ਪ੍ਰਰਾਗ (ਏਜੰਸੀ) : ਸੁਪਰ ਸਟਾਰ ਸਟ੍ਰਾਈਕਰ ਲਿਓਨ ਮੇਸੀ ਦੇ ਰਿਕਾਰਡ ਗੋਲ ਨਾਲ ਬਾਰਸੀਲੋਨਾ ਨੇ ਯੂਐੱਫਾ ਚੈਂਪੀਅਨਸ ਲੀਗ ਦੇ ਗਰੁੱਪ ਐੱਫ ਵਿਚ ਸਲਾਵੀਆ ਪ੍ਰਾਗ ਨੂੰ 2-1 ਨਾਲ ਹਰਾ ਕੇ ਅੰਕ ਸੂਚੀ 'ਚ ਪਹਿਲਾ ਸਥਾਨ ਹਾਸਲ ਕੀਤਾ।

ਮੇਸੀ ਨੇ ਤੀਜੇ ਹੀ ਮਿੰਟ ਵਿਚ ਸਲਾਵੀਆ ਦੇ ਗੋਲਕੀਪਰ ਓਂਦਰੇਜ ਕੋਲਾਰ ਨੂੰ ਮਾਤ ਦੇ ਕੇ ਬਾਰਸੀਲੋਨਾ ਨੂੰ ਬੜ੍ਹਤ ਦਿਵਾਈ। ਉਹ ਚੈਂਪੀਅਨਸ ਲੀਗ ਵਿਚ ਲਗਾਤਾਰ 15 ਸੈਸ਼ਨ ਵਿਚ ਘੱਟ ਤੋਂ ਘੱਟ ਇਕ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਪਹਿਲੇ ਹਾਫ ਤਕ ਟੀਮ 1-0 ਨਾਲ ਅੱਗੇ ਰਹੀ। ਦੂਜੇ ਹਾਫ ਦੇ ਪੰਜਵੇਂ ਮਿੰਟ ਵਿਚ ਲੁਕਾਸ ਮਾਸੋਪਸਟ ਦੇ ਬਿਹਤਰੀਨ ਪਾਸ ਨੂੰ ਗੋਲ ਵਿਚ ਪਹੁੰਚਾ ਕੇ ਯਾਨ ਬੋਰਿਲ ਨੇ ਸਲਾਵੀਆ ਦੀ ਮੈਚ ਵਿਚ ਵਾਪਸੀ ਕਰਵਾ ਦਿੱਤੀ। ਸਲਾਵੀਆ ਦੇ ਵਿੰਗਰ ਪੀਟਰ ਓਲਾਿਯੰਕਾ ਹਾਲਾਂਕਿ 57ਵੇਂ ਮਿੰਟ ਵਿਚ ਆਤਮਘਾਤੀ ਗੋਲ ਕਰ ਬੈਠੇ, ਜਿਸ ਨਾਲ ਬਾਰਸੀਲੋਨਾ ਨੇ 2-1 ਨਾਲ ਬੜ੍ਹਤ ਬਣਾ ਲਈ, ਜੋ ਫ਼ੈਸਲਾਕੁੰਨ ਸਾਬਤ ਹੋਈ। ਬਾਰਸੀਲੋਨਾ ਗਰੁੱਪ ਐੱਫ ਵਿਚ ਤਿੰਨ ਮੈਚਾਂ ਵਿਚ ਸੱਤ ਅੰਕਾਂ ਦੇ ਨਾਲ ਟਾਪ 'ਚੇ ਚੱਲ ਰਿਹਾ ਹੈ। ਟੀਮ ਨੇ ਇੰਟਰ ਮਿਲਾਨ 'ਤੇ ਤਿੰਨ ਅੰਕ ਦੀ ਬੜ੍ਹਤ ਬਣਾ ਰੱਖੀ ਹੈ, ਜਿਸ ਨੇ ਬੋਰੂਸੀਆ ਡੋਰਟਮੰਡ ਨੂੰ 2-0 ਨਾਲ ਹਰਾਇਆ। ਸਲਾਵੀਆ ਦੀ ਟੀਮ ਇਕ ਅੰਕ ਦੇ ਨਾਲ ਆਖਰੀ ਸਥਾਨ 'ਤੇ ਹੈ।

ਲਿਵਰਪੂਲ ਨੇ ਜੇਨਕ ਨੂੰ 4-1 ਨਾਲ ਹਰਾਇਆ

ਜੇਨਕ (ਬੈਲਜ਼ੀਅਮ) : ਮੌਜੂਦਾ ਯੂਰਪੀ ਚੈਂਪੀਅਨ ਲਿਵਰਪੂਲ ਨੇ ਯੂਐੱਫਾ ਚੈਂਪੀਅਨਸ ਲੀਗ ਦੇ ਗਰੁੱਪ-ਈ ਦੇ ਮੈਚ ਵਿਚ ਆਰਸੀ ਜੇਨਕ ਨੂੰ 4-1 ਨਾਲ ਹਰਾਇਆ। ਬੈਲਜ਼ੀਅਮ ਦੇ ਕਲੱਬ ਖਿਲਾਫ਼ ਮਿਡਫੀਲਡਰ ਐਲੈਕਸ ਓਕਸਲੇਡ ਚੈਂਬਰਲਿਨ ਨੇ ਦੋ ਗੋਲ ਦਾਗ਼ੇ। ਇਸ ਜਿੱਤ ਤੋਂ ਬਾਅਦ ਇੰਗਲਿਸ਼ ਕਲੱਬ ਗਰੁੱਪ ਸੂਚੀ ਵਿਚ ਛੇ ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਕਾਬਜ਼ ਹਨ। ਚੌਥੇ ਸਥਾਨ 'ਤੇ ਮੌਜੂਦ ਜੇਨਕ ਕੋਲ ਸਿਰਫ਼ ਇਕ ਅੰਕ ਹੈ। ਚੈਂਬਰਲਿਨ ਨੇ ਲਿਵਰਪੂਲ ਨੂੰ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ ਦੂਜੇ ਮਿੰਟ ਵਿਚ ਹੀ ਗੋਲ ਕਰ ਕੇ ਆਪਣੀ ਟੀਮ ਨੂੰ ਬੜ੍ਹਤ ਦਵਾ ਦਿੱਤੀ।

ਪਹਿਲੇ ਹਾਫ਼ ਵਿਚ ਹਾਲਾਂਕਿ, ਲਿਵਰਪੂਲ ਆਪਣੀ ਬੜ੍ਹਤ ਨੂੰ ਦੁੱਗਣਾ ਨਹੀਂ ਕਰ ਪਾਈ। ਮਹਿਮਾਨ ਟੀਮ ਲਈ ਦੂਜਾ ਹਾਫ ਵੀ ਦਮਦਾਰ ਰਿਹਾ। 57ਵੇਂ ਮਿੰਟ ਵਿਚ ਚੈਂਬਰਲਿਨ ਨੇ ਮੁਕਾਬਹਲੇ ਦਾ ਦੂਜਾ ਗੋਲ ਕੀਤਾ ਜੋ ਇਸ ਲੀਗ ਵਿਚ ਲੀਵਰਪੂਲ ਦਾ 200ਵਾਂ ਗੋਲ ਸੀ। ਲਿਵਰਪੂਲ ਨੇ ਆਪਣਾ ਹਮਲਾ ਤੇਜ਼ ਕਰ ਦਿੱਤਾ। 77ਵੇਂ ਮਿੰਟ ਵਿਚ ਸਾਦੀਆ ਮਾਨੇ ਨੂੰ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਗੋਲ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ। ਮੁਹੰਮਦ ਸਲਾਹ ਨੇ 87ਵੇਂ ਮਿੰਟ ਵਿਚ ਮਹਿਮਾਨ ਟੀਮ ਦਾ ਚੌਥਾ ਗੋਲ ਕੀਤਾ। ਜੇਨਕ ਵੱਲੋਂ ਸਿਰਫ਼ ਇਕ ਗੋਲ 88ਵੇਂ ਮਿੰਟ ਵਿਚ ਓਡੇ ਨੇ ਕੀਤਾ।