ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਭਾਰਤੀ ਭਲਵਾਨ ਰਵੀ ਦਹੀਆ ਦਾ ਕਹਿਣਾ ਹੈ ਕਿ ਉਹ ਮੌਜੂਦਾ ਸਮੇਂ ਪ੍ਰੈਕਟਿਸ ਦੌਰਾਨ ਵੀ ਸਰੀਰਕ ਦੂਰੀ ਦਾ ਪੂਰਾ ਧਿਆਨ ਰੱਖ ਰਹੇ ਹਨ ਤੇ ਹਰ ਭਲਵਾਨ ਨਿੱਜੀ ਤੌਰ 'ਤੇ ਪ੍ਰੈਕਟਿਸ ਕਰਨ 'ਚ ਲੱਗਾ ਹੈ। ਟੋਕੀਓ ਓਲੰਪਿਕ ਦਾ ਟਿਕ ਹਾਸਲ ਕਰਨ ਵਾਲਾ ਹਰਿਆਣਾ ਦਾ ਇਹ ਭਲਵਾਨ ਟੋਕੀਓ ਓਲੰਪਿਕ ਮੁਲਤਵੀ ਹੋਣ ਕਾਰਨ ਨਿਰਾਸ਼ ਨਹੀਂ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਮੈਡਲ ਜੇਤੂ ਰਵੀ ਨਾਲ ਯੋਗੇਸ਼ ਸ਼ਰਮਾ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼।

-21 ਦਿਨਾਂ ਦੇ ਲਾਕਡਾਊਨ ਤੋਂ ਬਾਅਦ ਕੀ ਇਸ ਨੂੰ ਵਧਾਉਣ ਚਾਹੀਦਾ ਹੈ?

-ਦੇਸ਼ ਦੇ ਹਿੱਤ ਲਈ ਲਾਕਡਾਊਨ ਲਾਗੂ ਕਰਨਾ ਜ਼ਰੂਰੀ ਸੀ ਤੇ ਅਜਿਹਾ ਨਾ ਕੀਤਾ ਜਾਂਦਾ ਤਾਂ ਇਹ ਮਹਾਮਾਰੀ ਹੋਰ ਵੱਧ ਸਕਦੀ ਸੀ। ਮੇਰਾ ਮੰਨਣ ਹੈ ਕਿ ਇਸ 'ਚ ਦੋ ਜਾਂ ਤਿੰਨ ਦਿਨ ਦੀ ਛੋਟ ਦੇਣੀ ਚਾਹੀਦੀ ਹੈ ਜਿਸ ਨਾਲ ਲੋਕ ਆਪਣੇ-ਆਪਣੇ ਘਰਾਂ ਤਕ ਪਹੁੰਚ ਜਾਣ ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਵੀ ਫ਼ੈਸਲਾ ਕਰਨਗੇ, ਉਹ ਸਹੀ ਹੋਵੇਗਾ।

-ਇਸ ਸਾਲ ਤੁਹਾਡਾ ਪ੍ਰਦਰਸ਼ਨ ਚੰਗਾ ਰਿਹਾ ਤੇ ਇਸ ਦਾ ਫ਼ਾਇਦਾ ਤੁਹਾਨੂੰ ਟੋਕੀਓ ਓਲੰਪਿਕ 'ਚ ਵੀ ਮਿਲਦਾ। ਕੀ ਇਸ ਦੇ ਮੁਲਤਵੀ ਹੋਣ ਕਾਰਨ ਨਿਰਾਸ਼ ਹੋ?

-ਮੈਂ ਚੰਗੀ ਫਾਰਮ 'ਚ ਸੀ ਪਰ ਇਸ ਗੱਲ ਤੋਂ ਨਿਰਾਸ਼ ਨਹੀਂ ਹਾਂ ਕਿ ਓਲੰਪਿਕ ਹੁਣ ਅਗਲੇ ਸਾਲ ਹੋਣਗੇ। ਅਸੀਂ ਚੰਗਾ ਪ੍ਰਦਰਸ਼ਨ ਕਰਨਾ ਹੈ ਤੇ ਦੇਸ਼ ਲਈ ਮੈਡਲ ਜਿੱਤਣ ਹਨ।

-ਤਾਂ ਕੀ ਇਸ ਦੌਰਾਨ ਖਿਡਾਰੀਆਂ ਦੇ ਸੱਟ ਲੱਗਣ ਦਾ ਵੀ ਖ਼ਤਰਾ ਰਹੇਗਾ?

-ਇਹ ਇਕ ਸੋਚਣ ਵਾਲੀ ਗੱਲ ਹੈ ਪਰ ਕੋਈ ਖਿਡਾਰੀ ਨਹੀਂ ਚਾਹੁੰਦਾ ਕਿ ਉਸ ਨੂੰ ਸੱਟ ਲੱਗੇ ਜਾਂ ਉਹ ਜ਼ਖ਼ਮੀ ਹੋਵੇ। ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਸੱਟ ਤੋਂ ਬਚਾਅ ਰਹੇ, ਪਰ ਸੱਟ ਲੱਗਣਾ ਵੀ ਖੇਡ ਦਾ ਹੀ ਹਿੱਸਾ ਹੈ।

-ਲਾਕਡਾਊਨ ਦੌਰਾਨ ਤੁਸੀ ਸਮਾਂ ਕਿਵੇਂ ਬਤੀਤ ਕਰ ਰਹੇ ਹੋ?

-ਮੈਂ ਸਵੇਰੇ ਉੱਠ ਕੇ ਪ੍ਰਰੈਕਟਿਸ ਕਰਦਾ ਹਾਂ। ਕੁਝ ਭਲਵਾਨ ਮੇਰੇ ਨਾਲ ਹੁੰਦੇ ਹਨ ਪਰ ਉਹ ਵੀ ਨਿੱਜੀ ਤੌਰ 'ਤੇ ਆਪਣੀ-ਆਪਣੀ ਪ੍ਰਰੈਕਟਿਸ ਕਰਦੇ ਹਨ। ਇਸ ਦੌਰਾਨ ਅਸੀਂ ਸਰੀਰਕ ਦੂਰੀ ਦਾ ਪੂਰਾ ਖ਼ਿਆਲ ਰੱਖਦੇ ਹਾਂ। ਮੇਰੀ ਕੋਸ਼ਿਸ਼ ਮਿਹਨਤ ਕਰਨ ਦੀ ਹੁੰਦੀ ਹੈ ਤੇ ਮੈਂ ਪੂਰੀ ਮਿਹਨਤ ਕਰਦਾ ਹਾਂ ਕਿਉਂਕਿ ਸਾਨੂੰ ਆਪਣੇ ਵਜ਼ਨ ਦਾ ਵੀ ਖਿਆਲ ਰੱਖਣਾ ਹੁੰਦਾ ਹੈ। ਮੈਂ ਹਾਲੇ ਦਿੱਲੀ 'ਚ ਛਤਰਸਾਲ ਸਟੇਡੀਅਮ 'ਚ ਹੀ ਪ੍ਰਰੈਕਟਿਸ ਕਰ ਰਿਹਾ ਹਾਂ।

-ਹੁਣ ਤੁਹਾਡਾ ਅਗਲਾ ਟੀਚਾ ਕੀ ਹੈ ਕਿਉਂਕਿ ਟੋਕੀਓ ਉਲੰਪਿਕ ਤਾਂ ਹਾਲੇ ਦੂਰ ਹਨ?

-ਹਾਲੇ ਤਾਂ ਕੋਰੋਨਾ ਵਾਇਰਸ ਮਹਾਮਾਰੀ ਹੀ ਫੈਲੀ ਹੋਈ ਹੈ ਤੇ ਇਸ ਕਾਰਨ ਸਾਰੇ ਖੇਡ ਟੂਰਨਾਮੈਂਟ ਰੱਦ ਹੋ ਚੁੱਕੇ ਹਨ, ਇਸ ਲਈ ਹਾਲੇ ਅਜਿਹਾ ਕੋਈ ਟੀਚਾ ਨਹੀਂ ਹੈ। ਮੈਂ ਇਹੀ ਕਹਾਂਗਾ ਕਿ ਇਕ ਵਾਰ ਸਾਰੀਆਂ ਚੀਜ਼ਾਂ ਠੀਕ ਹੋ ਜਾਣ ਤੇ ਟੂਰਨਾਮੈਂਟ ਸ਼ੁਰੂ ਹੋ ਜਾਣਗੇ ਤਾਂ ਹੀ ਕਿਸੇ ਟੀਚੇ 'ਤੇ ਧਿਆਨ ਲਗਾਇਆ ਜਾ ਸਕੇਗਾ।