ਲੰਡਨ (ਏਐੱਫਪੀ) : ਸਾਊਥੈਂਪਟਨ ਨੇ ਕਾਰਡਿਫ ਸਿਟੀ ਵਿਚ ਆਪਣੇ ਮੈਚ ਦੌਰਾਨ ਹਵਾਈ ਜਹਾਜ਼ ਵਰਗਾ ਇਸ਼ਾਰਾ ਕਰ ਕੇ ਏਮੀਲੀਆਨੋ ਸੇਲਾ ਦੀ ਮੌਤ ਦਾ ਮਜ਼ਾਕ ਉਡਾਉਣ ਵਾਲੇ ਸਮਰਥਕਾਂ 'ਤੇ ਪਾਬੰਦੀ ਲਾਉਣ ਦਾ ਵਾਅਦਾ ਕੀਤਾ ਹੈ। ਅਜਨਟੀਨਾ ਦੇ ਸਟਰਾਈਕਰ ਸੇਲਾ ਦੇ ਸਰੀਰ ਦੀ ਰਸਮੀ ਤੌਰ 'ਤੇ ਵੀਰਵਾਰ ਨੂੰ ਪਛਾਣ ਹੋਣ ਤੋਂ ਬਾਅਦ ਇੰਗਲਿਸ਼ ਪ੍ਰੀਮੀਰ ਲੀਗ (ਈਪੀਐੱਲ) ਵਿਚ ਸ਼ਨਿਚਰਵਾਰ ਨੂੰ ਕਾਰਡਿਫ ਸਿਟੀ ਪਹਿਲੀ ਵਾਰ ਮੈਦਾਨ ਵਿਚ ਉਤਰਿਆ। ਸੋਸ਼ਲ ਮੀਡੀਆ 'ਤੇ ਸੇਂਟ ਮੈਰੀ ਸਟੇਡੀਅਮ ਵਿਚ ਖੇਡੇ ਗਏ ਉਸ ਮੁਕਾਬਲੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਘਰੇਲੂ ਟੀਮ ਦੇ ਖੇਮੇ ਵਿਚ ਬੈਠੇ ਦੋ ਲੋਕ ਹਵਾਈ ਜਹਾਜ਼ ਵਰਗਾ ਇਸ਼ਾਰਾ ਕਰਦੇ ਦਿਖਾਦੀ ਦੇ ਰਹੀ ਹਨ। ਕਲੱਬ ਨੇ ਕਿਹਾ ਕਿ ਸਾਊਥੈਂਪਟਨ ਫੁੱਟਬਾਲ ਕਲੱਬ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਦੋ ਪ੍ਸ਼ੰਸਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਤੇ ਸ਼ਨਿਚਰਵਾਰ ਨੂੰ ਕਾਰਡਿਫ ਸਿਟੀ ਖ਼ਿਲਾਫ਼ ਸਾਡੇ ਮੈਚ ਦੌਰਾਨ ਪੁਲਿਸ ਨੇ ਉਨ੍ਹਾਂ ਦਾ ਵੇਰਵਾ ਲਿਆ। ਕਾਰਡਿਫ ਸਮਰਥਕਾਂ ਦੇ ਲਈ ਇਤਰਾਜ਼ਯੋਗ ਇਸ਼ਾਰੇ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਲਈ ਕਲੱਬ ਹੈਂਪਸ਼ਾਇਰ ਪੁਲਿਸ ਨਾਲ ਕੰਮ ਕਰਨਾ ਜਾਰੀ ਰੱਖੇਗਾ। ਇਸ ਤਰ੍ਹਾਂ ਦੇ ਵਤੀਰੇ ਦੀ ਸਾਡੀ ਖੇਡ ਵਿਚ ਕੋਈ ਥਾਂ ਨਹੀਂ ਹੈ ਤੇ ਇਸ ਨੂੰ ਸੇਂਟ ਮੈਰੀ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਊਥੈਂਪਟਨ ਵੱਲੋਂ ਜਾਰੀ ਬਿਆਨ ਮੁਤਾਬਕ ਕਲੱਬ ਇਸ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ਼ ਬਹੁਤ ਸਖ਼ਤ ਰੁਖ਼ ਅਪਣਾਏਗਾ ਤੇ ਪਛਾਣੇ ਜਾਣ ਵਾਲੇ ਸਮਰਥਕਾਂ 'ਤੇ ਪਾਬੰਦੀ ਲਾਈ ਜਾਵੇਗੀ।


ਇਹ ਜਿੱਤ ਸੇਲਾ ਨੂੰ ਸਮਰਪਿਤ

ਕਾਰਡਿਫ ਸਿਟੀ ਦੇ ਕਪਤਾਨ ਸੋਲ ਬਾਂਬਾ ਨੇ ਸਾਊਥੈਂਪਟਨ ਖ਼ਿਲਾਫ਼ ਸ਼ਨਿਚਰਵਾਰ ਨੂੰ 2-1 ਦੀ ਜਿੱਤ ਤੇ ਆਪਣੇ ਗੋਲ ਨੂੰ ਏਮੀਲੀਆਨੋ ਸੇਲਾ ਨੂੰ ਸਮਰਪਿਤ ਕੀਤਾ। ਬਾਂਬਾ ਨੇ ਕਿਹਾ ਕਿ ਮੇਰੇ ਦਿਮਾਗ਼ ਵਿਚ ਕਈ ਚੀਜ਼ਾਂ ਚੱਲ ਰਹੀਆਂ ਸਨ। ਮੈਂ ਏਮੀਲੀਆਨੋ ਨੂੰ ਜਾਣਦਾ ਸੀ। ਮੈਨੂੰ ਪਤਾ ਸੀ ਕਿ ਉਹ ਉੱਪਰੋਂ ਦੇਖ ਰਿਹਾ ਹੈ। ਇਹ ਜਿੱਤ ਤੇ ਗੋਲ ਉਸ ਲਈ ਸੀ। ਜਦ ਸੇਲਾ ਆਪਣੇ ਨਵੇਂ ਕਲੱਬ ਕਾਰਡਿਫ ਸਿਟੀ ਨਾਲ ਜੁੜਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਦਾ ਜਹਾਜ਼ ਸਮੁੰਦਰ ਦੇ ਉੱਪਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਈਪੀਐੱਲ ਵਿਚ ਸ਼ਨਿਚਰਵਾਰ ਨੂੰ ਮੁਕਾਬਲੇ ਤੋਂ ਪਹਿਲਾਂ ਦੋਵਾਂ ਟੀਮਾਂ ਨੇ ਸੇਲਾ ਦੇ ਸਨਮਾਨ ਵਿਚ ਇਕ ਮਿੰਟ ਦਾ ਮੌਨ ਰੱਖਿਆ।