ਜਿਊਰਿਖ (ਏਪੀ) : ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਨੇ ਪਾਕਿਸਤਾਨ ਤੇ ਚਾਡ ਦੇ ਰਾਸ਼ਟਰੀ ਫੁੱਟਬਾਲ ਮਹਾਸੰਘਾਂ ਨੂੰ ਉਨ੍ਹਾਂ ਦੇ ਸੰਚਾਲਨ ਦੇ ਤਰੀਕੇ ਨੂੰ ਲੈ ਕੇ ਵਿਵਾਦ ਤੋਂ ਬਾਅਦ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ। ਪਾਕਿਸਤਾਨ ਫੁੱਟਬਾਲ ਮਹਾਸੰਘ (ਪੀਐੱਸਐੱਫ) ਨੂੰ ਤੀਜੇ ਪੱਖ ਦੇ ਦਖ਼ਲ ਕਾਰਨ ਚਾਰ ਸਾਲ ਵਿਚ ਦੂਜੀ ਵਾਰ ਮੁਅੱਤਲ ਕੀਤਾ ਗਿਆ ਹੈ ਜਦ ਪਿਛਲੇ ਮਹੀਨੇ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਸੰਸਥਾ ਦੇ ਮੁੱਖ ਦਫਤਰ 'ਤੇ ਕਬਜ਼ਾ ਕਰ ਲਿਆ ਸੀ। ਇਹ ਪ੍ਰਦਰਸ਼ਨਕਾਰੀ ਅਧਿਕਾਰੀਆਂ ਦੇ ਸਮੂਹ ਵਿਚਾਲੇ ਸਾਲਾਂ ਦੀ ਅੰਦਰੂਨੀ ਲੜਾਈ ਤੋਂ ਬਾਅਦ ਪਾਕਿਸਤਾਨ ਵਿਚ ਖੇਡ ਦੇ ਸੰਚਾਲਨ ਲਈ ਫੀਫਾ ਵੱਲੋਂ ਨਿਯੁਕਤ ਇਕ ਕਮੇਟੀ ਦਾ ਵਿਰੋਧ ਕਰ ਰਹੇ ਸਨ। ਪੀਐੱਫਐੱਫ ਮੁੱਖ ਦਫਤਰ 'ਤੇ ਕਬਜ਼ੇ ਦੇ ਕਾਰਨ ਪਹਿਲਾਂ ਹੀ ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਵਿਚ ਅੜਿੱਕਾ ਪੈ ਗਿਆ ਹੈ। ਚਾਡ ਨੂੰ ਉਸ ਸਮੇਂ ਮੁਅੱਤਲ ਕੀਤਾ ਗਿਆ ਜਦ ਇਸ ਅਫਰੀਕੀ ਦੇਸ਼ ਦੀ ਸਰਕਾਰ ਨੇ ਰਾਸ਼ਟਰੀ ਫੁੱਟਬਾਲ ਮਹਾਸੰਘ ਨੂੰ ਭੰਗ ਕਰ ਕੇ ਖੇਡ ਦੇ ਸੰਚਾਲਨ ਲਈ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕਰਨ ਦੀ ਕੋਸ਼ਿਸ਼ ਕੀਤੀ। ਫੀਫਾ ਨੇ ਕਿਹਾ ਕਿ ਉਹ ਮੁਅੱਤਲੀ ਤਦ ਹੀ ਹਟਾਉਣਗੇ ਜਦ ਸਰਕਾਰ ਆਪਣੇ ਫ਼ੈਸਲੇ ਨੂੰ ਰੱਦ ਕਰੇਗੀ ਤੇ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਨੂੰ ਦੁਬਾਰਾ ਅਧਿਕਾਰ ਦੇਵੇਗੀ।