ਮੈਡਰਿਡ : ਸਪੈਨਿਸ਼ ਫੁੱਟਬਾਲ ਕਲੱਬ ਵੇਲੇਂਸੀਆ ਨੇ ਇਕ ਵਾਰ ਮੁੜ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਕੋਪਾ ਡੇਲ ਰੇ ਦੇ ਸੈਮੀਫਾਈਨਲ ਵਿਚ ਰੀਅਲ ਬੇਟਿਸ ਨੂੰ 2-2 ਦੀ ਬਰਾਬਰੀ 'ਤੇ ਰੋਕ ਦਿੱਤਾ। ਬੇਨਿਟੋ ਵਿਲਾਮਾਰਿਨ ਵਿਚ ਖੇਡੇ ਗਏ ਆਖ਼ਰੀ ਚਾਰ ਦੇ ਪਹਿਲੇ ਗੇੜ ਵਿਚ ਵੇਲੇਂਸੀਆ ਦੇ ਕੇਵਿਨ ਗਾਮੇਰੀਆ ਨੇ ਇੰਜਰੀ ਟਾਈਮ ਵਿਚ ਗੋਲ ਕਰਕੇ ਆਪਣੀ ਟੀਮ ਨੂੰ ਹਾਰ ਤੋਂ ਬਚਾਇਆ। 2005 'ਚ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਖ਼ਰੀ-ਚਾਰ ਵਿਚ ਖੇਡ ਰਹੀ ਰੀਅਲ ਬੇਟਿਸ ਨੂੰ ਪਹਿਲੇ ਗੇੜ ਦੇ ਸੈਮੀਫਾਈਨਲ ਵਿਚ ਲਾਰੇਂਜੋ ਮੋਰੋਨ (45ਵੇਂ ਮਿੰਟ) ਨੇ ਗੋਲ ਕਰ ਕੇ ਸ਼ੁਰੂਆਤੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਸਪੇਨ ਦੇ 37 ਸਾਲਾ ਸਾਬਕਾ ਸਟ੍ਰਾਈਕਰ ਜੋਕਿਊਨ ਨੇ ਕਾਰਨਰ ਕਿੱਕ ਰਾਹੀਂ ਸਿੱਧਾ ਗੋਲ ਕਰ ਕੇ ਰੀਅਲ ਬੇਟਿਸ ਨੂੰ 2-0 ਦੀ ਬੜ੍ਹਤ ਦਿਵਾਈ। ਵੀਡੀਓ ਅਸਿਸਟੈਂਟ ਰੈਫਰੀ (ਵਾਰ) ਤਕਨੀਕ ਦੀ ਮਦਦ ਨਾਲ ਪਤਾ ਲੱਗਾ ਕਿ ਗੇਂਦ ਨੂੰ ਵੇਲੇਂਸੀਆ ਦੇ ਗੋਲਕੀਪਰ ਵੱਲੋਂ ਗੇਂਦ ਨੂੰ ਰੋਕਣ ਤੋਂ ਪਹਿਲਾਂ ਹੀ ਗੇਂਦ ਗੋਲ ਲਾਈਨ ਨੂੰ ਪਾਰ ਕਰ ਚੁੱਕੀ ਸੀ। ਦੋ ਗੋਲ ਨਾਲ ਪੱਛੜ ਰਹੀ ਵੇਲੇਂਸੀਆ ਨੂੰ ਡੇਨਿਸ ਚੇਰੀਸ਼ੇਵ ਨੇ ਤੈਅ ਸਮੇਂ ਤੋਂ 20 ਮਿੰਟ ਪਹਿਲਾਂ ਗੋਲ ਕਰ ਕੇ ਵਾਪਸੀ ਦਿਵਾਈ। ਵੇਲੇਂਸੀਆ ਨੇ ਕੁਆਰਟਰ ਫਾਈਨਲ ਵਿਚ ਇੰਜਰੀ ਟਾਈਮ ਵਿਚ ਗੋਲ ਕਰ ਕੇ ਗੇਟਾਫੇ ਨੂੰ ਬਾਹਰ ਦਾ ਰਾਹ ਦਿਖਾਇਆ ਸੀ ਤੇ ਇਸ ਮੁਕਾਬਲੇ ਵਿਚ ਵੀ ਉਸ ਨੇ ਕੁਝ ਅਜਿਹੀ ਹੀ ਵਾਪਸੀ ਕੀਤੀ। ਇੰਜਰੀ ਟਾਈਮ ਦੇ ਦੂਜੇ ਮਿੰਟ ਵਿਚ ਬਦਲਵੇਂ ਗਾਮੇਰੀਆ ਨੇ ਰਾਡਰਿਗਜ਼ ਦੇ ਕ੍ਰਾਸ 'ਤੇ ਗੋਲ ਕਰ ਕੇ ਵੇਲੇਂਸੀਆ ਨੂੰ ਬਰਾਬਰੀ ਦਿਵਾਈ। ਹੁਣ ਸੈਮੀਫਾਈਨਲ ਦੇ ਦੂਜੇ ਗੇੜ ਵਿਚ ਵੇਲੇਂਸੀਆ ਤੇ ਰੀਅਲ ਬੇਟਿਸ ਦੀਆਂ ਟੀਮਾਂ 28 ਫਰਵਰੀ ਨੂੰ ਮਾਸਤਾਲਾ ਨਾਲ ਭਿੜਨਗੀਆਂ। ਉਨ੍ਹਾਂ ਦੋਵਾਂ ਵਿਚੋਂ ਜੇਤੂ ਟੀਮ ਬਾਰਸੀਲੋਨਾ ਤੇ ਰੀਅਲ ਮੈਡਰਿਡ ਵਿਚਾਲੇ ਹੋਣ ਵਾਲੇ ਦੂਜੇ ਗੇੜ ਦੇ ਸੈਮੀਫਾਈਨਲ ਦੀ ਜੇਤੂ ਨਾਲ ਫਾਈਨਲ ਵਿਚ ਭਿੜੇਗੀ।