ਨਵੀਂ ਦਿੱਲੀ (ਏਜੰਸੀ) : ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਨੇ ਕੋਵਿਡ-19 ਕਾਰਨ ਦੁਨੀਆ ਦੀਆਂ ਖੇਡਾਂ ਦੇ ਮੁਲਤਵੀ ਹੋਣ ਵਿਚਾਲੇ ਉਮੀਦ ਜ਼ਾਹਰ ਕੀਤੀ ਹੈ ਕਿ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਇਸ ਸਾਲ ਨਵੰਬਰ ਵਿਚ ਆਪਣੇ ਤੈਅ ਸਮੇਂ 'ਤੇ ਹੋਵੇਗਾ। ਟੂਰਨਾਮੈਂਟ ਦੇ ਸ਼ੁਰੂ ਹੋਣ ਵਿਚ ਅਜੇ ਸੱਤ ਮਹੀਨੇ ਦਾ ਸਮਾਂ ਹੈ ਤੇ ਇਸ ਕਾਰਨ ਪ੍ਰਬੰਧਕ ਕਮੇਟੀ ਨੂੰ ਉਮੀਦ ਹੈ ਕਿ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਇੰਨਾ ਸਮਾਂ ਕਾਫੀ ਹੈ।

ਏਆਈਐੱਫਐੱਫ ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਹਾਲਾਂਕਿ ਕਿਹਾ ਕਿ ਹੁਣ ਸਭ ਕੁਝ ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ 'ਤੇ ਨਿਰਭਰ ਕਰਦਾ ਹੈ। ਦਾਸ ਨੇ ਕਿਹਾ ਕਿ ਫੀਫਾ ਇਸ 'ਤੇ ਫ਼ੈਸਲਾ ਲਵੇਗਾ। ਉਸ ਨੇ ਸਾਰੇ ਹਾਲਾਤ 'ਤੇ ਨਜ਼ਰ ਰੱਖੀ ਹੋਈ ਹੈ ਤੇ ਅਸੀਂ ਦੇਖਾਂਗੇ ਕਿ ਇਹ ਕਿਵੇਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਟੂਰਨਾਮੈਂਟ ਵਿਚ ਕਾਫੀ ਸਮਾਂ ਬਚਿਆ ਹੈ ਤੇ ਉਹ ਅਜੇ ਉਡੀਕ ਕਰਨਾ ਚਾਹੁਣਗੇ। ਵਿਸ਼ਵ ਕੱਪ ਦੋ ਤੋਂ 21 ਨਵੰਬਰ ਤਕ ਨਵੀ ਮੁੰਬਈ, ਕੋਲਕਾਤਾ, ਅਹਿਮਦਾਬਾਦ, ਭੁਵਨੇਸ਼ਵਰ ਤੇ ਗੁਹਾਟੀ ਵਿਚ ਹੋਵੇਗਾ। ਦਾਸ ਨੂੰ ਪਤਾ ਹੈ ਕਿ ਟੂਰਨਾਮੈਂਟ ਲਈ ਯੂਰਪੀ ਤੇ ਅਫਰੀਕੀ ਕੁਆਲੀਫਾਇਰ ਮੁਕਾਬਲੇ ਅਜੇ ਬਾਕੀ ਹਨ। ਫੀਫਾ ਆਪਣੇ ਸਾਰੇ ਕੁਆਲੀਫਾਇੰਗ ਟੂਰਨਾਮੈਂਟਾਂ ਦੀਆਂ ਤਰੀਕਾਂ ਨੂੰ ਲੈ ਕੇ ਸਾਰੀਆਂ ਫੈਡਰੇਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਿਹਾ ਹੈ। ਕੋਵਿਡ-19 ਮਹਾਮਾਰੀ ਕਾਰਨ ਖੇਡ ਦੀ ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਮੰਨਿਆ ਜਾਣ ਵਾਲਾ ਓਲੰਪਿਕ ਵੀ ਇਕ ਸਾਲ ਲਈ ਟਾਲਣਾ ਪਿਆ ਹੈ। ਯੂਰੋ 2020 ਫੁੱਟਬਾਲ ਟੂਰਨਾਮੈਂਟ ਵੀ ਮੁਲਤਵੀ ਹੋ ਗਿਆ ਹੈ।

ਫੀਫਾ ਭਾਰਤ 'ਚ ਸਥਿਤੀ 'ਤੇ ਰੱਖ ਰਿਹੈ ਨਜ਼ਰ :

ਫੀਫਾ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਭਾਰਤ ਵਿਚ ਕੋਵਿਡ-19 ਦੀ ਮਹਾਮਾਰੀ ਨਾਲ ਪੈਦਾ ਹੋਣ ਵਾਲੇ ਹਾਲਾਤ 'ਤੇ ਨਜ਼ਰ ਰੱਖਣ ਨਾਲ 'ਬਦਲਵੇਂ ਹੱਲ' ਦੀ ਭਾਲ ਕਰ ਰਿਹਾ ਹੈ। ਇਸ ਚੋਟੀ ਦੀ ਸੰਸਥਾ ਨੇ ਕਿਹਾ ਸੀ ਕਿ ਨਵੰਬਰ ਵਿਚ ਦੇਸ਼ ਵਿਚ ਹੋਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਦੇ ਭਵਿੱਖ ਦਾ ਫ਼ੈਸਲਾ ਕਰਨ ਲਈ ਭਾਰਤ ਵਿਚ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਟੂਰਨਾਮੈਂਟ ਵਿਚ 16 ਟੀਮਾਂ ਨੇ ਹਿੱਸਾ ਲੈਣਾ ਹੈ ਜਿਸ ਲਈ ਸਿਰਫ਼ ਤਿੰਨ ਟੀਮਾਂ ਨੇ ਕੁਆਲੀਫਾਈ ਕੀਤਾ ਹੈ। ਭਾਰਤ ਮੇਜ਼ਬਾਨ ਵਜੋਂ ਜਦਕਿ ਉੱਤਰ ਕੋਰੀਆ ਤੇ ਜਾਪਾਨ ਨੇ ਏਸ਼ਿਆਈ ਜੇਤੂ ਤੇ ਉੱਪ ਜੇਤੂ ਵਜੋਂ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ।