ਮਾਨਚੈਸਟਰ : ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) 'ਚ ਐਤਵਾਰ ਨੂੰ ਮੌਜੂਦ ਚੈਂਪੀਅਨ ਮਾਨਚੈਸਟਰ ਸਿਟੀ ਤੇ ਚੇਲਸੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਜਿੱਥੇ ਦੋਵੇਂ ਇੰਗਲਿਸ਼ ਫੁੱਟਬਾਲ ਕਲੱਬਾਂ ਦੇ ਮੈਨੇਜਰਾਂ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ। ਚੇਲਸੀ ਦੇ ਮੈਨੇਜਰ ਮਾਰੀਜੀਓ ਸਾਰੀ ਵੀ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਵਾਂਗ ਇੰਗਲੈਂਡ ਵਿਚ ਪਹਿਲੀ ਵਾਰ ਮੁਸ਼ਕਲ ਸੈਸ਼ਨ ਦਾ ਸਾਹਮਣਾ ਕਰ ਰਹੇ ਹਨ। ਸਿਟੀ ਤੇ ਚੇਲਸੀ ਵਿਚਾਲੇ ਅਜੇ ਅੰਕ ਸੂਚੀ ਵਿਚ 12 ਅੰਕਾਂ ਦਾ ਫ਼ਾਸਲਾ ਹੈ। ਹਾਲਾਂਕਿ ਸਾਰੀ ਦੀ ਟੀਮ ਨੇ ਪਿਛਲੇ ਸ਼ੁੱਕਰਵਾਰ ਨੂੰ ਹਡਰਸਫੀਲਡ ਨੂੰ ਹਰਾ ਕੇ ਚੋਟੀ ਦੀਆਂ ਚਾਰ ਟੀਮਾਂ ਵਿਚ ਆਪਣੀ ਵਾਪਸੀ ਦੀ ਸੰਭਾਵਨਾ ਨਾਲ ਅਗਲੀ ਚੈਂਪੀਅਨਜ਼ ਲੀਗ ਵਿਚ ਪੁੱਜਣ ਦੀ ਉਮੀਦ ਵਧਾਈ। ਉਥੇ ਸਿਟੀ ਨੇ ਆਰਸੇਨਲ ਤੇ ਏਵਰਟਨ ਨੂੰ ਹਰਾ ਕੇ ਆਪਣੀ ਖ਼ਿਤਾਬ ਜਿੱਤਣ ਦੀ ਉਮੀਦ ਨੂੰ ਜਿਊਂਦਾ ਰੱਖਿਆ। ਪਿਛਲੇ ਨਵੰਬਰ ਤਕ ਸਾਰੀ ਨੇ ਚੇਲਸੀ ਦੇ ਮੈਨੇਜਰ ਬਣਨ ਤੋਂ ਬਾਅਦ ਸ਼ੁਰੂਆਤੀ 18 ਮੁਕਾਬਲਿਆਂ ਵਿਚ ਹਾਰ ਦਾ ਸਵਾਦ ਨਹੀਂ ਲਿਆ ਸੀ। ਹਾਲਾਂਕਿ ਬਾਰਨੇਮਾਊਥ ਦੇ ਹੱਥੋਂ ਪਿਛਲੇ ਮਹੀਨੇ ਮਿਲੀ 4-0 ਦੀ ਮਾਤ ਤੋਂ ਬਾਅਦ ਸਾਰੀ ਦਾ ਵੱਕਾਰ ਦਾਅ 'ਤੇ ਲੱਗ ਗਿਆ ਸੀ।

ਮਾਰਸੇਲੀ ਦੀ ਜਿੱਤ ਵਿਚ ਬਾਲੋਟੇਲੀ ਦਾ ਯੋਗਦਾਨ

ਡਿਜੋਨ (ਏਪੀ) : ਫਰੈਂਚ ਫੁੱਟਬਾਲ ਲੀਗ -1 ਵਿਚ ਮਾਰੀਓ ਬਾਲੋਟੇਲੀ ਨੇ ਤੀਜੇ ਮੁਕਾਬਲੇ ਵਿਚ ਦੂਜੀ ਵਾਰ ਗੋਲ ਕੀਤਾ ਜਿਸ ਦੀ ਬਦੌਲਤ ਉਨ੍ਹਾਂ ਦੀ ਟੀਮ ਮਾਰਸੇਲੀ ਨੇ ਡਿਜੋਨ ਖ਼ਿਲਾਫ਼ 2-1 ਨਾਲ ਜਿੱਤ ਹਾਸਲ ਕੀਤੀ ਇਟਲੀ ਦੇ ਇਸ ਸਟ੍ਾਈਕਰ ਨੇ ਪਿਛਲੇ ਮਹੀਨੇ ਨਾਈਸ ਨੂੰ ਛੱਡ ਕੇ ਮਾਰਸੇਲੀ ਦਾ ਪੱਲਾ ਫੜਿਆ ਸੀ। ਬਾਲੋਟੇਲੀ ਨੇ ਖੇਡ ਦੇ 57ਵੇਂ ਮਿੰਟ ਵਿਚ ਗੋਲ ਕੀਤਾ। ਇਸ ਤੋਂ ਪਹਿਲਾਂ ਜੋਰਡਨ ਮਾਰੀ ਨੇ ਘਰੇਲੂ ਟੀਮ ਡਿਜੋਨ ਨੂੰ 18ਵੇਂ ਮਿੰਟ ਵਿਚ ਗੋਲ ਕਰ ਕੇ ਸ਼ੁਰੂਆਤੀ ਬੜ੍ਹਤ ਦਿਵਾਈ। ਬਾਲੋਟੇਲੀ ਦੇ ਗੋਲ ਤੋਂ ਬਾਅਦ ਲੁਕਾਸ ਓਕਾਮਪੋਸ ਨੇ 73ਵੇਂ ਮਿੰਟ ਵਿਚ ਗੋਲ ਕਰ ਕੇ ਮਾਰਸੇਲੀ ਨੂੰ 2-1 ਦੀ ਬੜ੍ਹਤ ਦਿਵਾਈ ਜੋ ਫ਼ੈਸਲਾਕੁਨ ਸਾਬਤ ਹੋਈ।

ਜੇਕੋ ਦੇ ਦਮ 'ਤੇ ਜਿੱਤਿਆ ਰੋਮਾ

ਰੋਮ (ਏਪੀ) : ਈਡਨ ਜੇਕੋ ਨੇ ਆਪਣੀ ਸ਼ਾਨਦਾਰ ਲੈਅ ਨੂੰ ਕਾਇਮ ਰੱਖਦੇ ਹੋਏ ਰੋਮਾ ਨੂੰ ਇਟਲੀ ਦੀ ਸੀਰੀ-ਏ ਲੀਗ ਵਿਚ ਚਿਵੋ 'ਤੇ 3-0 ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਬੋਸਨੀਆ ਤੇ ਹਰਜੋਗੋਵਿਨਾ ਦੇ ਇਸ ਸਟ੍ਾਈਕਰ ਨੇ ਇਕ ਗੋਲ ਕਰਨ ਤੋਂ ਇਲਾਵਾ ਇਕ ਗੋਲ ਦੇ ਮੌਕੇ ਨੂੰ ਵੀ ਤਿਆਰ ਕੀਤਾ। ਸਟੀਫਨ ਅਲ ਸ਼ਾਰਾਵੀ ਨੇ ਨੌਵੇਂ ਮਿੰਟ ਵਿਚ ਰੋਮਾ ਲਈ ਪਹਿਲਾ ਗੋਲ ਕੀਤਾ ਤੇ ਫਿਰ 18ਵੇਂ ਮਿੰਟ ਵਿਚ ਜੇਕੋ ਨੇ ਰੋਮਾ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਇਸ ਤੋਂ ਬਾਅਦ ਦੂਜੇ ਅੱਧ ਦੇ ਛੇਵੇਂ ਮਿੰਟ ਵਿਚ ਅਲੈਗਜ਼ੈਂਡਰ ਕੋਲਾਰੋਵ ਨੇ ਜੇਕੋ ਦੇ ਪਾਸ 'ਤੇ ਗੇਂਦ ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਰੋਮਾ ਨੂੰ 3-0 ਨਾਲ ਅੱਗੇ ਕਰ ਦਿੱਤਾ।

ਅਗਲੇ ਮਹੀਨੇ ਬੇਕਹਮ ਦੇ ਬੁੱਤ ਦੀ ਘੁੰਡ ਚੁਕਾਈ

ਲਾਸ ਏਂਜਲਸ (ਏਪੀ) : ਇੰਗਲੈਂਡ ਤੇ ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਦਿੱਗਜ ਫੁੱਟਬਾਲਰ ਡੇਵਿਡ ਬੇਕਮਹ ਦੇ ਬੁੱਤ ਦੀ ਘੁੰਡ ਚੁਕਾਈ ਅਗਲੇ ਮਹੀਨੇ ਲਾਸ ਏਂਜਲਸ ਗੈਲੇਕਸੀ ਆਪਣੇ ਘਰੇਲੂ ਮੈਦਾਨ 'ਤੇ ਕਰੇਗਾ। ਕਲੱਬ ਨੇ ਇਸ ਦੀ ਜਾਣਕਾਰੀ ਦਿੱਤੀ। 2013 ਵਿਚ ਸੰਨਿਆਸ ਲੈਣ ਵਾਲੇ ਮਹਾਨ ਮਿਡਫੀਲਡਰ ਬੇਕਹਮ ਰੀਅਲ ਮੈਡਰਿਡ, ਏਸੀ ਮਿਲਾਨ ਤੇ ਪੈਰਿਸ ਸੇਂਟ ਜਰਮਨ ਨਾਲ ਵੀ ਖੇਡ ਚੁੱਕੇ ਹਨ। ਉਨ੍ਹਾਂ ਨੂੰ ਦੋ ਮਾਰਚ ਨੂੰ ਅਮਰੀਕਾ ਦੀ ਮੇਜਰ ਸਾਕਰ ਲੀਗ ਵਿਚ ਸ਼ਿਕਾਗੋ ਖ਼ਿਲਾਫ਼ ਗੈਲੇਕਸੀ ਦੇ ਮੁਕਾਬਲੇ ਤੋਂ ਪਹਿਲਾਂ ਸਨਮਾਨਿਤ ਕੀਤਾ ਜਾਵੇਗਾ। ਬੇਕਹਮ 2007 ਤੋਂ 2012 ਤਕ ਗਲੈਕਸੀ ਨਾਲ ਖੇਡੇ ਜਿਸ ਨਾਲ ਇਸ ਕਲੱਬ ਨੂੰ ਚੰਗੀ ਹਰਮਨਪਿਆਰਤਾ ਮਿਲੀ।