ਨੇ ਖੇਡ ਗਰਾਊਂਡ ਦੀ ਮਿੱਟੀ ਨੂੰ ਚੁੰਮਿਆਂ ਤੇ ਆਪਣੇ ਮੱਥੇ ਨਾਲ ਲਾਇਆ ਤੇ ਆਪਣੇ ਪ੍ਰਾਣ ਤਿਆਗ ਦਿੱਤੇ। ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਅੰਜਲੀ ਫੁੱਟਬਾਲ ਖੇਡ ਨੂੰ ਆਪਣੀ ਜਾਨ ਤੋਂ ਵੀ ਵਧ ਪਿਆਰ ਕਰਦੀ ਸੀ। ਉਹ ਮੁੜ ਗਰਾਊਂਡ ਵਿਚ ਜਾਣਾ ਚਾਹੁੰਦੀ ਸੀ ਪਰ ਪ੍ਰਮਾਤਮਾਂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।

ਗਰੀਬ ਪਰਿਵਾਰ ਨਾਲ ਸਬੰਧਿਤ ਸੀ ਅੰਜਲੀ

ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਅੰਜਲੀ ਦੇ ਪਿਤਾ ਦੇ ਰਾਜਿੰਦਰ ਸਿੰਘ ਕੋਲ ਸਿਰਫ਼ ਪੌਣਾ ਏਕੜ ਜਮੀਨ ਹੈ। ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 21 ਜੁਲਾਈ ਨੂੰ ਖਾਂਸੀ ਤੇ ਜੁਕਾਮ ਦੀ ਸ਼ਿਕਾਇਤ ਤੋਂ ਬਾਅਦ ਅੰਜਲੀ ਨੇ ਘਰ ਵਿਚ ਪਈ ਕੋਈ ਗਲਤ ਦਵਾਈ ਪੀ ਲਈ ਜਿਸ ਤੋਂ ਬਾਅਦ ਉਸਦੀ ਸਿਹਤ ਵਿਗੜ ਗਈ। ਉਸਨੂੰ 24 ਜੁਲਾਈ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਸੀ। ਉਸਨੇ ਅੱਜ ਫੁੱਟਬਾਲ ਟੀਮ ਦੀ ਖੇਡ ਵਾਲੀ ਜਰਸੀ ਪਾਈ ਤੇ ਮਿੱਟੀ ਨੂੰ ਚੁੰਮ ਕੇ ਮੱਥੇ ਨਾਲ ਲਾਇਆ ਤੇ ਪ੍ਰਾਣ ਤਿਆਗ ਦਿੱਤੇ। ਕੋਚ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਅਜਿਹੇ ਖਿਡਾਰੀ ਬਹੁਤ ਥੋੜੇ ਹੁੰਦੇ ਹਨ ਜਿਹੜੇ ਆਪਣੀ ਖੇਡ ਨੂੰ ਐਨਾ ਪਿਆਰ ਕਰਦੇ ਹੋਣ। ਉਸਦਾ ਕਹਿਣਾ ਸੀ ਕਿ ਅੰਜਲੀ ਵਿਚ ਅੱਗੇ ਵਧਣ ਦੀ ਬਹੁਤ ਸੰਭਾਵਨਾਂ ਸਨ, ਪਰ ਅੱਜ ਸਾਡੇ ਕੋੋਲ ਇਕ ਹੀਰਾ ਖਿਡਾਰੀ ਵਿਛੜ ਗਿਆ ਹੈ।

Posted By: Jagjit Singh