ਦੋਹਾ (ਏਪੀ) : ਇਕਵਾਡੋਰ ਦੇ ਕਪਤਾਨ ਤੇ ਪਹਿਲੇ ਮੈਚ ਦੇ ਹੀਰੋ ਐਨਰ ਵੇਲੇਂਸੀਆ, ਜਿਨ੍ਹਾਂ ਨੂੰ ਸੁਪਰਮੈਨ ਕਿਹਾ ਜਾਂਦਾ ਹੈ, ਨੀਦਰਲੈਂਡ ਦੇ ਨਾਕਆਊਟ ਦੇ ਰਾਹ ਵਿਚ ਅੜਿੱਕਾ ਬਣ ਸਕਦੇ ਹਨ। ਸ਼ੁੱਕਰਵਾਰ ਨੂੰ ਖ਼ਲੀਫ਼ਾ ਅੰਤਰਰਾਸ਼ਟਰੀ ਸਟੇਡੀਅਮ ਵਿਚ ਗਰੁੱਪ-ਏ ਦੇ ਤੀਜੇ ਮੁਕਾਬਲੇ ਵਿਚ ਨੀਦਰਲੈਂਡ ਦੇ ਸਾਹਮਣੇ ਇਕਵਾਡੋਰ ਚੁਣੌਤੀ ਪੇਸ਼ ਕਰੇਗਾ। ਦੋਵਾਂ ਟੀਮਾਂ ਵਿਚਾਲੇ ਹੁਣ ਤਕ ਦੋ ਮੁਕਾਬਲੇ ਹੋਏ ਹਨ। ਇਸ ਵਿਚ ਇਕ ਨੀਦਰਲੈਂਡ ਨੇ ਜਿੱਤਿਆ ਹੈ, ਦੂਜਾ ਡਰਾਅ ਰਿਹਾ ਸੀ। ਫੀਫਾ ਰੈਂਕਿੰਗ ਵਿਚ ਅੱਠਵੇਂ ਸਥਾਨ ’ਤੇ ਮੌਜੂਦ ਨੀਦਰਲੈਂਡ, ਸੇਨੇਗਲ ਨੂੰ ਹਰਾ ਕੇ ਪੁੱਜਾ ਹੈ। ਉਹ ਵਿਸ਼ਵ ਕੱਪ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਉਥੇ, 44ਵੇਂ ਸਥਾਨ ਦਾ ਇਕਵਾਡੋਰ ਮੇਜ਼ਬਾਨ ਕਤਰ ਨੂੰ ਪਹਿਲੇ ਮੈਚ ਵਿਚ ਹਰਾ ਚੁੱਕਾ ਹੈ। ਨੀਦਰਲੈਂਡ ਦੇ ਸਟ੍ਰਾਈਕਰ ਮੇਂਫਿਸ ਡੀਪੇ ਇਕਵਾਡੋਰ ਤੋਂ ਮੈਚ ਖੋਹਣ ਉਤਰਨਗੇ। ਪਿਛਲੇ ਮੈਚ ਦੇ ਗੋਲ ਸਕੋਰਰ ਰਹੇ ਗਾਕਪੋ ਤੇ ਕਲਾਸੇਨ ਵੀ ਇਕਵਾਡੋਰ ਦੀਆਂ ੁਮੁਸ਼ਕਲਾਂ ਵਧਾਉਣਗੇ। ਕੁੱਲ ਮਿਲਾ ਕੇ ਇਹ ਮੈਚ ਦੋਵਾਂ ਟੀਮਾਂ ਦੇ ਸਟ੍ਰਾਈਕਰਾਂ ਵਿਚਾਲੇ ਹੋਵੇਗਾ। ਵੇਲੇਂਸੀਆ ਨੇ ਕਤਰ ਖ਼ਿਲਾਫ਼ ਪਹਿਲੇ ਅੱਧ ਵਿਚ ਹੀ ਦੋਵੇਂ ਗੋਲ ਕੀਤੇ ਸਨ। ਉਨ੍ਹਾਂ ਦੇ ਗੋਲ ਹੀ ਮੈਚ ਵਿਚ ਫ਼ੈਸਲਾਕੁਨ ਸਾਬਤ ਹੋਏ।

ਦੂਜੇ ਅੱਧ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਉਹ ਬਾਹਰ ਹੋ ਗਏ ਸਨ। ਹਾਲਾਂਕਿ ਕੋਚ ਅਲਫਾਰੋ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਉਹ ਠੀਕ ਹਨ ਤੇ ਨੀਦਰਲੈਂਡ ਖ਼ਿਲਾਫ਼ ਉਤਰਨਗੇ। ਕੁਆਲੀਫਾਇਰ ਵਿਚ ਡੀਪੇ ਨੇ ਡਚ ਟੀਮ ਲਈ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 12 ਗੋਲ ਤੇ ਛੇ ਵਿਚ ਸਹਿਯੋਗ ਦਿੱਤਾ ਸੀ। ਕਿਸੇ ਵੀ ਹੋਰ ਯੂਰਪੀ ਖਿਡਾਰੀ ਨੇ ਇੰਨੇ ਗੋਲ ਤੇ ਸਹਿਯੋਗ ਇਕੱਠੇ ਨਹੀਂ ਕੀਤੇ ਹਨ। ਪਹਿਲੇ ਮੈਚ ਵਿਚ ਡੀਪੇ ਦੂਜੇ ਹਾਫ ਵਿਚ ਉਤਰੇ ਸਨ। ਉਹ ਅਜੇ ਹੈਮਸਟ੍ਰਿੰਗ ਇੰਜਰੀ ਤੋਂ ਮੁੜੇ ਹਨ। ਇਸ ਕਾਰਨ ਦੂਜੇ ਮੈਚ ਵਿਚ ਉਨ੍ਹਾਂ ਦਾ ਪੂਰੇ ਸਮੇਂ ਲਈ ਖੇਡਣਾ ਸ਼ੱਕੀ ਹੋਵੇਗਾ। ਕੋਚ ਵੇਨ ਗਾਲ ਨੇ ਕਿਹਾ ਕਿ ਡੀਪੇ ਅਜਿਹੇ ਖਿਡਾਰੀ ਹਨ ਜੋ ਬਹੁਤ ਫ਼ਰਕ ਪੈਦਾ ਕਰ ਸਕਦੇ ਹਨ, ਪਰ ਮੈਨੂੰ ਉਨ੍ਹਾਂ ਦੀ ਸਿਹਤ ਦੇਖਣੀ ਪਵੇਗੀ। ਸਾਨੂੰ ਪਹਿਲੇ ਮੈਚ ਤੋਂ ਬਿਹਤਰ ਖੇਡ ਦਿਖਾਉਣੀ ਪਵੇਗੀ। ਇਹ ਟੀਮ ਚੈਂਪੀਅਨ ਬਣ ਸਕਦੀ ਹੈ। ਡੀਪੇ ਇਸ ਮੈਚ ਵਿਚ 43ਵਾਂ ਅੰਤਰਰਾਸ਼ਟਰੀ ਗੋਲ ਲੱਭਣਗੇ।

Posted By: Jaswinder Duhra