ਈਪੋਹ : ਫਾਈਨਲ 'ਚ ਪਹਿਲਾਂ ਹੀ ਥਾਂ ਪੱਕੀ ਕਰ ਚੁੱਕੀ ਭਾਰਤੀ ਟੀਮ ਸੁਲਤਾਨ ਅਜਲਨ ਸ਼ਾਹ ਕੱਪ ਹਾਕੀ ਟੂਰਨਾਮੈਂਟ 'ਚ ਸ਼ੁੱਕਰਵਾਰ ਨੂੰ ਇੱਥੇ ਜਦੋਂ ਘੱਟ ਰੈਂਕਿੰਗ ਦੀ ਪੋਲੈਂਡ ਨਾਲ ਭਿੜੇਗੀ ਤਾਂ ਉਸ ਦਾ ਟੀਚਾ ਆਪਣੀ ਹਮਲਾ ਸਮੱਰਥਾ ਪਰਖ ਕਰਕੇ ਵੱਡੀ ਜਿੱਤ ਹਾਸਲ ਕਰਨਾ ਹੋਵੇਗਾ।

ਭਾਰਤ ਤਿੰਨ ਜਿੱਤ ਤੇ ਇਕ ਡਰਾਅ ਨਾਲ ਅਜੇ ਛੇ ਟੀਮਾਂ ਦੇ ਟੂਰਨਾਮੈਂਟ 'ਚ 10 ਅੰਕ ਲੈ ਕੇ ਟਾਪ 'ਤੇ ਹੈ ਤੇ ਉਸ ਦਾ ਗੋਲ ਫਰਕ ਅੱਠ ਹੈ। ਦੱਖਣੀ ਕੋਰੀਆ ਦੇ ਵੀ 10 ਅੰਕ ਹਨ ਤੇ ਉਸ ਨੇ ਵੀ ਫਾਈਨਲ 'ਚ ਥਾਂ ਬਣਾ ਲਈ ਹੈ, ਪਰ ਉਸ ਦਾ ਗੋਲ ਫਰਕ ਪੰਜ ਹੈ। ਇਸ ਤਰ੍ਹਾਂ ਨਾਲ ਸਾਰੀਆਂ ਟੀਮਾਂ ਲਈ ਆਖ਼ਰੀ ਪੜਾਅ ਦੇ ਮੈਚ ਰਸਮੀ ਬਣ ਗਏ ਹਨ, ਪਰ ਭਾਰਤ ਤੇ ਕੋਰੀਆ ਦੋਵੇਂ ਹੀ ਜਿੱਤ ਦੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ।

ਵਿਸ਼ਵ 'ਚ 21ਵੇਂ ਨੰਬਰ ਦੇ ਪੋਲੈਂਡ ਖ਼ਿਲਾਫ਼ ਪੰਜਵੇਂ ਨੰਬਰ ਦੇ ਭਾਰਤ ਨੂੰ ਜਿੱਤ ਦਰਜ ਕਰਨ 'ਚ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਭਾਰਤ ਨੇ ਅਜੇ ਤਕ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਏਸ਼ੀਅਨ ਖੇਡਾਂ ਦੇ ਗੋਲਡ ਮੈਡਲ ਜੇਤੂ ਜਾਪਾਨ ਨੂੰ 2-0 ਨਾਲ ਹਰਾਇਆ ਤੇ ਮੇਜਬਾਨ ਮਲੇਸ਼ੀਆ ਨੂੰ 4-2 ਤੇ ਕੈਨੇਡਾ ਨੂੰ 7-3 ਨਾਲ ਹਰਾਇਆ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕੋਰੀਆ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ। ਭਾਰਤੀ ਟੀਮ ਕੋਰੀਆ ਖ਼ਿਲਾਫ਼ ਖ਼ਿਤਾਬੀ ਮੁਕਾਬਲੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਪਣੀ ਹਮਲਾ ਤਾਕਤ ਦੀ ਪਰਖ ਕਰਨ ਦੀ ਕੋਸ਼ਿਸ਼ ਕਰੇਗੀ। ਦਿਨ ਦੇ ਹੋਰ ਮੈਚਾਂ 'ਚ ਕੋਰੀਆ ਦਾ ਸਾਹਮਣਾ ਜਾਪਾਨ ਨਾਲ, ਜਦਕਿ ਮਲੇਸ਼ੀਆ ਦਾ ਕੈਨੇਡਾ ਨਾਲ ਹੋਵੇਗਾ।