ਕੀਵ (ਪੀਟੀਆਈ) : ਭਾਰਤੀ ਭਲਵਾਨ ਵਿਨੇਸ਼ ਫੋਗਾਟ (53 ਕਿਲੋਗ੍ਰਾਮ) ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤਕ ਖੇਡ ਤੋਂ ਦਰ ਰਹਿਣ ਤੋਂ ਬਾਅਦ ਇੱਥੇ ਯੂਕ੍ਰੇਨੀਅਨ ਰੈਸਲਰਜ਼ ਅਤੇ ਕੋਚ ਮੈਮੋਰੀਅਲ ਟੂਰਨਾਮੈਂਟ ਨਾਲ ਕੁਸ਼ਤੀ ਵਿਚ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ 2017 ਦੀ ਵਿਸ਼ਵ ਚੈਂਪੀਅਨ ਵੀ ਕਾਲਾਦਜਿੰਸਕੀ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।

ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਕਾਬਜ ਭਾਰਤੀ ਮਹਿਲਾ ਭਲਵਾਨ ਨੂੰ ਸੱਤਵੇਂ ਸਥਾਨ 'ਤੇ ਕਾਬਜ ਬੇਲਾਰੂਸ ਦੀ ਖਿਡਾਰਨ ਨੇ ਸਖ਼ਤ ਟੱਕਰ ਦਿੱਤੀ ਪਰ ਵਿਨੇਸ਼ ਨੇ 10-8 ਦੀ ਬੜ੍ਹਤ ਕਾਇਮ ਕਰਨ ਤੋਂ ਬਾਅਦ ਵਿਰੋਧੀ ਭਲਵਾਨ ਨੂੰ ਮਾਤ ਦਿੱਤੀ।

ਵਿਨੇਸ਼ ਨੇ ਮੁਕਾਬਲੇ ਦੀ ਸ਼ੁਰੂਆਤ ਵਿਚ ਖੱਬੇ ਪੈਰ ਨਾਲ ਕੀਤੇ ਹਮਲੇ ਦੇ ਦਮ 'ਤੇ 4-0 ਨਾਲ ਬੜ੍ਹਤ ਹਾਸਲ ਕਰ ਲਈ ਪਰ ਕਾਲਾਦਜਿੰਸਕੀ ਨੇ ਸ਼ਾਨਦਾਰ ਵਾਪਸੀ ਕਰ ਕੇ ਸਕੋਰ 4-4 ਕਰ ਦਿੱਤਾ। ਬ੍ਰੇਕ ਤੋਂ 10 ਸਕਿੰਟ ਪਹਿਲਾਂ ਵਿਨੇਸ਼ ਨੇ ਦੋ ਹੋਰ ਅੰਕ ਹਾਸਲ ਕਰ ਕੇ 6-4 ਦੀ ਬੜ੍ਹਤ ਹਾਸਲ ਕਰ ਲਈ।

ਬ੍ਰੇਕ ਤੋਂ ਬਾਅਦ ਬੇਲਾਰੂਸ ਦੀ ਖਿਡਾਰਨ ਨੇ ਵਿਨੇਸ਼ 'ਤੇ ਦਬਾਅ ਬਣਾਉਣ ਤੋਂ ਬਾਅਦ ਚਾਰ ਅੰਕ ਹਾਸਲ ਕੇ ਬੜ੍ਹਤ ਬਣਾ ਲਈ ਪਰ ਭਾਰਤੀ ਭਲਵਾਨ ਨੇ ਇਕ ਵਾਰ ਫਿਰ ਚਾਰ ਅੰਕ ਨਾਲ 10-9 ਦੀ ਬੜ੍ਹਤ ਕਾਇਮ ਕਰ ਲਈ। ਵਿਨੇਸ਼ ਨੇ ਇਸ ਤੋਂ ਬਾਅਦ ਵਿਰੋਧੀ ਖਿਡਾਰੀ ਨੂੰ ਇਸ ਤਰ੍ਹਾਂ ਚਿੱਤ ਕੀਤਾ ਕਿ ਉਸ ਕੋਲ ਉੱਠਣ ਦਾ ਕੋਈ ਮੌਕਾ ਨਹੀਂ ਸੀ।

ਕੋਰੋਨਾ ਤੋਂ ਬਾਅਦ ਪਹਿਲਾ ਮੁਕਾਬਲਾ : ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਖੇਡ ਵਿਚ ਆਈ ਰੁਕਾਵਟ ਤੋਂ ਬਾਅਦ ਵਿਨੇਸ਼ ਦਾ ਇਹ ਪਹਿਲਾ ਮੁਕਾਬਲਾ ਸੀ। ਉਹ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਮਹਿਲਾ ਭਲਵਾਨ ਹਨ।