ਸੇਰਾਵੇਲੇ (ਏਪੀ) : ਸੈਨ ਮੈਰਿਨੋ ਦੀ ਫੁੱਟਬਾਲ ਟੀਮ ਨੂੰ 10-0 ਨਾਲ ਬੁਰੀ ਤਰ੍ਹਾਂ ਹਰਾ ਕੇ ਇੰਗਲੈਂਡ ਨੇ 2022 ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਸਵਿਟਜ਼ਰਲੈਂਡ ਨੇ ਵੀ ਬੁਲਗਾਰੀਆ ਨੂੰ 4-0 ਨਾਲ ਮਾਤ ਦੇ ਕੇ ਵਿਸ਼ਵ ਕੱਪ ਵਿਚ ਥਾਂ ਬਣਾ ਲਈ ਹੈ। ਇੰਗਲੈਂਡ ਦੀ ਟੀਮ ਨੇ ਯੂਏਫਾ ਦੇ ਤਹਿਤ ਆਉਣ ਵਾਲੇ ਦੇਸ਼ਾਂ ਲਈ ਬਣੇ ਗਰੁੱਪ-ਆਈ ਵਿਚ ਚੋਟੀ 'ਤੇ ਰਹਿੰਦੇ ਹੋਏ ਟੂਰਨਾਮੈਂਟ ਵਿਚ ਆਪਣੀ ਥਾਂ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇੰਗਲੈਂਡ ਤੇ ਸਵਿਟਜ਼ਰਲੈਂਡ ਨੇ ਅਗਲੇ ਸਾਲ ਕਤਰ ਵਿਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ ਹੈ ਪਰ ਇਟਲੀ ਨੂੰ ਚਾਰ ਸਾਲ ਪਹਿਲਾਂ ਵਾਂਗ ਮੁੜ ਪਲੇਆਫ ਵਿਚ ਖੇਡਣਾ ਪਵੇਗਾ। ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੇ ਚਾਰ ਗੋਲ ਕੀਤੇ ਜਿਸ ਵਿਚੋਂ ਦੋ ਗੋਲ ਉਨ੍ਹਾਂ ਨੇ ਪੈਨਲਟੀ 'ਤੇ ਕੀਤੇ। ਇਸ ਨਾਲ ਇੰਗਲੈਂਡ ਵੱਲੋਂ ਉਨ੍ਹਾਂ ਦੇ ਕੁੱਲ ਗੋਲਾਂ ਦੀ ਗਿਣਤੀ 48 ਹੋ ਗਈ ਹੈ। ਉਹ ਵਾਇਨੇ ਰੂਨੀ ਦੇ ਰਾਸ਼ਟਰੀ ਰਿਕਾਰਡ ਤੋਂ ਹੁਣ ਸਿਰਫ਼ ਪੰਜ ਗੋਲ ਪਿੱਛੇ ਹਨ। ਕੇਨ ਨੇ ਆਪਣੇ ਸਾਰੇ ਗੋਲ ਪਹਿਲੇ ਅੱਧ ਵਿਚ ਕੀਤੇ। ਇਹ 1964 ਤੋਂ ਬਾਅਦ ਪਹਿਲਾ ਮੌਕਾ ਹੈ ਜਦ ਇੰਗਲੈਂਡ ਨੇ ਕਿਸੇ ਮੈਚ ਵਿਚ ਆਪਣੇ ਗੋਲਾਂ ਦੀ ਗਿਣਤੀ ਦੋਹਰੇ ਅੰਕ ਵਿਚ ਪਹੁੰਚਾਈ ਹੈ। ਕੇਨ ਤੋਂ ਇਲਾਵਾ ਹੈਰੀ ਮੈਗੁਆਇਰ, ਏਮਿਲੀ ਸਮਿਥ ਰੋਵ, ਟਾਇਰਨ ਮਿੰਗਜ਼, ਟੈਮ ਅਬ੍ਰਾਹਮ ਤੇ ਬੁਕਾਓ ਸਾਕਾ ਨੇ ਵੀ ਇੰਗਲੈਂਡ ਲਈ ਗੋਲ ਕੀਤੇ ਜਦਕਿ ਸੈਨ ਮੈਰਿਨੋ ਦੇ ਫਿਲਿਪੋ ਫਾਬਰੀ ਨੇ ਆਤਮਘਾਤੀ ਗੋਲ ਕੀਤਾ। ਇਟਲੀ ਨੇ ਉੱਤਰੀ ਆਇਰਲੈਂਡ ਖ਼ਿਲਾਫ਼ ਆਪਣਾ ਮੈਚ ਗੋਲਰਹਿਤ ਡਰਾਅ ਖੇਡਿਆ ਜਿਸ ਨਾਲ ਯੂਰਪੀ ਚੈਂਪੀਅਨ ਆਪਣੇ ਕੁਆਲੀਫਾਇੰਗ ਗਰੁੱਪ ਵਿਚ ਸਵਿਟਜ਼ਰਲੈਂਡ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ। ਸਵਿਟਜ਼ਰਲੈਂਡ ਨੇ ਬੁਲਗਾਰੀਆ ਨੂੰ 4-0 ਨਾਲ ਹਰਾ ਕੇ ਇਟਲੀ ਨੂੰ ਪਿੱਛੇ ਛੱਡਿਆ ਤੇ ਗਰੁੱਪ-ਸੀ ਵਿਚ ਸਿਖਰ 'ਤੇ ਰਹਿ ਕੇ ਸ਼ਾਨ ਨਾਲ ਵਿਸ਼ਵ ਕੱਪ ਵਿਚ ਥਾਂ ਬਣਾਈ। ਇਟਲੀ ਤੇ ਸਵਿਟਜ਼ਰਲੈਂਡ ਆਪਣੇ ਆਖ਼ਰੀ ਮੈਚ ਵਿਚ ਬਰਾਬਰ 15 ਅੰਕਾਂ ਨਾਲ ਉਤਰੇ ਸਨ। ਇਟਲੀ ਗੋਲ ਫ਼ਰਕ ਦੇ ਕਾਰਨ ਗਰੁੱਪ ਵਿਚ ਚੋਟੀ 'ਤੇ ਸੀ ਪਰ ਮੈਚ ਡਰਾਅ ਖੇਡਣ ਨਾਲ ਉਸ ਦੀਆਂ ਸਿੱਧਾ ਕੁਆਲੀਫਾਈ ਕਰਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।

ਸਕਾਟਲੈਂਡ ਨੇ ਰੋਕੀ ਡੈਨਮਾਰਕ ਦੀ ਅਜੇਤੂ ਮੁਹਿੰਮ

ਇਸ ਵਿਚਾਲੇ ਸਕਾਟਲੈਂਡ ਨੇ ਗਰੁੱਪ-ਐੱਫ ਦੇ ਜੇਤੂ ਡੈਨਮਾਰਕ ਨੂੰ 2-0 ਨਾਲ ਹਰਾ ਕੇ ਕੁਆਲੀਫਾਇੰਗ ਵਿਚ ਉਸ ਦੀ ਅਜੇਤੂ ਮੁਹਿੰਮ ਰੋਕੀ। ਇਸ ਨਾਲ ਸਕਾਟਲੈਂਡ ਵੀ ਇਟਲੀ ਵਾਂਗ ਪਲੇਆਫ ਵਿਚ ਦਰਜਾ ਟੀਮ ਦੇ ਰੂਪ ਵਿਚ ਹਿੱਸਾ ਲਵੇਗਾ। ਹੁਣ ਤਕ ਜਰਮਨੀ, ਡੈਨਮਾਰਕ, ਫਰਾਂਸ, ਬੈਲਜੀਅਮ, ਕ੍ਰੋਏਸ਼ੀਆ, ਸਪੇਨ, ਸਰਬੀਆ ਇੰਗਲੈਂਡ, ਸਵਿਟਜ਼ਰਲੈਂਡ ਦੀਆਂ ਟੀਮਾਂ ਯੂਏਫਾ ਵੱਲੋਂ ਕੁਆਲੀਫਾਈ ਕਰ ਸਕੀਆਂ ਹਨ ਜਦਕਿ ਬ੍ਰਾਜ਼ੀਲ ਦੀ ਟੀਮ ਦੱਖਣੀ ਅਮਰੀਕਾ ਨਾਲ ਕੁਆਲੀਫਾਈ ਕਰਨ ਵਿਚ ਕਾਮਯਾਬ ਰਹ ਹੀ ਹੈ।

ਕੀਨੀਆ ਨੇ ਰਵਾਂਡਾ ਨੂੰ 2-0 ਨਾਲ ਹਰਾਇਆ

ਕੀਨੀਆ ਨੇ ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਆਪਣੇ ਆਖ਼ਰੀ ਮੈਚ ਵਿਚ ਰਵਾਂਡਾ ਨੂੰ 2-1 ਨਾਲ ਹਰਾਇਆ ਜਿਸ ਨਾਲ ਸੰਕਟ ਵਿਚ ਫਸੇ ਰਾਸ਼ਟਰੀ ਸੰਘ ਨੇ ਕੁਝ ਸੁੱਖ ਦਾ ਸਾਹ ਲਿਆ। ਨੈਰੋਬੀ ਵਿਚ ਸੋਮਵਾਰ ਨੂੰ ਖੇਡੇ ਗਏ ਮੈਚ ਵਿਚ ਮਾਈਕਲ ਓਲੁੰਗਾ ਨੇ ਤੀਜੇ ਮਿੰਟ ਵਿਚ ਹੀ ਕੀਨੀਆ ਨੂੰ ਬੜ੍ਹਤ ਦਿਵਾ ਦਿੱਤੀ ਜਦਕਿ ਰਿਚਰਡ ਓਡਾਡਾ ਨੇ ਪੈਨਲਟੀ 'ਤੇ ਗੋਲ ਕਰ ਕੇ ਟੀਮ ਨੂੰ 15 ਮਿੰਟ ਅੰਦਰ 2-0 ਨਾਲ ਅੱਗੇ ਕਰ ਦਿੱਤਾ। ਰਵਾਂਡਾ ਵੱਲੋਂ ਇੱਕੋ ਇਕ ਗੋਲ ਓਲੀਵੀਅਰ ਨਿਓਨਜਿਮਾ ਨੇ ਕੀਤਾ। ਇਹ ਦੋਵੇਂ ਟੀਮਾਂ ਕਤਰ ਵਿਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੀ ਦੌੜ 'ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ।

Posted By: Jatinder Singh