AIFF FIFA News: ਦੁਨੀਆ ਦੀ ਸਭ ਤੋਂ ਵੱਡੀ ਫੁੱਟਬਾਲ ਸੰਸਥਾ ਫੀਫਾ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੂੰ ਮੁਅੱਤਲ ਕਰ ਦਿੱਤਾ ਹੈ। ਫੀਫਾ ਦਾ ਇਲਜ਼ਾਮ ਹੈ ਕਿ ਏਆਈਐਫਐਫ ਤੀਜੀ ਧਿਰ ਦੇ ਅਣਉਚਿਤ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ, ਜੋ ਕਿ ਫੀਫਾ ਕਾਨੂੰਨ ਦੀ ਗੰਭੀਰ ਉਲੰਘਣਾ ਹੈ। ਹਾਲ ਹੀ ਦੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦੇ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਦੇ ਸਾਹਮਣੇ ਮਾਮਲੇ ਦਾ ਜ਼ਿਕਰ ਕੀਤਾ ਅਤੇ 17 ਅਗਸਤ ਨੂੰ ਇਸ ਮੁੱਦੇ 'ਤੇ ਸੁਣਵਾਈ ਕਰਨ ਲਈ ਕਿਹਾ। ਫੀਫਾ ਨੇ ਇਕ ਬਿਆਨ ਵਿੱਚ ਕਿਹਾ, "ਏਆਈਐਫਐਫ ਕਾਰਜਕਾਰੀ ਕਮੇਟੀ ਲਈ ਪ੍ਰਸ਼ਾਸਕਾਂ ਦੀ ਕਮੇਟੀ ਦੇ ਗਠਨ ਤੋਂ ਬਾਅਦ ਮੁਅੱਤਲੀ ਹਟਾ ਦਿੱਤੀ ਜਾਵੇਗੀ।"

ਸੁਪਰੀਮ ਕੋਰਟ 'ਚ ਵੀ ਚੱਲ ਰਿਹਾ ਕੇਸ

ਸਾਬਕਾ ਮੁਖੀ ਪ੍ਰਫੁੱਲ ਪਟੇਲ ਦੇ ਕਾਰਜਕਾਲ ਤੋਂ ਪਰੇ ਅਹੁਦੇ 'ਤੇ ਰਹਿਣ ਤੋਂ ਬਾਅਦ ਏਆਈਐੱਫਐੱਫ ਮੁਸ਼ਕਲ 'ਚ ਘਿਰ ਗਿਆ, ਕਿਉਂਕਿ ਭਾਰਤ ਦੀ ਸੁਪਰੀਮ ਕੋਰਟ ਨੇ ਇਸ ਨੂੰ ਉਲੰਘਣਾ ਕਰਾਰ ਦਿੱਤਾ ਸੀ। SC ਨੇ AIFF ਨੂੰ ਪ੍ਰਸ਼ਾਸਕਾਂ ਦੀ ਇਕ ਕਮੇਟੀ (CoA) ਦੀ ਅਗਵਾਈ 'ਚ ਰੱਖਿਆ ਸੀ ਜਿਸ ਨੂੰ ਉਸ ਨੇ ਮਈ 2022 'ਚ ਚੁਣਿਆ ਸੀ।

ਏਆਈਐਫਐਫ ਨੂੰ ਮੁਅੱਤਲ ਕਰਨ ਦਾ ਫੈਸਲਾ ਉਦੋਂ ਆਇਆ ਜਦੋਂ ਭਾਰਤ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਿੱਤਾ ਕਿ ਭਾਰਤੀ ਫੁਟਬਾਲ ਗਵਰਨਿੰਗ ਬਾਡੀ ਦੀ ਕਾਰਜਕਾਰੀ ਕਮੇਟੀ ਦੀ ਤੇਜ਼ੀ ਨਾਲ ਚੋਣ ਕੀਤੀ ਜਾਵੇ। ਅਦਾਲਤ ਨੇ 21 ਜੁਲਾਈ 2022 ਨੂੰ ਇਸ ਤੱਥ ਦਾ ਨੋਟਿਸ ਲਿਆ ਸੀ ਕਿ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਸ਼ੁਰੂ ਹੋਣ ਵਾਲਾ ਹੈ ਅਤੇ ਭਾਰਤ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਇਸ ਤੋਂ ਇਲਾਵਾ, ਫੀਫਾ ਨੇ ਸੀਓਏ ਨੂੰ ਸੰਕੇਤ ਦਿੱਤਾ ਕਿ ਟੂਰਨਾਮੈਂਟ ਦਾ ਉਦਘਾਟਨ ਲੋਕਤਾਂਤਰਿਕ ਤੌਰ 'ਤੇ ਚੁਣੀ ਗਈ ਏਐਫਆਈਐਫ ਦੇ ਤਹਿਤ ਕੀਤਾ ਜਾਣਾ ਚਾਹੀਦਾ ਹੈ।

ਫੀਫਾ ਵੱਲੋਂ ਏਆਈਐਫਐਫ ਨੂੰ ਮੁਅੱਤਲ ਕਰਨ ਦਾ ਮਤਲਬ ਇਹ ਵੀ ਹੈ ਕਿ ਅਕਤੂਬਰ 'ਚ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀਆਂ ਭਾਰਤ ਦੀਆਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਫੀਫਾ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਰਤ ਇਸ ਸਮੇਂ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਤੇ ਉਹ ਢੁੱਕਵਾਂ ਹੱਲ ਕੱਢਣ ਲਈ ਖੇਡ ਮੰਤਰਾਲੇ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ।

Posted By: Seema Anand