ਬਾਰਸੀਲੋਨਾ : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ 'ਚ ਸਟਾਰ ਸਟ੍ਰਾਈਕਰ ਲੁਇਸ ਸੁਆਰੇਜ (85ਵੇਂ ਮਿੰਟ ਤੇ ਲਿਓਨ ਮੈਸੀ (86ਵੇਂ ਮਿੰਟ) ਨੇ ਦੋ ਮਿੰਟ ਅੰਦਰ ਦੋ ਗੋਲ ਕਰ ਕੇ ਬਾਰਸੀਲੋਨਾ ਨੂੰ 10 ਖਿਡਾਰੀਆਂ ਨਾਲ ਖੇਡ ਰਹੀ ਏਟਲੇਟਿਕੋ ਮੈਡਰਿਡ 'ਤੇ 2-0 ਨਾਲ ਜਿੱਤ ਦਿਵਾਈ। ਇਸ ਜਿੱਤ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ ਬਾਰਸੀਲੋਨਾ (73 ਅੰਕ) ਨੇ ਏਟਲੇਟਿਕੋ (62 ਅੰਕ) 'ਤੇ 11 ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਤੇ ਖ਼ਿਤਾਬ ਵੱਲ ਮਜ਼ਬੂਤ ਕਦਮ ਵਧਾਏ।

ਫਾਈਨਲ 'ਚ ਪੁੱਜੀ ਸਿਟੀ

ਨਵੀਂ ਦਿੱਲੀ : ਮਾਨਚੈਸਟਰ ਸਿਟੀ ਨੇ ਲੰਡਨ ਦੇ ਵੇਂਬਲੇ ਸਟੇਡੀਅਮ ਵਿਚ ਖੇਡੇ ਗਏ ਐੱਫਏ ਕੱਪ ਦੇ ਸੈਮੀਫਾਈਨਲ ਵਿਚ ਬਿ੍ਜਟਨ ਨੂੰ 1-0 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਤੇ ਖ਼ਿਤਾਬੀ ਚੌਕੜੀ ਨੂੰ ਪੂਰਾ ਕਰਨ ਵੱਲੋਂ ਆਪਣੇ ਕਦਮ ਵਧਾਏ। ਮੁਕਾਬਲੇ ਦਾ ਇਕਲੌਤਾ ਗੋਲ ਗੈਬਰੀਅਲ ਜੀਜਸ ਨੇ ਚੌਥੇ ਮਿੰਟ ਵਿਚ ਕੀਤਾ। ਜੀਜਸ ਨੇ ਕੇਵਿਨ ਡੀ ਬਰੂਨ ਦੇ ਕ੍ਰਾਸ 'ਤੇ ਇਹ ਗੋਲ ਕੀਤਾ।

ਰੂਨੀ ਨੂੰ ਮਿਲਿਆ ਪਹਿਲਾ ਰੈੱਡ ਕਾਰਡ

ਵਾਸ਼ਿੰਗਟਨ : ਅਮਰੀਕਾ ਦੀ ਮੇਜਰ ਸਾਕਰ ਲੀਗ (ਐੱਮਐੱਲਐੱਸ) ਵਿਚ ਵੇਨ ਰੂਨੀ ਨੂੰ ਪਹਿਲੀ ਵਾਰ ਰੈੱਡ ਕਾਰਡ ਦਾ ਸਾਹਮਣਾ ਕਰਨਾ ਪਿਆ। ਡੀਸੀ ਯੂਨਾਈਟਿਡ ਦੇ ਸਟ੍ਰਾਈਕਰ ਰੂਨੀ ਨੂੰ ਲਾਸ ਏਂਜਲਸ ਦੇ ਡਿਏਗੋ ਰੋਸੀ ਨਾਲ ਭਿੜਨ ਕਾਰਨ ਰੈੱਡ ਕਾਰਡ ਦਿਖਾਇਆ ਗਿਆ। ਰੂਨੀ ਨੂੰ ਗ਼ਲਤੀ ਲਈ ਯੈਲੋ ਕਾਰਡ ਦਿਖਾਇਆ ਗਿਆ ਪਰ ਬਾਅਦ ਵਿਚ ਵੀਡੀਓ ਅਸਿਸਟੈਂਟ ਰੈਫਰੀ ਦੀ ਮਦਦ ਨਾਲ ਫ਼ੈਸਲਾ ਬਦਲ ਕੇ ਰੈੱਡ ਕਾਰਡ ਵਿਚ ਬਦਲ ਦਿੱਤਾ ਗਿਆ।