ਹਰਨੂਰ ਸਿੰਘ ਮਨੌਲੀ, ਉਦੈਪੁਰ (ਰਾਜਸਥਾਨ) : ਰਾਜਸਥਾਨ ਦੇ ਜ਼ਿਲ੍ਹੇ ਉਦੈਪੁਰ 'ਚ ਪੈਂਦੀ ਜ਼ਾਬਰ ਮਾਈਨਜ਼ ਹਿੰਦ ਜ਼ਿੰਕ ਵੱਲੋਂ ਰਾਜ 'ਚ ਨੌਜਵਾਨਾਂ (ਮਹਿਲਾ-ਪੁਰਸ਼ ਵਰਗਾਂ) 'ਚ ਫੁੱਟਬਾਲ ਖੇਡ ਨੂੰ ਮਕਬੂਲ ਬਣਾਉਣ ਲਈ ਹਰ ਸਾਲ ਆਲ ਇੰਡੀਆ ਮੋਹਨ ਕੁਮਾਰ ਮੰਗਲਮ ਮੈਮੋਰੀਅਲ ਹਿੰਦ ਜ਼ਿੰਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਫੁੱਟਬਾਲ ਟੂਰਨਾਮੈਂਟ ਦੀ ਲੜੀ ਨੂੰ ਜਾਰੀ ਰੱਖਦਿਆਂ ਇਸ ਸਾਲ ਵੀ ਸੌਕਰ ਮੁਕਾਬਲੇ ਦਾ 42ਵਾਂ ਐਡੀਸ਼ਨ ਹਿੰਦ ਜ਼ਿੰਕ ਜ਼ਾਵਰ ਮਾਈਨਜ਼ ਦੇ ਫੁੱਟਬਾਲ ਮੈਦਾਨ 'ਚ ਖੇਡਿਆ ਜਾ ਰਿਹਾ ਹੈ।

ਫੁੱਟਬਾਲ ਮੁਕਾਬਲੇ ਦੇ ਆਰਗੇਨਾਈਜ਼ਰ ਦੀਪਕ ਗਖਰੇਜਾ ਅਨੁਸਾਰ ਇਸ ਵਾਰ ਘਰੇਲੂ ਟੀਮ ਡੀਐੱਫਏ ਉਦੈਪੁਰ ਤੋਂ ਇਲਾਵਾ ਪੰਜਾਬ ਪੁਲਿਸ ਜਲੰਧਰ, ਇੰਡੀਅਨ ਬੈਂਕ ਮੁੰਬਈ, ਏਅਰ ਫੋਰਸ ਦਿੱਲੀ, ਐੱਸਆਰ ਸੈਂਟਰ ਜਲੰਧਰ, ਜੰਮੂ-ਕਸ਼ਮੀਰ ਪੁਲਿਸ, ਰੇਲਵੇ ਯੂਨੀਅਨ ਰਤਲਾਮ, ਆਰਬੀਆਈ ਦਿੱਲੀ, ਹਿੰਦੋਸਤਾਨ ਜ਼ਿੰਕ ਇਲੈਵਨ ਜ਼ਾਵਰ ਮਾਈਨਜ਼, ਸਹਾਰਾ ਫੁੱਟਬਾਲ ਕਲੱਬ ਲਖਨਊ, ਆਰਸੀ ਹੈਦਰਾਬਾਦ ਅਤੇ ਐੱਮਐੱਸਐੱਫ ਕੋਲਕਾਤਾ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਖ਼ਿਤਾਬ ਜਿੱਤਣ ਲਈ ਮੈਦਾਨ 'ਚ ਜ਼ੋਰ ਅਜ਼ਮਾਇਸ਼ ਕੀਤੀ ਪਰ ਚਾਰ ਟੀਮਾਂ ਐੱਸਆਰਸੀ ਜਲੰਧਰ, ਯੂਨੀਅਨ ਬੈਂਕ ਮੁੰਬਈ, ਐੱਮਐੱਸਐੱਫ ਕੋਲਕਾਤਾ ਅਤੇ ਏਅਰ ਫੋਰਸ ਦਿੱਲੀ ਨੇ ਖ਼ਿਤਾਬੀ ਮੈਚ ਖੇਡਣ ਲਈ ਸੈਮੀਫਾਈਨਲ ਦੀ ਟਿਕਟ ਕਟਾਈ। ਨੈਸ਼ਨਲ ਫੱੁਟਬਾਲ ਮੁਕਾਬਲੇ ਦੇ ਦੋਵੇਂ ਸੈਮੀਫਾਈਨਲ ਅੱਜ ਖੇਡੇ ਗਏ। ਪਹਿਲੇ ਸੈਮੀਫਾਈਨਲ 'ਚ ਐੱਸਆਰ ਸੈਂਟਰ ਜਲੰਧਰ ਦੀ ਟੀਮ ਨੇ ਐੱਸਆਰ ਫੁਟਬਾਲ ਕਲੱਬ ਕੋਲਕਾਤਾ ਦੀ ਟੀਮ ਨੂੰ ਹਰਾਇਆ ਜਦਕਿ ਦੂਜੇ ਸੈਮੀਫਾਈਨਲ 'ਚ ਏਅਰ ਫੋਰਸ ਦਿੱਲੀ ਦੇ ਖਿਡਾਰੀਆਂ ਨੇ ਯੂਨੀਅਨ ਬੈਂਕ ਮੁੰਬਈ ਦੀ ਟੀਮ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ। ਟੂਰਨਾਮੈਂਟ ਦਾ ਖ਼ਿਤਾਬੀ ਮੈਚ ਅੱਜ ਐੱਸਆਰ ਸੈਂਟਰ ਜਲੰਧਰ ਤੇ ਏਅਰ ਫੋਰਸ ਦਿੱਲੀ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਵੇਗਾ।

ਐੱਸਆਰ ਸੈਂਟਰ ਜਲੰਧਰ ਅਤੇ ਐੱਮਐੱਸ ਫੁੱਟਬਾਲ ਕਲੱਬ ਕੋਲਕਾਤਾ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ 'ਚ ਪੰਜਾਬ ਦੇ ਫੁੱਟਬਾਲਰਾਂ ਨੇ ਕੋਲਕਾਤਾ 'ਤੇ 4-0 ਗੋਲਾਂ ਦੀ ਇਕਪਾਸੜ ਜਿੱਤ ਹਾਸਲ ਕੀਤੀ। ਪੰਜਾਬ ਦੀ ਟੀਮ ਵੱਲੋਂ ਪਹਿਲੇ ਅੱਧ ਦੇ ਪੰਜਵੇਂ ਮਿੰਟ 'ਚ ਸਟ੍ਰਾਈਕਰ ਬਲਵਿੰਦਰ ਸਿੰਘ ਨੇ ਗੋਲ ਕੀਤਾ। ਮੈਚ ਦੇ 10ਵੇਂ ਮਿੰਟ 'ਚ ਅਟੈਕਿੰਗ ਮਿਡਫੀਲਡਰ ਬਲਬੀਰ ਸਿੰਘ ਨੇ ਕਾਰਨਰ ਨੂੰ ਗੋਲ 'ਚ ਤਬਦੀਲ ਕਰ ਕੇ ਸਕੋਰ 2-0 ਕੀਤਾ। ਜੇਤੂ ਟੀਮ ਵੱਲੋਂ ਦੂਜੇ ਅੱਧ 'ਚ ਤੀਜਾ ਗੋਲ ਬਲਬੀਰ ਸਿੰਘ ਵੱਲੋਂ ਮੈਚ ਦੇ 65ਵੇਂ ਮਿੰਟ 'ਚ ਕੀਤਾ ਗਿਆ। ਮੈਚ 'ਚ ਬਲਬੀਰ ਸਿੰਘ ਦਾ ਇਹ ਦੂਜਾ ਗੋਲ ਸੀ। 72ਵੇਂ ਮਿੰਟ 'ਚ ਗੁਰਵਿੰਦਰ ਸਿੰਘ ਨੇ ਫੀਲਡ ਗੋਲ ਕਰ ਕੇ ਸਕੋਰ 4-0 ਕੀਤਾ ਗਿਆ।

ਦੂਜੇ ਸੈਮਾਫਾਈਨਲ ਦੇ ਪਹਿਲੇ ਅੱਧ 'ਚ ਦੋਵੇਂ ਟੀਮਾਂ ਦਰਮਿਆਨ ਜ਼ਬਰਦਸਤ ਭੇੜ ਹੋਇਆ ਪਰ ਦੂਜੇ ਅੱਧ 'ਚ ਦਿੱਲੀ ਦੇ ਫੁੱਟਬਾਲਰਾਂ ਨੇ ਵਿਰੋਧੀ ਟੀਮ ਦੇ ਡਿਫੈਂਸ 'ਤੇ ਹਮਲਾ ਕਰ ਕੇ ਫਾਈਨਲ ਖੇਡਣ ਦਾ ਹੱਕ ਹਾਸਲ ਕੀਤਾ। ਦਿੱਲੀ ਏਅਰ ਫੋਰਸ ਦੀ ਟੀਮ ਵੱਲੋਂ 13ਵੇਂ ਮਿੰਟ 'ਚ ਦਵਿੰਦਰ ਸਿੰਘ ਵੱਲੋਂ ਸ਼ਾਨਦਾਰ ਗੋਲ ਕੀਤਾ ਗਿਆ। ਦੂਜੇ ਅੱਧ 'ਚ ਦਵਿੰਦਰ ਸਿੰਘ ਤੋਂ ਮਿਲੀ ਤਿੱਖੀ ਕਿੱਕ ਨੂੰ ਟਰੈਪ ਕਰਦਿਆਂ ਪ੍ਰਭਜੋਤ ਸਿੰਘ ਨੇ 56ਵੇਂ ਮਿੰਟ 'ਚ ਗੋਲਕੀਪਰ ਨੂੰ ਬੀਟ ਕਰਦਿਆਂ ਮੈਚ 'ਚ ਦੂਜਾ ਗੋਲ ਸਕੋਰ ਕੀਤਾ। ਏਅਰ ਫੋਰਸ ਦੇ ਖਿਡਾਰੀਆਂ ਨੇ 67ਵੇਂ ਅਤੇ 69ਵੇਂ ਮਿੰਟ 'ਚ ਦੋ ਗੋਲ ਕਰ ਕੇ ਸਕੋਰ 4-0 ਕਰ ਦਿੱਤਾ। ਮੈਚ ਦਾ ਤੀਜਾ ਗੋਲ ਦਵਿੰਦਰ ਸਿੰਘ ਵੱਲੋਂ ਕੀਤਾ ਗਿਆ। 69ਵੇਂ ਮਿੰਟ 'ਚ ਸੌਰਵ ਕੁਮਾਰ ਨੇ ਚੌਥਾ ਗੋਲ ਕਰ ਕੇ ਮੈਚ ਇਕਪਾਸੜ ਬਣਾ ਦਿੱਤਾ। ਟੂਰਨਾਮੈਂਟ ਦਾ ਖ਼ਿਤਾਬੀ ਮੈਚ ਅੱਜ ਦਿੱਲੀ ਏਅਰ ਫੋਰਸ ਅਤੇ ਐੱਸਆਰ ਸੈਂਟਰ ਜਲੰਧਰ ਦੇ ਖਿਡਾਰੀਆਂ ਦਰਮਿਆਨ ਖੇਡਿਆ ਜਾਵੇਗਾ ਜਦਕਿ ਯੂਨੀਅਨ ਬੈਂਕ ਮੁੰਬਈ ਤੇ ਐੱਮਐੱਸਐੱਫ ਕੋਲਕਾਤਾ ਦੀਆਂ ਟੀਮਾਂ ਤੀਜੀ-ਚੌਥੀ ਪੁਜ਼ੀਸ਼ਨ ਲਈ ਜ਼ੋਰ-ਅਜ਼ਮਾਇਸ਼ ਕਰਨਗੀਆਂ।