ਗੁਈਮਾਰੇਸ : ਨੌਜਵਾਨ ਟੀਮ ਨੀਦਰਲੈਂਡ ਨੇ ਨੇਸ਼ਨਸ ਲੀਗ ਦੇ ਇਕ ਰੋਮਾਂਚਕ ਸੈਮੀਫਾਈਨਲ ਮੁਕਾਬਲੇ ਵਿਚ ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਇੰਗਲੈਂਡ ਨੂੰ 3-1 ਨਾਲ ਮਾਤ ਦਿੱਤੀ। ਤੈਅ ਸਮੇਂ ਵਿਚ ਸਕੋਰ 1-1 ਨਾਲ ਬਰਾਬਰੀ ਸੀ ਪਰ ਨੀਦਰਲੈਂਡ ਨੇ ਵਾਧੂ ਸਮੇਂ ਵਿਚ ਬਾਜ਼ੀ ਮਾਰੀ। ਫਾਈਨਲ ਵਿਚ ਨੀਦਰਲੈਂਡ ਦਾ ਮੁਕਾਬਲਾ ਹੁਣ ਮੇਜ਼ਬਾਨ ਪੁਰਤਗਾਲ ਨਾਲ ਹੋਵੇਗਾ। ਜਿਸ ਨੇ ਕ੍ਰਿਸਟੀਆਨੋ ਰੋਨਾਲਡੋ ਦੀ ਹੈਟਿ੍ਕ ਦੇ ਦਮ 'ਤੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ।

ਅਸੀਂ ਫਾਈਨਲ 'ਚ ਵੀ ਚੰਗਾ ਪ੍ਰਦਰਸ਼ਨ ਕਰਾਂਗੇ : ਰੋਨਾਲਡ

ਗੁਈਮਾਰੇਸ : ਨੀਦਰਲੈਂਡ ਦੇ ਕੋਚ ਰੋਨਾਲਡ ਕੋਮੈਨ ਨੇ ਫਾਈਨਲ 'ਚ ਪੁਰਤਗਾਲ ਨਾਲ ਹੋਣ ਵਾਲੀ ਟੱਕਰ ਸਬੰਧੀ ਕਿਹਾ ਕਿ ਅਸੀਂ ਜਰਮਨੀ, ਫਰਾਂਸ ਨੂੰ ਹਰਾਇਆ ਹੈ ਤੇ ਹੁਣ ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਇੰਗਲੈਂਡ ਨੂੰ ਮਾਤ ਦਿੱਤੀ। ਅਸੀਂ ਸੈਮੀਫਾਈਨਲ ਤੇ ਫਾਈਨਲ ਨਹੀਂ ਖੇਡਿਆ ਸੀ ਪਰ ਇਸ ਵਾਰ ਸਾਡੇ ਲਈ ਇਹ ਨਵਾਂ ਹੈ। ਅਸੀਂ ਫਾਈਨਲ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।

ਇਸ ਹਾਰ ਨੇ ਸਾਨੂੰ ਬਹੁਤ ਕੁਝ ਸਿਖਾਇਆ : ਗੇਰੇਥ ਸਾਊਥਗੇਟ

ਗੁਈਮਾਰੇਸ : ਨੀਦਰਲੈਂਡ ਹੱਥੋਂ ਸੈਮੀਫਾਈਨਲ ਵਿਚ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਦੇ ਕੋਚ ਗੇਰੇਥ ਸਾਊਥਗੇਟ ਨੇ ਕਿਹਾ ਕਿ ਅਸੀਂ ਮੈਚ ਦੌਰਾਨ ਕਈ ਗ਼ਲਤੀਆਂ ਕੀਤੀਆਂ। ਇਹ ਹਾਰ ਸਾਡੇ ਸਾਰਿਆਂ ਲਈ ਦਰਦਨਾਕ ਹੈ। ਅਸੀਂ ਇਸ ਹਾਰ ਨਾਲ ਬਹੁਤ ਕੁਝ ਸਿੱਖਿਆ ਹੈ। ਦੁੱਖ ਹੈ ਕਿ ਅਸੀਂ ਸੈਮੀਫਾਈਨਲ ਵਿਚ ਮੁੜ ਹਾਰ ਗਏ।