ਮੈਕਸੀਕੋ ਸਿਟੀ (ਏਐੱਫਪੀ) : ਮੈਕਸੀਕੋ ਦੇ ਚੋਟੀ ਦੇ ਫੁੱਟਬਾਲ ਕਲੱਬ ਸਾਂਤੋਸ ਲਾਗੁਨਾ ਦੇ ਅੱਠ ਖਿਡਾਰੀ ਕੋਰੋਨਾ ਟੈਸਟ 'ਚ ਪਾਜ਼ੇਟਿਵ ਪਾਏ ਗਏ ਜਿਸ ਕਾਰਨ ਦੋ ਮਹੀਨੇ ਦੀ ਦੇਰੀ ਤੋਂ ਬਾਅਦ ਲੀਗ ਦੀ ਬਹਾਲੀ ਅੱਧ-ਵਿਚਾਲੇ ਲਟਕ ਗਈ ਹੈ। ਮੈਕਸੀਕੋ ਲੀਗ ਦਿ ਲੀਗਾ ਐੱਮਐੱਕਸ ਦੀ ਬਹਾਲੀ 'ਤੇ ਫ਼ੈਸਲਾ ਇਸ ਹਫ਼ਤੇ ਦੇ ਅਖੀਰ 'ਚ ਆਉਣਾ ਸੀ। ਇਸ ਦੇ ਮੱਦੇਨਜ਼ਰ ਕੋਰੋਨਾ ਜਾਂਚ ਕੀਤੀ ਗਈ ਸੀ। ਕੁੱਲ 48 ਖਿਡਾਰੀਆਂ ਤੇ ਕੋਚਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ 'ਚੋਂ 22 ਦੇ ਹੀ ਨਤੀਜੇ ਆਏ ਹਨ।

ਸੀਰੀ-ਏ ਦਾ ਨਵਾਂ ਸੈਸ਼ਨ ਇਕ ਸਤੰਬਰ ਤੋਂ ਹੋਵੇਗਾ ਸ਼ੁਰੂ

ਰੋਮ (ਆਈਏਐੱਨਐੱਸ) : ਇਟਲੀ ਫੁੱਟਬਾਲ ਮਹਾਸੰਘ (ਐੱਫਆਈਜੀਸੀ) ਨੇ ਕਿਹਾ ਹੈ ਕਿ ਸੀਰੀ-ਏ ਲੀਗ ਦਾ ਮੌਜੂਦਾ ਸੈਸ਼ਨ ਨੂੰ 20 ਅਗਸਤ ਤਕ ਸਮਾਪਤ ਕਰ ਲਿਆ ਜਾਵੇਗਾ ਤੇ ਫਿਰ 2021-21 ਦਾ ਨਵਾਂ ਸੈਸ਼ਨ ਸ਼ੁਰੂ ਕੀਤਾ ਜਾਵੇਗਾ। ਐੱਫਆਈਜੀਸੀ ਪਹਿਲਾਂ ਹੀ ਸੀਰੀ-ਏ ਸਮੇਤ ਆਪਣੇ ਸਾਰੇ ਮੁਕਾਬਲਿਆਂ ਨੂੰ 14 ਜੂਨ ਤਕ ਰੱਦ ਕਰ ਚੁੱਕਾ ਹੈ। ਅਜਿਹਾ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਨੂੰ ਦੇਖਦੇ ਹੋਏ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਅਜਿਹਾ ਮੰਨਿਆ ਜਾ ਰਿਹਾ ਸੀ ਲੀਗ 13 ਜੂਨ ਤੋਂ ਸ਼ੁਰੂ ਹੋ ਸਕਦੀ ਹੈ ਤੇ ਇਸ ਲਈ ਕਲੱਬਾਂ ਨੇ ਪਿਛਲੇ ਹਫ਼ਤੇ ਇਸ ਦੇ ਪੱਖ 'ਚ ਵੋਟ ਵੀ ਦਿੱਤਾ ਸੀ। ਹਾਲਾਂਕਿ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ 15 ਜੂਨ ਤਕ ਲੀਗ ਸ਼ੁਰੂ ਨਹੀਂ ਹੋਵੇਗੀ।

ਐੱਫਆਈਜੀਸੀ ਦੇ ਪ੍ਰਧਾਨ ਗੇਬਿ੍ਅਲ ਗ੍ਰੇਵਿਨਾ ਨੇ ਵੱਖ-ਵੱਖ ਧਿਰਾਂ ਨਾਲ ਬੈਠਕ ਤੋਂ ਬਾਅਦ ਲੀਗ ਨੂੰ 20 ਅਗਸਤ ਤਕ ਸਮਾਪਤ ਕਰਨ ਦਾ ਫ਼ੈਸਲਾ ਕੀਤਾ। ਐੱਫਆਈਜੀਸੀ ਨੇ ਕਿਹਾ ਕਿ ਅਸੀਂ 20 ਅਗਸਤ ਤਕ ਸੀਰੀ-ਏ, ਬੀ ਤੇ ਸੀ ਮੁਕਾਬਲਿਆਂ ਦੀ ਆਖ਼ਰੀ ਮਿਤੀ ਤੈਅ ਕਰ ਕੇ ਕੌਮੀ ਪੇਸ਼ੇਵਰ ਮੁਕਾਬਲਿਆਂ ਨੂੰ ਮੁੜ ਤੋਂ ਇਕ ਸਤੰਬਰ ਤੋਂ ਸ਼ੁਰੂ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਖਿਡਾਰੀਆਂ ਨੇ ਪਿਛਲੇ ਹਫਤੇ ਹੀ ਸਰੀਰਕ ਦੂਰੀ ਨੂੰ ਧਿਆਨ 'ਚ ਰੱਖ ਕੇ ਨਿੱਜੀ ਪੱਧਰ 'ਤੇ ਪ੍ਰਰੈਕਟਿਸ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਵਾਇਰਸ ਕਾਰਨ ਲੀਗ ਨੌਂ ਮਾਰਚ ਤੋਂ ਮੁਲਤਵੀ ਹੈ।

ਕੋਵਿਡ-19 ਨੇ ਯੋਜਨਾਵਾਂ 'ਤੇ ਫੇਰਿਆ ਪਾਣੀ : ਸਟਿਮਕ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਉਨ੍ਹਾਂ ਦੀਆਂ ਯੋਜਨਾਵਾਂ 'ਤੇ ਪਾਣੀ ਫਿਰ ਗਿਆ ਹੈ ਪਰ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਖਿਡਾਰੀ ਲਗਨ ਨਾਲ ਆਪਣੀ ਟ੍ਰੇਨਿੰਗ 'ਚ ਲੱਗੇ ਹਨ। ਟੀਮ ਦਾ ਮੌਜੂਦਾ ਏਸ਼ੀਆਈ ਚੈਂਪੀਅਨ ਕਤਰ ਖ਼ਿਲਾਫ਼ ਫੀਫਾ ਵਿਸ਼ਵ ਕੱਪ ਕਤਰ 2022 ਕੁਆਲੀਫਾਈ ਪਹਿਲਾਂ ਹੀ ਮੁਲਤਵੀ ਹੋ ਚੁੱਕਾ ਹੈ ਤੇ ਟੀਮ ਦੇ ਦੋਸਤਾਨਾ ਮੈਚਾਂ 'ਤੇ ਵੀ ਪਾਣੀ ਫਿਰ ਗਿਆ ਹੈ। ਸਟਿਮਕ ਨੇ ਕਿਹਾ ਕਿ ਇਸ ਮਹਾਮਾਰੀ ਨੇ ਸਾਡੀਆਂ ਯੋਜਨਾਵਾਂ 'ਤੇ ਪਾਣੀ ਫੇਰ ਦਿੱਤਾ ਹੈ। ਅਸੀਂ ਟ੍ਰੇਨਿੰਗ ਕੈਂਪ ਲਈ ਅਪ੍ਰਰੈਲ ਤੇ ਮਈ 'ਚ ਤੁਰਕੀ ਜਾਣਾ ਸੀ ਤੇ ਉੱਥੇ 10 ਦੋਸਤਾਨਾ ਮੈਚ ਖੇਡਣੇ ਸਨ ਪਰ ਹੁਣ ਅਸੀਂ ਇਸ ਸਮੇਂ ਦੀ ਵਰਤੋਂ ਖਿਡਾਰੀਆਂ ਦੇ ਗਿਆਨ 'ਚ ਸੁਧਾਰ ਕਰਨ 'ਚ ਕਰ ਰਹੇ ਹਾਂ। ਮੈਨੂੰ ਖ਼ੁਸ਼ੀ ਹੈ ਕਿ ਖਿਡਾਰੀ ਆਪਣੇ ਨਿੱਜੀ ਟ੍ਰੇਨਿੰਗ ਪ੍ਰਰੋਗਰਾਮ ਦੀ ਪਾਲਣਾ ਕਰ ਰਹੇ ਹਨ ਤੇ ਟੀਮ ਗਰੁੱਪ 'ਚ ਰੋਜ਼ਾਨਾ ਗੱਲਬਾਤ ਕਰ ਰਹੇ ਹਨ।