ਅਲ ਰਿਆਨ (ਏਪੀ) : ਵੇਲਜ਼ ਦੇ ਰੈਗੂਲਰ ਗੋਲਕੀਪਰ ਵੇਨ ਹੇਨੇਸੀ ਨੂੰ 86ਵੇਂ ਮਿੰਟ ਵਿਚ ਮਿਲੇ ਰੈੱਡ ਕਾਰਡ ਤੋਂ ਬਾਅਦ ਈਰਾਨ ਦੀ ਟੀਮ ਹਾਵੀ ਹੋ ਗਈ। ਈਰਾਨ ਦੇ ਸਟ੍ਰਾਈਕਰ ਰਾਊਜਬੇਹ ਚੇਸ਼ਮੀ ਨੇ ਵਾਧੂ ਸਮੇਂ ਦੇ ਅੱਠਵੇਂ ਮਿੰਟ ਵਿਚ ਗੋਲ ਕਰ ਕੇ ਈਰਾਨ ਨੂੰ ਵੇਲਜ਼ 'ਤੇ ਜਿੱਤ ਦਿਵਾਈ। ਚੇਸ਼ਮੀ ਦੇ ਸ਼ਾਟ ਨੂੰ ਵੇਲਜ਼ ਦੇ ਬੈਕਅਪ ਗੋਲਕੀਪਰ ਡੈਨੀ ਵਾਰਡ ਡਾਈਵ ਲਾ ਕੇ ਵੀ ਨਹੀਂ ਬਚਾ ਸਕੇ। ਉਹ ਰੈਗੂਲਰ ਗੋਲਕੀਪਰ ਵੇਨ ਹੇਨੇਸੀ ਦੀ ਥਾਂ ਉਤਰੇ ਸਨ। ਜਦ ਤਕ ਵੇਲਜ਼ ਪਹਿਲੇ ਗੋਲ ਦੇ ਝਟਕੇਂ ਤੋਂ ਸੰਭਲਦਾ ਰਾਮਿਨ ਰਜਾਈਆਂ ਨੇ ਦੋ ਮਿੰਟ ਅੰਦਰ ਦੂਜਾ ਗੋਲ ਕਰ ਦਿੱਤਾ। ਉਨ੍ਹਾਂ ਦੇ ਇਸ ਗੋਲ ਦੇ ਕੁਝ ਸਕਿੰਟ ਬਾਅਦ ਹੀ ਆਖ਼ਰੀ ਸੀਟੀ ਵੱਜ ਗਈ। ਇਸ ਮੈਚ ਤੋਂ ਬਾਅਦ ਜਿੱਥੇ ਈਰਾਨ ਲਈ ਅੱਗੇ ਵਧਣ ਦੇ ਰਾਹ ਖੁੱਲ੍ਹ ਗਏ ਹਨ ਉਥੇ 1958 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਵਿਚ ਪੁੱਜੇ ਵੇਲਜ਼ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਪਹਿਲੇ ਮੈਚ ਵਿਚ ਅਮਰੀਕਾ ਖ਼ਿਲਾਫ਼ 1-1 ਨਾਲ ਡਰਾਅ ਖੇਡ ਕੇ ਵੇਲਜ਼ ਦੂਜਾ ਮੈਚ ਖੇਡਣ ਉਤਰਿਆ ਸੀ। ਉਥੇ ਈਰਾਨ ਨੂੰ ਮੁੱਖ ਦਾਅਵੇਦਾਰ ਇੰਗਲੈਂਡ ਨੇ 6-2 ਨਾਲ ਹਰਾਇਆ ਸੀ। ਇੰਗਲੈਂਡ ਖ਼ਿਲਾਫ਼ ਮੈਚ ਵਿਚ ਵੀ ਈਰਾਨ ਦੇ ਮੇਹਦੀ ਤਾਰੇਮੀ ਨੇ ਆਖ਼ਰੀ ਸਮੇਂ ਵਿਚ ਦੋ ਗੋਲ ਕਰ ਕੇ ਟੀਮ ਦੇ ਇਰਾਦਿਆਂ ਨੂੰ ਦਿਖਾ ਦਿੱਤਾ ਸੀ। ਉਸੇ ਆਤਮਵਿਸ਼ਵਾਸ ਨਾਲ ਉਤਰੀ ਟੀਮ ਨੇ ਇਸ ਵਾਰ ਕੋਈ ਗ਼ਲਤੀ ਨਹੀਂ ਕੀਤੀ।

ਪਹਿਲੇ ਮੈਚ ਵਿਚ ਡਰਾਅ ਖੇਡਣ ਤੋਂ ਬਾਅਦ ਵੇਲਜ਼ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਸੀ। ਪੂਰੇ ਮੈਚ ਵਿਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਰਿਹਾ ਪਰ 86ਵੇਂ ਮਿੰਟ ਵਿਚ ਵੇਲਜ਼ ਦੇ ਗੋਲਕੀਪਰ ਹੇਨੇਸੀ ਦੇ ਤਾਰੇਮੀ ਖ਼ਿਲਾਫ਼ ਫਾਊਲ ਨਾਲ ਮੈਚ ਦਾ ਰੁਖ਼ ਬਦਲ ਗਿਆ। ਉਨ੍ਹਾਂ ਨੂੰ ਇਸ ਲਈ ਰੈੱਡ ਕਾਰਡ ਮਿਲਿਆ ਜਿਸ ਨਾਲ ਵੇਲਜ਼ ਦੀ ਟੀਮ ਦਾ ਮਨੋਬਲ ਡਿੱਗ ਗਿਆ। ਈਰਾਨ ਨੇ ਇਸ ਦਾ ਪੂਰਾ ਫ਼ਾਇਦਾ ਉਠਾਇਆ। 64 ਸਾਲ ਬਾਅਦ ਵਿਸ਼ਵ ਕੱਪ ਵਿਚ ਪੁੱਜੇ ਵੇਲਜ਼ ਲਈ ਮੈਚ ਵਿਚ ਮਿਲੀ ਹਾਰ ਸੁਪਨੇ ਦੇ ਟੁੱਟਣ ਵਾਂਗ ਸੀ। ਹੁਣ ਵੇਲਜ਼ ਨੇ ਗਰੁੱਪ ਗੇੜ ਦੇ ਆਖ਼ਰੀ ਮੁਕਾਬਲੇ ਵਿਚ ਇੰਗਲੈਂਡ ਨਾਲ ਭਿੜਨਾ ਹੈ।