ਸੁਖਵਿੰਦਰਜੀਤ ਸਿੰਘ ਮਨੌਲੀ, ਮੋਹਾਲੀ : ਭਾਰਤੀ ਕੌਮੀ ਫੁੱਟਬਾਲ ਟੀਮ ਏਸ਼ਿਆਈ ਚੈਂਪੀਅਨ ਕਤਰ ਦੀ ਟੀਮ ਨਾਲ ਫੀਫਾ ਫੁਟਬਾਲ ਕੱਪ-2022 ਦਾ ਕੁਆਲੀਫਾਇੰਗ ਰਾਊਂਡ ਮੈਚ ਅੱਠ ਅਕਤੂਬਰ ਨੂੰ ਖੇਡੇਗੀ। ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ (ਏਐੱਫਸੀ) ਨੇ ਫੀਫਾ ਦੇ ਹੈੱਡਕੁਆਟਰ ਜ਼ਿਓਰਿਖ 'ਚ ਫੀਫਾ ਦੀ ਕਮੇਟੀ ਦੇ ਪ੍ਰਬੰਧਕਾਂ ਨਾਲ ਲੰਮੀ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਕਾਬਲੇਗੌਰ ਹੈ ਕਿ ਫੀਫਾ ਵਰਲਡ ਫੁਟਬਾਲ ਕੱਪ 2022 'ਚ ਦੋਹਾ ਦੇ ਮੈਦਾਨਾਂ 'ਚ ਪਹਿਲੀ ਵਾਰ ਦੁਨੀਆਂ ਦੀਆਂ ਦਿੱਗਜ 48 ਸਾਕਰ ਟੀਮਾਂ ਦਰਮਿਆਨ ਖੇਡਿਆ ਜਾਵੇਗਾ।

ਏਐੱਫਸੀ ਦੇ ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਫੀਫਾ ਦੇ ਤੈਅਸ਼ੁਦਾ ਪ੍ਰਰੋਗਰਾਮ ਅਨੁਸਾਰ ਇੰਡੀਅਨ ਸਾਕਰ ਟੀਮ ਬੰਗਲਾਦੇਸ਼ ਨਾਲ 12 ਨਵੰਬਰ ਅਤੇ ਅਫ਼ਗਾਨਿਸਤਾਨ ਦੀ ਫੁੱਟਬਾਲ ਟੀਮ ਨਾਲ 17 ਨਵੰਬਰ ਨੂੰ ਕੁਆਲੀਫਾਇੰਗ ਮੈਚ ਖੇਡੇਗੀ। ਇੱਥੇ ਜ਼ਿਕਰਯੋਗ ਹੈ ਕਿ ਭਾਰਤੀ ਸਾਕਰ ਟੀਮ ਆਲਮੀ ਫੁੱਟਬਾਲ ਕੱਪ ਖੇਡਣ ਦੀ ਦੌੜ 'ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਫੀਫਾ ਵਰਲਡ ਕੱਪ ਦੋਹਾ-2022 ਅਤੇ ਏਸ਼ੀਆ ਫੁਟਬਾਲ ਕੱਪ ਚੀਨ-2023 ਦੇ ਇਹ ਕੁਆਲੀਫਾਇੰਗ ਮੈਚ ਪਹਿਲੇ ਸ਼ਡਿਊਲ ਅਨੁਸਾਰ ਇਸ ਸਾਲ ਮਾਰਚ ਅਤੇ ਜੂਨ 'ਚ ਖੇਡੇ ਜਾਣੇ ਸਨ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਫੀਫਾ ਅਤੇ ਏਐੱਫਸੀ ਵੱਲੋਂ ਆਪਸੀ ਤਾਲਮੇਲ ਕਰ ਕੇ ਇੰਡੀਅਨ ਫੁੱਟਬਾਲ ਟੀਮ ਦੇ ਵਿਸ਼ਵ ਫੁੱਟਬਾਲ ਕੱਪ ਅਤੇ ਏਸ਼ੀਅਨ ਫੁਟਬਾਲ ਕੱਪ ਦੇ ਕੁਆਲੀਫਾਇੰਗ ਮੈਚਾਂ ਦੀਆਂ ਨਵੀਆਂ ਤਰੀਕਾਂ ਐਲਾਨੀਆਂ ਗਈਆਂ ਹਨ।

ਏਐੱਫਸੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਮੈਚ ਡੇ-7 ਅਤੇ ਮੈਚ ਡੇ-8 ਹੁਣ ਨਵੇਂ ਪ੍ਰਰੋਗਰਾਮ ਮੁਤਾਬਕ ਅੱਠ ਅਤੇ 13 ਅਕਤੂਬਰ ਨੂੰ ਖੇਡੇ ਜਾਣਗੇ। ਕੋਵਿਡ-19 ਨਾਲ ਫੀਫਾ ਵਰਡਲ ਕੱਪ-2022 ਅਤੇ ਏਸ਼ੀਅਨ ਫੁਟਬਾਲ ਕੱਪ ਦਾ ਕੁਆਲੀਫਾਇੰਗ ਸ਼ਡਿਊਲ ਹੀ ਪ੍ਰਭਾਵਿਤ ਨਹੀਂ ਹੋਇਆ ਸਗੋਂ ਟੋਕੀਓ ਓਲੰਪਿਕ-2020, ਯੂਰੋ ਫੁੱਟਬਾਲ ਕੱਪ-2020 ਤੋਂ ਇਲਾਵਾ ਹੋਰ ਵਿਸ਼ਵ-ਵਿਆਪੀ ਟੂਰਨਾਮੈਂਟਾਂ ਦੀਆਂ ਤਰੀਕਾਂ ਵੀ ਕੌਮਾਂਤਰੀ ਖੇਡ ਪ੍ਰਬੰਧਕਾਂ ਨੂੰ ਮਜਬੂਰਨ ਅੱਗੇ ਪਾਉਣੀਆਂ ਪਈਆਂ ਹਨ।