ਫੁੱਟਬਾਲ

-ਈਪੀਐੱਲ 'ਚ ਵੈਸਟਹਮ ਖ਼ਿਲਾਫ਼ 1-1 ਦੇ ਡਰਾਅ ਨਾਲ ਕਰਨਾ ਪਿਆ ਸਬਰ

-ਚੋਟੀ 'ਤੇ ਕਾਬਜ ਲਿਵਰਪੂਲ ਹੱਥੋਂ ਨਿਕਲਿਆ ਬੜ੍ਹਤ ਬਣਾਉਣ ਦਾ ਮੌਕਾ

ਲੰਡਨ : ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੀ ਅੰਕ ਸੂਚੀ ਵਿਚ ਲਿਵਰਪੂਲ ਨੇ ਆਪਣੀ ਬੜ੍ਹਤ ਨੂੰ ਵਧਾਉਣ ਦਾ ਇਕ ਹੋਰ ਮੌਕਾ ਗੁਆ ਦਿੱਤਾ ਤੇ ਮੈਨੇਜਰ ਜੁਰਜੇਨ ਕਲੋਪ ਦੀ ਟੀਮ ਨੂੰ ਵੈਸਟਹਮ ਖ਼ਿਲਾਫ਼ 1-1 ਦੇ ਡਰਾਅ ਨਾਲ ਸਬਰ ਕਰਨਾ ਪਿਆ।

ਚੋਟੀ 'ਤੇ ਕਾਬਜ ਲਿਵਰਪੂਲ (62 ਅੰਕ) ਕੋਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਮੌਜੂਦ ਮਾਨਚੈਸਟਰ ਸਿਟੀ (59 ਅੰਕ) 'ਤੇ ਆਪਣੀ ਬੜ੍ਹਤ ਨੂੰ ਵਧਾਉਣ ਦਾ ਮੌਕਾ ਸੀ ਪਰ ਇਸ ਡਰਾਅ ਤੋਂ ਬਾਅਦ ਉਸ ਦੇ ਕੋਲ ਸਿਰਫ਼ ਤਿੰਨ ਅੰਕਾਂ ਦੀ ਬੜ੍ਹਤ ਰਹਿ ਗਈ ਹੈ। ਇਸ ਕਾਰਨ ਜੇ ਬੁੱਧਵਾਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਸਿਟੀ ਨੇ ਏਵਰਟਨ ਨੂੰ ਹਰਾ ਦਿੱਤਾ ਤਾਂ ਲਿਵਰਪੂਲ ਨੂੰ ਆਪਣੀ ਚੋਟੀ ਦੀ ਕੁਰਸੀ ਗੁਆਉਣੀ ਪੈ ਸਕਦੀ ਹੈ। ਲੰਡਨ ਸਟੇਡੀਅਮ ਵਿਚ ਸਾਦੀਓ ਮਾਨੇ ਨੇ ਗੋਲ ਕਰ ਕੇ ਲਿਵਰਪੂਲ ਨੂੰ 22ਵੇਂ ਮਿੰਟ ਵਿਚ ਸ਼ੁਰੂਆਤੀ ਬੜ੍ਹਤ ਦਿਵਾਈ ਪਰ ਛੇ ਮਿੰਟ ਬਾਅਦ ਹੀ ਮਾਈਕਲ ਏਂਟੋਨੀਓ ਨੇ ਗੋਲ ਕਰ ਕੇ ਵੈਸਟਹਮ ਨੂੰ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਵੈਸਟਹਮ ਕੋਲ ਜਿੱਤ ਨਾਲ ਇਸ ਮੁਕਾਬਲੇ ਵਿਚ ਪੂਰੇ ਤਿੰਨ ਅੰਕ ਹਾਸਲ ਕਰਨ ਦਾ ਮੌਕਾ ਸੀ ਪਰ ਡੇਕਲਾਨ ਰਾਈਸ ਤੇ ਮਾਰਕ ਨੋਬਲ ਗੋਲ ਕਰਨ ਦੇ ਮੌਕੇ ਖੁੰਝ ਗਏ। ਲਿਵਰਪੂਲ ਨੂੰ ਲਗਾਤਾਰ ਦੂਜੇ ਮੁਕਾਬਲੇ ਵਿਚ ਡਰਾਅ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਉਸ ਨੂੰ ਲਿਸੈਸਟਰ ਸਿਟੀ ਨੇ ਬਰਾਬਰੀ 'ਤੇ ਰੋਕਿਆ ਸੀ ਤਦ ਵੀ ਲਿਵਰਪੂਲ ਨੇ ਸ਼ੁਰੂਆਤੀ ਮਿੰਟਾਂ ਵਿਚ ਮਾਨੇ ਦੇ ਗੋਲ ਨਾਲ ਬੜ੍ਹਤ ਹਾਸਲ ਕੀਤੀ ਸੀ। ਮੌਜੂਦਾ ਸੈਸ਼ਨ ਵਿਚ ਮਾਨੇ ਹੁਣ ਤਕ 12 ਗੋਲ ਕਰ ਚੁੱਕੇ ਹਨ।

ਦਿਖਾਈ ਦੇ ਰਿਹਾ ਹੈ ਰੋਨਾਲਡੋ ਦਾ ਅਸਰ

ਸ਼ੰਘਾਈ : ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੇ ਰੀਅਲ ਮੈਡਰਿਡ ਨੂੰ ਛੱਡ ਕੇ ਜੁਵੈਂਟਸ ਨਾਲ ਜੁੜਨ ਦਾ ਅਸਰ ਉਨ੍ਹਾਂ ਦੀ ਮੌਜੂਦਾ ਇਟਾਲੀਅਨ ਕਲੱਬ ਦੀ ਚੀਨ ਵਿਚ ਹਰਮਨਪਿਆਰਤਾ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਇਟਾਲੀਅਨ ਕਲੱਬ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ਵਿਚ ਜਿਸ ਹਫ਼ਤੇ ਰੋਨਾਲਡੋ ਜੁਵੈਂਟਸ ਨਾਲ ਜੁੜੇ ਸਨ ਉਸ ਹਫ਼ਤੇ ਟਵਿਟਰ ਵਿਬੋ, ਵੀ ਚੈਟ, ਤੇ ਟਿਕ ਟਾਕ 'ਤੇ ਜੁਵੈਂਟਸ ਦੇ ਫਾਲੋਅਰਾਂ ਦੀ ਗਿਣਤੀ ਤਿੰਨ ਲੱਖ ਅੱਠ ਹਜ਼ਾਰ ਵਧੀ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਵਿਚ ਫੁੱਟਬਾਲ ਪ੍ਸ਼ੰਸਕਾਂ ਦੀ ਗਿਣਤੀ ਚੰਗੀ ਹੈ ਕਿਉਂਕਿ ਉਥੇ ਦੇ ਲੋਕ ਕਿਸੇ ਇਕ ਟੀਮ ਦੀ ਬਜਾਏ ਇਕ ਖਿਡਾਰੀ ਦਾ ਸਮਰਥਨ ਕਰਦੇ ਹਨ। ਇਸ ਕਾਰਨ ਜਦ ਰੋਨਾਲਡੋ ਜੁਵੈਂਟਸ ਨਾਲ ਜੁੜੇ ਤਾਂ ਉਨ੍ਹਾਂ ਦੇ ਨਾਲ ਹਜ਼ਾਰਾਂ ਚੀਨੀ ਪ੍ਸ਼ੰਸਕ ਉਸ ਕਲੱਬ ਨਾਲ ਜੁੜੇ। ਮੌਜੂਦਾ ਸੈਸ਼ਨ ਵਿਚ 22 ਸੀਰੀ-ਏ ਮੁਕਾਬਲਿਆਂ ਵਿਚ 17 ਗੋਲ ਕਰਨ ਵਾਲੇ ਰੋਨਾਲਡੋ ਨੇ ਮੰਗਲਵਾਰ ਨੂੰ ਆਪਣਾ 34ਵਾਂ ਜਨਮ ਦਿਨ ਮਨਾਇਆ।

ਨੇਮਾਰ ਨੇ ਮਨਾਇਆ ਜਨਮ ਦਿਨ

ਪੈਰਿਸ : ਬ੍ਰਾਜ਼ੀਲ ਤੇ ਫਰੈਂਚ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਸਟਾਰ ਸਟ੍ਰਾਈਕਰ ਨੇ ਮਾਰ ਨੇ ਸੋਮਵਾਰ ਦੇਰ ਸ਼ਾਮ ਨੂੰ ਪੈਰਿਸ ਵਿਚ ਆਪਣਾ 27ਵਾਂ ਜਨਮ ਦਿਨ ਮਨਾਇਆ। ਇਸ ਮੌਕੇ 'ਤੇ ਨੇਮਾਰ ਦੇ ਪਰਿਵਾਰ ਦੇ ਮੈਂਬਰ ਅਤੇ ਪੀਐੱਸਜੀ ਦੇ ਉਨ੍ਹਾਂ ਦੇ ਸਾਥੀ ਖਿਡਾਰੀਆਂ ਤੋਂ ਇਲਾਵਾ ਕਈ ਦਿੱਗਜ ਹਸਤੀਆਂ ਵੀ ਮੌਜੂਦ ਸਨ। ਡੀਜੇ ਬਾਬ ਸਿੰਕਲੇਅਰ, ਬ੍ਰਾਜ਼ੀਲ ਦੇ ਗਾਇਕ ਵਿਸਲੇ ਸਾਫਾਦਾਓ ਤੇ ਵਿਸ਼ਵ ਸਰਫ ਚੈਂਪੀਅਨ ਗੈਬਰੀਅਲ ਮੇਡੀਨਾ ਉਨ੍ਹਾਂ 200 ਖ਼ਾਸ ਮਹਿਮਾਨਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਨੇਮਾਰ ਨੇ ਸੱਦਾ ਦਿੱਤਾ ਸੀ। ਸੱਜੇ ਪੈਰ ਦੀ ਸੱਟ ਤੋਂ ਪਰੇਸ਼ਾਨ ਚੱਲ ਰਹੇ ਨੇਮਾਰ ਲਾਲ ਰੰਗ ਦੀਆਂ ਬਸਾਖੀਆਂ ਦੇ ਸਹਾਰੇ ਆਪਣੇ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ। ਇਸ ਪਾਰਟੀ ਵਿਚ ਪੀਐੱਸਜੀ ਕਲੱਬ ਦੇ ਉਨ੍ਹਾਂ ਦੇ ਸਾਥੀਆਂ ਵਿਚ ਕਪਤਾਨ ਡਿਏਗੋ ਸਿਲਵਾ ਤੇ ਗੋਲਕੀਪਰ ਏਲਫੋਂਸੇ ਏਰੋਏਲਾ ਸ਼ਾਮਲ ਰਹੇ। ਸੱਟ ਕਾਰਨ ਨੇਮਾਰ ਚੈਂਪੀਅਨਜ਼ ਲੀਗ ਦੇ ਆਖ਼ਰੀ-16 ਵਿਚ ਮਾਨਚੈਸਟਰ ਯੂਨਾਈਟਿਡ ਖ਼ਿਲਾਫ਼ ਹੋਣ ਵਾਲੇ ਪੀਐੱਸਜੀ ਦੇ ਦੋਵੇਂ ਗੇੜ ਦੇ ਮੁਕਾਬਲਿਆਂ ਵਿਚ ਨਹੀਂ ਖੇਡ ਸਕਣਗੇ।