ਨਵੀਂ ਦਿੱਲੀ (ਜੇਐੱਨਐੱਨ) : ਫਿੱਟ ਇੰਡੀਆ ਮੁਹਿੰਮ ਦੀ ਸ਼ੁਰੂਆਤ ਇਕ ਤਰ੍ਹਾਂ ਏਥੇਂਸ ਓਲੰਪਿਕ ਮੈਡਲ ਜੇਤੂ, ਸੰਸਦ ਮੈਂਬਰ ਤੇ ਸਾਬਕਾ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਹੀ ਕੀਤੀ ਸੀ। ਸਾਬਕਾ ਖੇਡ ਮੰਤਰੀ ਰਾਜਵਰਧਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਜ਼ਰੀਆ ਸੀ ਕਿ ਪੂਰਾ ਦੇਸ਼ ਖ਼ਾਸ ਕਰ ਕੇ ਨੌਜਵਾਨ ਫਿੱਟ ਰਹਿਣ। ਅਸੀਂ ਖ਼ੁਦ ਪ੍ਰਧਾਨ ਮੰਤਰੀ ਦੀ ਊਰਜਾ ਨੂੰ ਦੇਖ ਕੇ ਹੈਰਾਨ ਹੁੰਦੇ ਹਾਂ। ਭਾਜਪਾ ਸੰਸਦ ਮੈਂਬਰ ਰਾਜਵਰਧਨ ਮੰਨਦੇ ਹਨ ਕਿ ਜਿਮ ਵਿਚ ਜਾ ਕੇ ਹੀ ਫਿੱਟ ਨਹੀਂ ਹੋਇਆ ਜਾਂਦਾ ਹੈ। ਇਕ ਹਾਲ ਜਾਂ ਬਗੀਚੇ ਵਿਚ ਵੀ ਯੋਗ ਜਾਂ ਕਸਰਤ ਕਰ ਕੇ ਫਿੱਟ ਰਹਿ ਸਕਦੇ ਹਾਂ। ਨਾਲ ਹੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਵੀ ਲਗਾਤਾਰ ਸਰੀਰ ਚਲਾਉਣ ਨਾਲ ਫਿੱਟ ਰਿਹਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਮੈਂ ਖੇਡਾਂ ਵਿਚ ਸੀ ਤੇ ਖ਼ਾਸ ਡਾਈਟਿੰਗ ਕਰਦਾ ਸੀ। ਮੇਰਾ ਮੰਨਣਾ ਹੈ ਕਿ ਜੰਕ ਫੂਡ ਦੀ ਆਦਤ ਨਹੀਂ ਬਣਾਉਣੀ ਚਾਹੀਦੀ। ਕਾਰਬੋਹਾਈਡ੍ਰੇਟ ਵਾਲੀਆਂ ਚੀਜ਼ਾਂ ਖਾਣਾ ਬਿਹਤਰ ਬਦਲ ਹਨ। ਮੈਂ ਦਿਨ ਵਿਚ ਇਕ ਵਾਰ ਡਾਈਟ ਫਲਾਂ ਦੀ ਲੈਂਦਾ ਹਾਂ ਤੇ ਵਿਚਾਲੇ ਪਾਣੀ ਜ਼ਰੂਰ ਪੀਂਦਾ ਰਹਿੰਦਾ ਹਾਂ। ਕਾਫੀ ਜਾਂ ਚਾਹ ਪੀਂਦਾ ਹਾਂ ਪਰ ਉਸ ਨੂੰ ਜ਼ਿਆਦਾ ਨਹੀਂ ਪੀਂਦਾ। ਮੈਂ ਸਾਧਾਰਨ ਜੀਵਨ ਜਿਊਂਦਾ ਹਾਂ। ਮੈਂ ਮਿੱਠਾ ਵੀ ਖਾਂਦਾ ਹਾਂ ਪਰ ਕੋਸ਼ਿਸ਼ ਰਹਿੰਦੀ ਹੈ ਕਿ ਰਾਤ ਅੱਠ ਵਜੇ ਤੋਂ ਬਾਅਦ ਨਾ ਖਾਵਾਂ। ਸਾਡੇ ਸੱਭਿਆਚਾਰ ਵਿਚ ਸ਼ੁਰੂ ਤੋਂ ਹੀ ਦਿਨ ਵਿਚ ਦੋ ਵਾਰ ਭੋਜਨ ਕਰਨ ਦਾ ਸਿਸਟਮ ਰਿਹਾ ਹੈ। ਪਿੰਡ ਵਿਚ ਸਵੇਰੇ ਕੰਮ 'ਤੇ ਜਾਣ ਤੋਂ ਪਹਿਲਾਂ ਖਾਣਾ ਖਾਂਦੇ ਸੀ ਤੇ ਸ਼ਾਮ ਨੂੰ ਜਦ ਵਾਪਿਸ ਮੁੜਦੇ ਸੀ ਤਦ ਖਾਣਾ ਖਾਧਾ ਜਾਂਦਾ ਸੀ ਜਿਸ ਨਾਲ ਸੋਣ ਤੋਂ ਪਹਿਲਾਂ ਸਭ ਪਚ ਜਾਂਦਾ ਸੀ। ਇਕ ਸਕਾਰਾਤਮਕ ਸੋਚ ਡਾਈਟ ਲਈ ਜ਼ਰੂਰੀ ਹੈ। ਖ਼ੁਦ ਦੇ ਸਰੀਰ ਦੇ ਮਿੱਤਰ ਬਣਨ 'ਚ ਹੀ ਫ਼ਾਇਦਾ ਹੁੰਦਾ ਹੈ।

ਕਸਰਤ ਦੇ ਨਵੇਂ ਤਰੀਕੇ ਲੱਭੇ :

ਰਾਜਵਰਧਨ ਨੇ ਕਿਹਾ ਕਿ ਜਿੱਥੇ ਤਕ ਅਭਿਆਸ ਦੀ ਗੱਲ ਹੈ ਤਾਂ ਮੈਨੂੰ ਸਮਾਂ ਬਹੁਤ ਘੱਟ ਮਿਲਦਾ ਹੈ। ਫ਼ੌਜ ਤੇ ਖੇਡ ਦੇ ਸਮੇਂ ਕਾਫੀ ਜਿਮ ਜਾਂਦਾ ਸੀ ਪਰ ਹੁਣ ਮੈਂ ਹੌਲੀ ਹੌਲੀ ਕਸਰਤ ਦੇ ਨਵੇਂ ਤਰੀਕੇ ਕੱਢ ਲਏ ਹਨ। ਮੈਂ ਦਫਤਰ ਵਿਚ ਇਕ ਬਹੁਤ ਵੱਡੀ ਬਾਲ ਰੱਖੀ ਹੈ। ਮੈਂ ਲਗਾਤਾਰ ਕੁਰਸੀ 'ਤੇ ਨਹੀਂ ਬੈਠਦਾ ਹਾਂ। ਜਦ ਮਨ ਹੁੰਦਾ ਹੈ ਇਸ ਬਾਲ 'ਤੇ ਬੈਠ ਕੇ ਕੰਮ ਕਰਨ ਲਗਦਾ ਹਾ। ਨਾਲ ਹੀ ਯੋਗ ਤੇ ਅਭਿਆਸ ਵੀ ਕਰਦਾ ਹਾਂ, ਜਿਸ ਨਾਲ ਮੈਂ ਫਿੱਟ ਰਹਿ ਸਕਾਂ।