ਲੰਡਨ : ਯੂਏਫਾ ਯੂਰੋਪਾ ਲੀਗ ਦੇ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿਚ ਆਰਸੇਨਲ ਫੁੱਟਬਾਲ ਕਲੱਬ ਨੇ ਨਾਪੋਲੀ ਨੂੰ 2-0 ਨਾਲ ਹਰਾ ਦਿੱਤਾ। ਹਾਲਾਂਕਿ ਇਸ ਜਿੱਤ ਦੇ ਬਾਵਜੂਦ ਆਰਸੇਨਲ ਦੇ ਮੈਨੇਜਰ ਉਨਾਈ ਈਮੇਰੀ ਨੇ ਦੂਜੇ ਗੇੜ ਵਿਚ ਨਾਪੋਲੀ ਤੋਂ ਸਖ਼ਤ ਚੁਣੌਤੀ ਮਿਲਣ ਲਈ ਆਪਣੀ ਟੀਮ ਨੂੰ ਤਿਆਰ ਰਹਿਣ ਲਈ ਕਿਹਾ ਹੈ। ਅਮੀਰਾਤ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਦੇ ਪਹਿਲੇ ਅੱਧ ਵਿਚ ਆਪਣੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਆਰਸੇਨਲ ਨੇ ਮੁਕਾਬਲੇ 'ਤੇ ਕਬਜ਼ਾ ਕੀਤਾ। ਖੇਡ ਦੇ 14ਵੇਂ ਮਿੰਟ ਵਿਚ ਹੀ ਆਰੋਨ ਰਾਮਸੀ ਨੇ ਗੋਲ ਕਰ ਕੇ ਆਰਸੇਨਲ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਇਸ ਤੋਂ ਬਾਅਦ 25ਵੇਂ ਮਿੰਟ ਵਿਚ ਆਰਸੇਨਲ ਦੇ ਲੁਕਾਸ ਟੋਰੇਰਾ ਦੀ ਕਿੱਕ ਨਾਪੋਲੀ ਦੇ ਡਿਫੈਂਡਰ ਕੇਲੀਡੋਊ ਕਾਲੀਬੇਲੀ ਨਾਲ ਲੱਗ ਕੇ ਉਨ੍ਹਾਂ ਦੇ ਹੀ ਗੋਲ ਵਿਚ ਚਲੀ ਗਈ। ਇਸ ਆਤਮਘਾਤੀ ਗੋਲ ਕਾਰਨ ਆਰਸੇਨਲ ਨੇ 2-0 ਦੀ ਬੜ੍ਹਤ ਹਾਸਲ ਕਰ ਲਈ। ਦੂਜੇ ਅੱਧ ਵਿਚ ਆਰਸੇਨਲ ਕੋਈ ਗੋਲ ਨਹੀਂ ਕਰ ਸਕਿਆ ਪਰ 18 ਅਪ੍ਰਰੈਲ ਨੂੰ ਹੋਣ ਵਾਲੇ ਦੂਜੇ ਗੇੜ ਦੇ ਮੁਕਾਬਲੇ ਲਈ ਉਸ ਨੇ ਆਪਣੀ ਸਥਿਤੀ ਕਾਫੀ ਮਜ਼ਬੂਤ ਕਰ ਲਈ ਹੈ। ਜਿੱਤ ਤੋਂ ਬਾਅਦ ਈਮੇਰੀ ਨੇ ਕਿਹਾ ਕਿ ਪਹਿਲੇ ਗੇੜ ਵਿਚ ਚੰਗੇ ਨਤੀਜੇ ਦੀ ਬਹੁਤ ਲੋੜ ਸੀ। ਅਸੀਂ ਜਿੱਤ ਦੇ ਹੱਕਦਾਰ ਸੀ ਪਰ ਦੂਜੇ ਗੇੜ ਵਿਚ ਮੁਕਾਬਲਾ ਸੌਖਾ ਨਹੀਂ ਹੋਵੇਗਾ।

ਅਲੋਂਸੋ ਦੇ ਗੋਲ ਨਾਲ ਜਿੱਤਿਆ ਚੇਲਸੀ

ਪ੍ਰਰਾਗ : ਮਾਰਕਸ ਅਲੋਂਸੋ ਨੇ ਤੈਅ ਸਮੇਂ ਤੋਂ ਚਾਰ ਮਿੰਟ ਪਹਿਲਾਂ ਗੋਲ ਕਰ ਕੇ ਯੂਰੋਪਾ ਲੀਗ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿਚ ਸਲਾਵੀਆ ਪ੍ਰਰਾਗ 'ਤੇ ਚੇਲਸੀ ਨੂੰ 1-0 ਦੀ ਜਿੱਤ ਦਿਵਾਈ। ਸਪੈਨਿਸ਼ ਲੈਫਟ ਬੈਕ ਅਲੋਂਸੋ ਨੇ ਬ੍ਰਾਜ਼ੀਲ ਦੇ ਸਟ੍ਰਾਈਕਰ ਵਿਲੀਅਨ ਦੇ ਕ੍ਰਾਸ 'ਤੇ ਗੋਲ ਕਰ ਕੇ ਆਪਣੀ ਟੀਮ ਨੂੰ ਜੇਤੂ ਬਣਾਇਆ। ਇਸ ਤੋਂ ਪਹਿਲਾਂ ਖੇਡ ਦੇ 25ਵੇਂ ਮਿੰਟ ਵਿਲੀਅਨ ਖ਼ੁਦ ਗੋਲ ਕਰਨ ਦੇ ਬਹੁਤ ਨੇੜੇ ਆ ਗਏ ਸਨ ਪਰ ਉਨ੍ਹਾਂ ਦੀ ਕੋਸ਼ਿਸ਼ ਗੋਲ ਪੋਸਟ ਨਾਲ ਟਕਰਾ ਕੇ ਬਾਹਰ ਨਿਕਲ ਗਈ। ਇਸ ਮੁਕਾਬਲੇ ਲਈ ਚੇਲਸੀ ਦੇ ਮੈਨੇਜਰ ਮਾਰਜੀਓ ਸਾਰੀ ਨੇ ਆਪਣੀ ਟੀਮ ਵਿਚ ਸੱਤ ਤਬਦੀਲੀਆਂ ਕੀਤੀਆਂ ਸਨ। ਇਨ੍ਹਾਂ ਵਿਚ ਟੀਮ ਦੇ ਸਟਾਰ ਸਟ੍ਰਾਈਕਰ ਈਡਨ ਹੈਜ਼ਾਰਡ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਬੈਂਚ 'ਤੇ ਬਿਠਾਇਆ ਗਿਆ। ਹੈਜ਼ਾਰਡ ਦੇ ਸਪੈਨਿਸ਼ ਫੁੱਟਬਾਲ ਕਲੱਬ ਰੀਅਲ ਮੈਡਰਿਡ 'ਚ ਜਾਣ ਦੀ ਗੱਲ ਚੱਲ ਰਹੀ ਹੈ। ਓਧਰ ਚੇਲਸੀ ਨੇ ਆਪਣੇ ਤਿੰਨ ਪ੍ਰਸ਼ੰਸਕਾਂ ਨੂੰ ਨਸਲੀ ਵਤੀਰੇ ਕਾਰਨ ਇਸ ਮੁਕਾਬਲੇ ਨੂੰ ਦੇਖਣ ਲਈ ਸਟੇਡੀਅਮ ਵਿਚ ਆਉਣ ਤੋਂ ਰੋਕ ਦਿੱਤਾ।

ਖ਼ਿਤਾਬ 'ਤੇ ਕਬਜ਼ਾ ਕਰਨ 'ਤੇ ਜੁਵੈਂਟਸ ਦੀਆਂ ਨਜ਼ਰਾਂ

ਮਿਲਾਨ : ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦਾ ਇਟਾਲੀਅਨ ਕਲੱਬ ਜੁਵੈਂਟਸ ਸ਼ਨਿਚਰਵਾਰ ਨੂੰ ਐੱਸਪੀਏਐੱਲ ਨਾਲ ਸੀਰੀ-ਏ 'ਚ ਭਿੜਨ ਜਾ ਰਿਹਾ ਹੈ ਜਿੱਥੇ ਉਸ ਦੀਆਂ ਨਜ਼ਰਾਂ ਖ਼ਿਤਾਬ 'ਤੇ ਕਬਜ਼ਾ ਕਰਨ 'ਤੇ ਹੋਣਗੀਆਂ। ਜੁਵੈਂਟਸ ਨੂੰ ਲਗਾਤਾਰ ਅੱਠਵੀਂ ਵਾਰ ਸੀਰੀ-ਏ ਦੇ ਖ਼ਿਤਾਬ 'ਤੇ ਕਬਜ਼ਾ ਕਰਨ ਲਈ ਸਿਰਫ਼ ਇਕ ਅੰਕ ਦੀ ਲੋੜ ਹੈ। ਚੈਂਪੀਅਨਜ਼ ਲੀਗ ਦੇ ਪਹਿਲੇ ਗੇੜ ਦੇ ਕੁਆਰਟਰ ਫਾਈਨਲ ਵਿਚ ਅਜਾਕਸ ਖ਼ਿਲਾਫ਼ 1-1 ਨਾਲ ਡਰਾਅ ਰਹੇ ਮੁਕਾਬਲੇ ਵਿਚ ਰੋਨਾਲਡੋ ਨੇ ਸੱਟ ਤੋਂ ਬਾਅਦ ਵਾਪਸੀ ਕੀਤੀ ਤੇ ਇਕ ਬਹੁਤ ਅਹਿਮ ਗੋਲ ਕੀਤਾ। ਹੁਣ ਰੋਨਾਲਡੋ ਆਪਣੀ ਮੌਜੂਦਗੀ ਵਿਚ ਜੁਵੈਂਟਸ ਨੂੰ ਪਹਿਲੀ ਵਾਰ ਇਟਾਲੀਅਨ ਚੈਂਪੀਅਨ ਬਣਾ ਸਕਦੇ ਹਨ। ਪੰਜ ਵਾਰ ਦੇ ਬੈਲੇਨ ਡੀਓਰ ਜੇਤੂ ਰੋਨਾਲਡੋ ਲਈ ਚਾਰ ਵੱਖ-ਵੱਖ ਦੇਸ਼ਾਂ ਵਿਚ ਕੁੱਲ 28ਵਾਂ ਖ਼ਿਤਾਬ ਹੋਵੇਗਾ।

ਚੰਗੇ ਕੋਚ ਤਿਆਰ ਕਰਨ ਦੀ ਪਹਿਲ

ਮੁੰਬਈ : ਨਵੇਂ ਕੋਚ ਤੇ ਰੈਫਰੀਆਂ ਨੂੰ ਤਿਆਰ ਕਰਨ ਲਈ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਤੇ ਬਰਤਾਨਵੀ ਕੌਂਸਲ ਨਾਲ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਲਈ ਨਵੀਂ ਮੁੰਬਈ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਮੌਕੇ 'ਤੇ ਜੇਜ ਵੀਕਸ ਤੇ ਗ੍ਰਾਹਮ ਰਾਬਿਨਸਨ ਨੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਦਾ ਮਕਸਦ ਭਾਰਤ ਤੋਂ 17 ਕੋਚਾਂ ਤੇ 30 ਰੈਫਰੀਆਂ ਨੂੰ ਜਾਣਕਾਰੀ ਦੇਣਾ ਸੀ ਤਾਂਕਿ ਉਹ ਆਪਣੇ ਖੇਤਰ ਵਿਚ ਖੁਦ ਦਾ ਟ੍ਰੇਨਿੰਗ ਕੋਰਸ ਸ਼ੁਰੂ ਕਰ ਸਕਣ।