ਅਲ ਰਿਆਨ (ਏਪੀ) : ਆਖ਼ਰੀ ਵਿਸ਼ਵ ਕੱਪ ਖੇਡ ਰਹੇ ਲਿਓਨ ਮੈਸੀ ਆਸਟ੍ਰੇਲੀਆ ਖ਼ਿਲਾਫ਼ ਆਖ਼ਰੀ-16 ਦੇ ਮੁਕਾਬਲੇ ਵਿਚ ਪੂਰੇ ਰੰਗ ਵਿਚ ਦਿਖੇ ਤੇ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿਚ ਆਪਣਾ ਪਹਿਲਾ ਗੋਲ ਕੀਤਾ। ਮੈਸੀ ਦੇ ਜਾਦੂ ਨਾਲ ਅਰਜਨਟੀਨਾ ਨੇ ਆਸਟ੍ਰੇਲੀਆ 'ਤੇ 2-1 ਨਾਲ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਕੁਆਰਟਰ ਫਾਈਨਲ ਵਿਚ ਦੱਖਣੀ ਅਮਰੀਕੀ ਟੀਮ ਦਾ ਮੁਕਾਬਲਾ ਨੀਦਰਲੈਂਡ ਨਾਲ ਹੋਵੇਗਾ।

ਅਰਜਨਟੀਨਾ ਲਈ 1000ਵਾਂ ਮੁਕਾਬਲਾ ਖੇਡ ਰਹੇ ਮੈਸੀ ਨੇ ਮੈਚ ਦਾ ਸ਼ੁਰੂਆਤੀ ਗੋਲ ਕੀਤਾ ਜੋ ਕਤਰ ਵਿਸ਼ਵ ਕੱਪ ਵਿਚ ਉਨ੍ਹਾਂ ਦਾ ਤੀਜਾ ਗੋਲ ਸੀ। ਇਸ ਨਾਲ ਹੀ ਮੈਸੀ ਨੇ ਮਹਾਨ ਡਿਏਗੋ ਮਾਰਾਡੋਨਾ ਨੂੰ ਪਿੱਛੇ ਛੱਡਿਆ। ਮੈਸੀ ਦਾ ਵਿਸ਼ਵ ਕੱਪ ਵਿਚ ਇਹ ਨੌਵਾਂ ਗੋਲ ਸੀ ਜਦਕਿ ਮਾਰਾਡੋਨਾ ਦੇ ਨਾਂ ਅੱਠ ਗੋਲ ਹਨ। ਮੈਸੀ ਗੈਬਰੀਅਲ ਬਾਟਿਸਟਾ ਦਾ ਰਿਕਾਰਡ ਤੋੜਨ ਤੋਂ ਸਿਰਫ਼ ਇਕ ਗੋਲ ਪਿੱਛੇ ਹਨ। ਬਾਟਿਸਟਾ ਨੇ ਅਰਜਨਟੀਨਾ ਵੱਲੋਂ ਵਿਸ਼ਵ ਕੱਪ ਵਿਚ ਦਸ ਗੋਲ ਕੀਤੇ ਹਨ। ਅਹਿਮਦ ਬਿਨ ਅਲੀ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਅਰਜਨਟੀਨੀ ਟੀਮ ਲਈ ਜਿੱਤ ਦਾ ਰਾਹ ਓਨਾ ਵੀ ਸੌਖਾ ਨਹੀਂ ਰਿਹਾ ਜਿੰਨੀ ਉਮੀਦ ਕੀਤੀ ਜਾ ਰਹੀ ਸੀ। ਅਰਜਨਟੀਨਾ ਦੀ ਜਿੱਤ ਵਿਚ ਗੋਲਕੀਪਰ ਏਮੀ ਮਾਰਟੀਨੇਜ ਦੀ ਅਹਿਮ ਭੂਮਿਕਾ ਰਹੀ ਜਿਨ੍ਹਾਂ ਨੇ ਆਖ਼ਰੀ ਮਿੰਟਾਂ ਵਿਚ ਸ਼ਾਨਦਾਰ ਬਚਾਅ ਕਰਦੇ ਹੋਏ ਮੈਚ ਨੂੰ ਵਾਧੂ ਸਮੇਂ ਵਿਚ ਜਾਣ ਤੋਂ ਰੋਕਿਆ। ਮੈਚ ਦੇ 35ਵੇਂ ਮਿੰਟ ਵਿਚ ਮੈਸੀ ਨੇ ਨਿਕੋਲਸ ਓਟਾਮੇਂਡੀ ਦੇ ਪਾਸ 'ਤੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਪਹਿਲੇ ਅੱਧ ਤਕ ਅਰਜਨਟੀਨੀ ਟੀਮ ਨੇ ਇਸ ਬੜ੍ਹਤ ਨੂੰ ਬਣਾਈ ਰੱਖਿਆ। 57ਵੇਂ ਮਿੰਟ ਵਿਚ ਜੂਲੀਅਨ ਅਲਵਾਰੇਜ ਨੇ ਅਰਜਨਟੀਨੀ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਮੁਕਾਬਲੇ ਵਿਚ 2-0 ਨਾਲ ਪੱਛੜਨ ਤੋਂ ਬਾਅਦ ਆਖ਼ਰੀ 20 ਮਿੰਟ ਵਿਚ ਆਸਟ੍ਰੇਲੀਆ ਦੀ ਵਾਪਸੀ ਦੀ ਉਮੀਦ ਬੱਝੀ ਜਦ 77ਵੇਂ ਮਿੰਟ ਵਿਚ ਕ੍ਰੇਗ ਗੁਡਵਿਨ ਦਾ ਸ਼ਾਟ ਅਰਜਨਟੀਨਾ ਦੇ ਮਿਡਫੀਲਡਰ ਏਂਜੋ ਫਰਨਾਂਡੀਜ ਨਾਲ ਟਕਰਾਅ ਗਿਆ ਤੇ ਫਰਨਾਂਡੀਜ਼ ਨੇ ਆਤਮਘਾਤੀ ਗੋਲ ਕਰ ਦਿੱਤਾ। ਇਹ ਇਸ ਵਿਸ਼ਵ ਕੱਪ ਦਾ ਦੂਜਾ ਆਤਮਘਾਤੀ ਗੋਲ ਸੀ। ਆਸਟ੍ਰੇਲੀਆ ਨੇ ਇਸ ਤੋਂ ਬਾਅਦ ਹਮਲੇ ਤੇਜ਼ ਕੀਤੇ। ਟੀਮ ਨੂੰ ਆਖ਼ਰੀ ਸਮੇਂ ਵਿਚ ਗੋਲ ਕਰਨ ਦਾ ਮੌਕਾ ਮਿਲਿਆ ਜਦ ਗੇਰੇਂਗ ਕੁਓਲ ਕੋਲ ਗੇਂਦ ਪੁੱਜੀ ਤੇ ਉਨ੍ਹਾਂ ਨੇ ਸਿਰਫ਼ ਗੋਲਕੀਪਰ ਨੂੰ ਪਛਾੜਨਾ ਸੀ ਪਰ ਉਨ੍ਹਾਂ ਦੇ ਦਮਦਾਰ ਸ਼ਾਟ ਨੂੰ ਮਾਰਟੀਨੇਜ ਨੇ ਰੋਕ ਦਿੱਤਾ ਤੇ ਅਰਜਨਟੀਨਾ ਦੀ ਜਿੱਤ ਯਕੀਨੀ ਬਣਾ ਦਿੱਤੀ। ਆਸਟ੍ਰੇਲਿਆਈ ਟੀਮ ਦੂਜੀ ਵਾਰ ਵਿਸ਼ਵ ਕੱਪ ਵਿਚ ਆਖ਼ਰੀ-16 ਤਕ ਪੁੱਜੀ ਸੀ। ਇਸ ਤੋਂ ਪਹਿਲਾਂ 2006 ਵਿਚ ਕੰਗਾਰੂ ਟੀਮ ਨੇ ਨਾਕਆਊਟ ਗੇੜ ਵਿਚ ਥਾਂ ਬਣਾਈ ਸੀ ਤਦ ਉਸ ਨੂੰ ਇਟਲੀ ਹੱਥੋਂ ਹਾਰ ਸਹਿਣੀ ਪਈ ਸੀ।

ਮੈਸੀ ਦਾ 789 ਗੋਲ

ਸੱਤ ਵਾਰ ਦੁਨੀਆ ਦੇ ਸਰਬੋਤਮ ਫੁੱਟਬਾਲਰ ਚੁਣੇ ਗਏ ਮੈਸੀ ਦੇ ਨਾਂ 789 ਗੋਲ ਹੋ ਗਏ ਹਨ। ਆਸਟ੍ਰੇਲੀਆ ਖ਼ਿਲਾਫ਼ ਕੀਤਾ ਗਿਆ ਉਨ੍ਹਾਂ ਦਾ 94ਵਾਂ ਅੰਤਰਰਾਸ਼ਟਰੀ ਗੋਲ ਸੀ। ਹੁਣ ਉਨ੍ਹਾਂ ਦੀਆਂ ਨਜ਼ਰਾਂ 18 ਦਸੰਬਰ ਨੂੰ ਹੋਣ ਵਾਲੇ ਫਾਈਨਲ ਵਿਚ ਟੀਮ ਨੂੰ ਖ਼ਿਤਾਬ ਦਿਵਾਉਣ 'ਤੇ ਹਨ ਕਿਉਂਕਿ ਇਹ ਉਨ੍ਹਾਂ ਦਾ ਆਖ਼ਰੀ ਵਿਸ਼ਵ ਕੱਪ ਹੈ ਤੇ ਉਹ ਵਿਸ਼ਵ ਕੱਪ ਟਰਾਫੀ ਨਾਲ ਵਿਦਾਈ ਲੈਣਾ ਚਾਹੁਣਗੇ।

ਨੀਦਰਲੈਂਡ ਦੀ ਚੁਣੌਤੀ :

ਅਰਜਨਟੀਨਾ ਹੁਣ ਕੁਆਰਟਰ ਫਾਈਨਲ ਵਿਚ ਨੀਦਰਲੈਂਡ ਨਾਲ ਭਿੜੇਗਾ। ਇਹ ਮੁਕਾਬਲਾ 89 ਹਜ਼ਾਰ ਦੀ ਸਮਰੱਥਾ ਵਾਲੇ ਲੁਸੈਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਵਿਸ਼ਵ ਕੱਪ ਵਿਚ ਆਖ਼ਰੀ ਵਾਰ ਇਹ ਦੋਵੇਂ ਟੀਮਾਂ 2014 ਵਿਚ ਭਿੜੀਆਂ ਸਨ। ਸੈਮੀਫਾਈਨਲ ਮੁਕਾਬਲੇ ਵਿਚ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾਇਆ ਸੀ।

----------

ਵਿਸ਼ਵ ਕੱਪ ਟਰਾਫੀ ਵੱਲ ਇਕ ਹੋਰ ਕਦਮ ਵਧਾਅ ਕੇ ਅਸੀਂ ਬਹੁਤ ਖ਼ੁਸ਼ ਹਾਂ। ਇਹ ਕਾਫੀ ਮੁਸ਼ਕਲ ਮੈਚ ਸੀ। ਇਹੀ ਵਿਸ਼ਵ ਕੱਪ ਹੈ ਤੇ ਹਰ ਮੈਚ ਮੁਸ਼ਕਲ ਹੁੰਦਾ ਹੈ। ਅਸੀਂ ਅਗਲਾ ਮੈਚ ਨੀਦਰਲੈਂਡ ਨਾਲ ਖੇਡਣਾ ਹੈ, ਜਿਸ ਨੇ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਇਕ ਸਖ਼ਤ ਮੁਕਾਬਲਾ ਹੋਵੇਗਾ।

-ਲਿਓਨ ਮੈਸੀ, ਕਪਤਾਨ, ਅਰਜਨਟੀਨਾ