ਫੁੱਟਬਾਲ

-ਦੋਸਤਾਨਾ ਮੁਕਾਬਲੇ 'ਚ ਵੀਰਵਾਰ ਨੂੰ ਹੋਵੇਗਾ ਮੁਕਾਬਲਾ

-ਜ਼ਖ਼ਮੀ ਗੇਰੇਥ ਬੇਲ ਦੀ ਵੇਲਜ਼ ਨੂੰ ਰੜਕ ਸਕਦੀ ਹੈ ਘਾਟ

ਕਾਰਡਿਫ (ਏਐੱਫਪੀ) : ਵੇਲਜ਼ ਦੀ ਟੀਮ ਵੀਰਵਾਰ ਨੂੰ ਸਪੇਨ ਖ਼ਿਲਾਫ਼ ਦੋਸਤਾਨਾ ਫੁੱਟਬਾਲ ਮੁਕਾਬਲੇ ਵਿਚ ਭਿੜਨ ਜਾ ਰਹੀ ਹੈ। ਸਪੇਨ ਖ਼ਿਲਾਫ਼ ਮੁਕਾਬਲੇ ਵਿਚ ਵੇਲਜ਼ ਦੇ ਸਟਾਰ ਸਟ੫ਾਈਕਰ ਗੇਰੇਥ ਬੇਲ ਸੱਟ ਕਾਰਨ ਨਹੀਂ ਖੇਡ ਸਕਣਗੇ ਜਿਨ੍ਹਾਂ ਦੇ ਸਪੈਨਿਸ਼ ਕਲੱਬ ਰੀਅਲ ਮੈਡਰਿਡ ਦੇ ਕਈ ਸਾਥੀ ਖਿਡਾਰੀ ਇਸ ਮੁਕਾਬਲੇ ਵਿਚ ਖੇਡਣ ਉਤਰਨਗੇ। ਹਾਲਾਂਕਿ ਵੇਲਜ਼ ਦੇ ਸਟ੫ਾਈਕਰ ਸੈਮ ਵੋਕਸ ਮੁਤਾਬਿਕ ਬੇਲ ਦੀ ਗ਼ੈਰਮੌਜੂਦਗੀ ਦੇ ਬਾਵਜੂਦ ਸਪੇਨ ਲਈ ਕਾਰਡਿਫ ਵਿਚ ਖੇਡਿਆ ਜਾਣ ਵਾਲਾ ਇਹ ਮੁਕਾਬਲਾ ਸੌਖਾ ਨਹੀਂ ਹੋਵੇਗਾ।

ਰੀਅਲ ਮੈਡਰਿਡ ਦੇ ਸਟ੫ਾਈਕਰ ਬੇਲ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਪਰੇਸ਼ਾਨ ਹਨ। ਪਿਛਲੇ ਸ਼ਨਿਚਰਵਾਰ ਨੂੰ ਅਲਾਵੇਸ ਖ਼ਿਲਾਫ਼ ਮੁਕਾਬਲੇ ਵਿਚ ਉਨ੍ਹਾਂ ਦੀ ਸੱਟ ਵਧ ਗਈ ਸੀ। ਇਸ ਤੋਂ ਇਲਾਵਾ 29 ਸਾਲਾ ਬੇਲ ਪਿਛਲੇ ਹਫਤੇ ਯੂਏਫਾ ਚੈਂਪੀਅਨਜ਼ ਲੀਗ ਵਿਚ ਸੀਐੱਸਕੇਏ ਮਾਸਕੋ ਖ਼ਿਲਾਫ਼ ਮੁਕਾਬਲੇ ਵਿਚ ਵੀ ਰੀਅਲ ਵੱਲੋਂ ਨਹੀਂ ਉਤਰ ਸਕੇ ਸਨ। ਉਥੇ ਸੋਮਵਾਰ ਨੂੰ ਵੇਲਜ਼ ਦੀ ਟੀਮ ਨਾਲ ਜੁੜਨ ਦੇ ਬਾਵਜੂਦ ਉਹ ਅਭਿਆਸ ਸੈਸ਼ਨ ਵਿਚ ਹਿੱਸਾ ਲੈਣ ਨਹੀਂ ਉਤਰੇ। ਵੇਲਜ਼ ਦੇ ਕੋਚ ਰੇਆਨ ਗਿਗਜ਼ ਨੇ ਕਿਹਾ ਕਿ ਮਾਸਪੇਸ਼ੀਆਂ ਵਿਚ ਖਿਚਾਅ ਹੈ ਤੇ ਉਹ ਸਪੇਨ ਖ਼ਿਲਾਫ਼ ਨਹੀਂ ਖੇਡ ਸਕਣਗੇ। ਅਸੀਂ ਉਨ੍ਹਾਂ ਨੂੰ ਲੈ ਕੇ ਕੋਈ ਵੀ ਜੋਖਮ ਨਹੀਂ ਲੈਣਾ ਚਾਹੁੰਦੇ ਤੇ ਅਸੀਂ ਉਨ੍ਹਾਂ 'ਤੇ ਰੋਜ਼ ਨਿਗਰਾਨੀ ਰੱਖ ਰਹੇ ਹਾਂ। ਉਹ ਸਪੇਨ ਖ਼ਿਲਾਫ਼ ਖੇਡਣਾ ਚਾਹੁੰਦੇ ਸਨ ਪਰ ਸਭ ਤੋਂ ਪਹਿਲਾਂ ਸਿਹਤ ਆਉਂਦੀ ਹੈ। ਵੇਲਜ਼ ਤੇ ਸਪੇਨ ਦੀਆਂ ਟੀਮਾਂ 1985 ਤੋਂ ਬਾਅਦ ਪਹਿਲੀ ਵਾਰ ਭਿੜਨ ਜਾ ਰਹੀਆਂ ਹਨ। ਨੇਸ਼ਨਜ਼ ਲੀਗ ਵਿਚ 16 ਅਕਤੂਬਰ ਨੂੰ ਵੇਲਜ਼ ਦੀ ਟੀਮ ਆਇਰਲੈਂਡ ਨਾਲ ਭਿੜੇਗੀ।

ਓਧਰ ਵੋਕਸ ਨੇ ਕਿਹਾ ਕਿ ਗੇਰੇਥ ਸਾਡੇ ਲਈ ਬਹੁਤ ਅਹਿਮ ਹਨ ਪਰ ਹੁਣ ਸਾਡੇ ਕੋਲ ਉੱਚ ਪੱਧਰ ਦਾ ਖੇਡ ਖੇਡਣ ਵਾਲੇ ਕਈ ਖਿਡਾਰੀ ਹਨ। ਉਹ ਲਗਾਤਾਰ ਖੇਡ ਰਹੇ ਹਨ ਜੋ ਸਾਨੂੰ ਫ਼ਾਇਦਾ ਪਹੁੰਚਾ ਸਕਦਾ ਹੈ। ਜੇ ਕੋਈ ਖਿਡਾਰੀ ਨਹੀਂ ਖੇਡ ਸਕਦਾ ਹੈ ਤਾਂ ਉਸ ਦੀ ਥਾਂ ਦੂਜੇ ਖਿਡਾਰੀ ਖੇਡਣ ਲਈ ਤਿਆਰ ਹਨ। ਪਿਛਲੇ ਫੀਫਾ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਜੁਲੇਨ ਲੋਪੇਤੇਗੂਈ ਦੇ ਹਟਾਏ ਜਾਣ ਤੋਂ ਬਾਅਦ ਸਪੇਨ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਸੀ। ਹਾਲਾਂਕਿ ਟੀਮ ਦੇ ਨਵੇਂ ਕੋਚ ਲੁਇਸ ਐਨਰਿਕ ਨੇ ਸਥਿਤੀ ਸੰਭਾਲ ਲਈ ਹੈ ਜਿਨ੍ਹਾਂ ਨੇ ਬਾਰਸੀਲੋਨਾ ਦੇ ਲੈਫਟ ਬੈਕ ਜੋਰਡੀ ਅਲਬਾ ਨੂੰ ਬਾਹਰ ਕਰਨ ਦਾ ਬਹਾਦੁਰੀ ਵਾਲਾ ਫ਼ੈਸਲਾ ਲਿਆ। ਵੇਲਜ਼ ਨਾਲ ਭਿੜਨ ਤੋਂ ਬਾਅਦ ਸਪੇਨ ਦੀ ਟੀਮ 15 ਅਕਤੂਬਰ ਨੂੰ ਨੇਸ਼ਨਜ਼ ਲੀਗ ਵਿਚ ਇੰਗਲੈਂਡ ਨਾਲ ਭਿੜੇਗੀ। ਵੀਰਵਾਰ ਤੋਂ ਹੋਰ ਦੋਸਤਾਨਾ ਮੁਕਾਬਲਿਆਂ ਵਿਚ ਅਰਜਨਟੀਨਾ ਦੀ ਟੀਮ ਇਰਾਕ ਨਾਲ, ਮੌਜੂਦਾ ਵਿਸ਼ਵ ਚੈਂਪੀਅਨ ਫਰਾਂਸ ਦੀ ਟੀਮ ਆਈਸਲੈਂਡ ਨਾਲ, ਅਮਰੀਕਾ ਦੀ ਟੀਮ ਕੋਲੰਬੀਆ ਨਾਲ ਤੇ ਮੈਕਸੀਕੋ ਦੀ ਟੀਮ ਕੋਸਟਾ ਰਿਕਾ ਨਾਲ ਭਿੜੇਗੀ।

--------------

ਮਾਤੋਸਾਸ ਬਣੇ ਕੋਸਟਾ ਰਿਕਾ ਦੇ ਕੋਚ

ਸੈਨ ਜੋਸ (ਏਐੱਫਪੀ) : ਉਰੂਗਵੇ ਦੇ ਸਾਬਕਾ ਫੁੱਟਬਾਲਰ ਗੁਸਤਾਵੋ ਮਾਤੋਸਾਸ ਨੂੰ ਕੋਸਟਾ ਰਿਕਾ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ। ਕੋਸਟਾ ਰਿਕਾ ਫੁੱਟਬਾਲ ਸੰਘ ਨੇ ਇਸ ਦੀ ਜਾਣਕਾਰੀ ਦਿੱਤੀ। 51 ਸਾਲਾ ਮਾਤੋਸਾਸ, ਆਸਕਰ ਰਾਮੀਰੇਜ ਦੀ ਥਾਂ ਲੈਣਗੇ। ਪਿਛਲੇ ਵਿਸ਼ਵ ਕੱਪ ਵਿਚ ਕੋਸਟਾ ਰਿਕਾ ਆਪਣੇ ਗਰੁੱਪ ਵਿਚ ਸਭ ਤੋਂ ਹੇਠਾਂ ਰਿਹਾ ਸੀ ਜਿਸ ਕਾਰਨ ਰਾਮੀਰੇਜ ਦਾ ਕਰਾਰ ਅੱਗੇ ਨਹੀਂ ਵਧਾਇਆ ਗਿਆ। ਮਾਤੋਸਾਸ ਦੇ ਮੈਨੇਜਰ ਰਹਿੰਦੇ ਲਿਓਨ ਨੇ ਦੋ ਵਾਰ ਮੈਕਸੀਕਨ ਲੀਗ ਦਾ ਖ਼ਿਤਾਬ ਜਿੱਤਿਆ ਸੀ।

----------

ਬੋਲਟ ਦੀਆਂ ਨਜ਼ਰਾਂ ਸ਼ੁਰੂਆਤੀ ਲਾਈਨਅਪ 'ਤੇ

ਸਿਡਨੀ (ਏਐੱਫਪੀ) : ਜਮੈਕਾ ਦੇ ਦਿੱਗਜ ਦੌੜਾਕ ਉਸੇਨ ਬੋਲਟ ਪੇਸ਼ੇਵਰ ਫੁੱਟਬਾਲ ਦੀ ਦੁਨੀਆ ਵਿਚ ਪਹਿਲੀ ਵਾਰ ਸ਼ੁਰੂਆਤੀ ਲਾਈਨਅਪ ਨਾਲ ਮੈਦਾਨ 'ਤੇ ਉਤਰਨ ਦੀ ਤਿਆਰੀ ਵਿਚ ਹਨ। ਬੋਲਟ ਮੁਤਾਬਿਕ ਉਨ੍ਹਾਂ ਦੇ ਆਸਟ੫ੇਲੀਆਈ ਕਲੱਬ ਸੈਂਟਰਲ ਕੋਸਟ ਮਰੀਨਰਸ ਦੇ ਮੈਨੇਜਰ ਮਾਈਕ ਮੁਲਵੇ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਮਾਕਾਰਥਰ ਸਾਊਥ ਵੈਸਟ ਯੂਨਾਈਟਿਡ ਦੇ ਖ਼ਿਲਾਫ਼ ਹੋਣ ਵਾਲੇ ਦੋਸਤਾਨਾ ਮੁਕਾਬਲੇ ਦੀ ਸ਼ੁਰੂਆਤੀ ਲਾਈਨਅਪ ਵਿਚ ਉਨ੍ਹਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਬੋਲਟ ਨੇ ਕਿਹਾ ਕਿ ਜਦ ਮੈਨੇਜਰ ਤੁਹਾਡੀ ਫਿਟਨੈੱਸ ਨਾਲ ਸੰਤੁਸ਼ਟ ਹੋ ਕੇ ਤੁਹਾਨੂੰ ਸ਼ੁਰੂਆਤੀ ਲਾਈਨਅਪ ਵਿਚ ਰੱਖਦਾ ਹੈ ਤਦ ਇਹ ਹਮੇਸ਼ਾ ਇਕ ਵੱਡਾ ਕਦਮ ਹੁੰਦਾ ਹੈ। ਮੈਂ ਮੌਕਾ ਹਾਸਿਲ ਕਰਨ ਨੂੰ ਲੈ ਕੇ ਬਹੁਤ ਰੋਮਾਂਚਤ ਹਾਂ ਤੇ ਉਥੇ ਜਾ ਕੇ ਖੇਡ ਸ਼ੁਰੂ ਕਰਨਾ ਚਾਹੁੰਦਾ ਹਾਂ ਤੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਜੋ ਅਹਿਮ ਹੈ।