ਫੀਫਾ ਵੱਲੋਂ ਸਾਲ-2020 ਦੇ ਸਰਬੋਤਮ ਪੁਰਸ਼ ਤੇ ਮਹਿਲਾ ਫੁੱਟਬਾਲਰ ਚੁਣਨ ਤੋਂ ਇਲਾਵਾ ਦੋਵਾਂ ਵਰਗਾਂ ਦੇ ਬਿਹਤਰੀਨ ਗੋਲਕੀਪਰ ਤੇ ਸਿਖਲਾਇਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਫੇਅਰ ਪਲੇਅ ਐਵਾਰਡ ਇਟਲੀ ਦੇ ਡਿਫੈਂਡਰ ਮਤੀਆ ਅਗਨੀਸ ਨੂੰ ਦਿੱਤਾ ਗਿਆ ਹੈ। ਫੀਫਾ ਵੱਲੋਂ ਆਪਣੀ ਮੇਲ ਸਟਾਰ ਬੈਸਟ ਪਲੇਇੰਗ ਇਲੈਵਨ ਫੁੱਟਬਾਲ ਟੀਮ ਦਾ ਐਲਾਨ ਵੀ ਕੀਤਾ ਗਿਆ ਹੈ।

ਬਿਹਤਰੀਨ ਪੁਰਸ਼ ਫੁੱਟਬਾਲਰ

ਸਾਲ 2020 ਦੇ ਅੱਵਲਤਰੀਨ ਫੁੱਟਬਾਲਰ ਦਾ ਗੁਣਾ ਪੋਲੈਂਡ ਦੇ ਸਟਰਾਈਕਰ ਰਾਬਰਟ ਲੇਵੈਂਡੋਵਸਕੀ ’ਤੇ ਪਿਆ। ਜਰਮਨੀ ਦੇ ਬਾਇਰਨ ਮਿਓਨਿਖ ਐੱਫਸੀ ਵੱਲੋਂ ਖੇਡਣ ਵਾਲੇ ਰਾਬਰਟ ਲੇਵੈਂਡੋਵਸਕੀ ਨੇ ਖ਼ਿਤਾਬੀ ਦੌੜ ’ਚ ਰੋਨਾਲਡੋ ਤੇ ਮੈਸੀ ਨੂੰ ਪਛਾੜਿਆ ਹੈ। ਰੋਨਾਲਡੋ ਤੇ ਮੈਸੀ ਨੇ ਲਗਾਤਾਰ ਇਕ ਦਹਾਕਾ ਇਸ ਖ਼ਿਤਾਬ ’ਤੇ ਕਬਜ਼ਾ ਕਰਨ ’ਚ ਸਫਲਤਾ ਹਾਸਲ ਕੀਤੀ ਪਰ ਇਸ ਵਾਰ ਰਾਬਰਟ ਨੇ ਦੋਹਾਂ ਦਾ ਗ਼ਲਬਾ ਤੋੜ ਦਿੱਤਾ।

2007 ਵਿਚ ਪੋਲੈਂਡ ਦੀ ਅੰਡਰ-19 ਤੇ ਅੰਡਰ-21 ਟੀਮਾਂ ਦੀ ਨੁਮਾਇੰਦਗੀ ਕਰਨ ਵਾਲੇ ਰਾਬਰਟ ਨੂੰ 2008 ’ਚ ਸੀਨੀਅਰ ਟੀਮ ’ਚ ਸ਼ਾਮਲ ਕੀਤਾ ਗਿਆ। 116 ਕੌਮਾਂਤਰੀ ਮੈਚਾਂ ’ਚ 63 ਗੋਲ ਦਾਗਣ ਵਾਲਾ ਰਾਬਰਟ ਲੇਵੈਂਡੋਵਸਕੀ ਦੁਨੀਆ ਦਾ ਪਲੇਠਾ ਖਿਡਾਰੀ ਹੈ, ਜਿਸ ਨੇ ਹੁਟਨਿਕ ਵਾਰਸਾਵ ਵੱਲੋਂ ਫਸਟ-ਡਿਵੀਜ਼ਨ ਖੇਡਦਿਆਂ 250 ਗੋਲ ਦਾਗਣ ਦਾ ਮਾਣ ਹਾਸਲ ਕੀਤਾ। ਇਸ ਤੋਂ ਇਲਾਵਾ ਰਾਬਰਟ ਨੂੰ ਪੋਲੈਂਡ ਵੱਲੋਂ ਸੈਕੰਡ ਤੇ ਥਰਡ ਟੀਅਰ ਪੋਲਿਸ ਫੁੱਟਬਾਲ ’ਚ ਦੋਵੇਂ ਵਾਰ ‘ਟਾਪ ਸਕੋਰਰ’ ਰਹਿਣ ਦਾ ਰੁਤਬਾ ਹਾਸਲ ਹੋਇਆ। ਉਸ ਨੂੰ ਪੋਲੈਂਡ ਦੀ ਸੀਨੀਅਰ ਕੌਮੀ ਟੀਮ ਨਾਲ ਯੂਰੋ ਫੁੱਟਬਾਲ ਕੱਪ-2012 ਤੇ 2016 ਤੇ ਵਰਲਡ ਕੱਪ-

2018 ਖੇਡਣ ਦਾ ਮਾਣ ਹਾਸਲ ਹੈ।

ਅੱਠ ਵਾਰ ‘ਪੋਲਿਸ ਪਲੇਅਰ ਆਫ ਦਿ ਯੀਅਰ’ ਬਣਨ ਵਾਲੇ ਰਾਬਰਟ ਨੂੰ ਆਈਐੱਫਐੱਫਐੱਚਐੱਸ ਵੱਲੋਂ 2020 ਵਿਚ ‘ਵਰਲਡਜ਼ ਬੈਸਟ ਇੰਟਰਨੈਸ਼ਨਲ ਗੋਲ ਸਕੋਰਰ’ ਐਲਾਨਿਆ ਗਿਆ। ਉਸ ਨੂੰ ਦੋ ਵਾਰ ਯੂਰਪੀਅਨ ਬੈਸਟ ਇਲੈਵਨ ਟੀਮ ਤੇ ਤਿੰਨ ਵਾਰ ਯੂਰੋ ਚੈਂਪੀਅਨ ਲੀਗ ਟੀਮ ਦਾ ਹਿੱਸਾ ਬਣਨ ਦਾ ਵੀ ਹੱਕ ਹਾਸਲ ਹੋਇਆ। ਪੋਲਿਸ, ਜਰਮਨ ਤੇ ਫੱਰਾਟੇਦਾਰ ਅੰਗਰੇਜ਼ੀ ਬੋਲਣ ਵਾਲੇ ਰਾਬਰਟ ਨੂੰ

2018 ਦੇ ਵਰਲਡ ਕੱਪ ਕੁਆਲੀਫਾਇਰ ਮੁਕਾਬਲਿਆਂ ’ਚ ‘ਟਾਪ ਗੋਲ ਸਕੋਰਰ’ ਅਤੇ ਲਗਾਤਾਰ ਸੱਤ ਵਾਰ ਫੀਫਾ ਦੇ ਬੈਸਟ ਇਲੈਵਨ ਮੁਕਾਬਲੇ ਲਈ ਚੁਣਿਆ ਗਿਆ। ਕਲੱਬ ਕਰੀਅਰ ਦੌਰਾਨ 2019-20 ’ਚ 50 ਗੋਲ ਕਰਨ ਵਾਲੇ ਰਾਬਰਟ ਨੂੰ ਫੀਫਾ ਵਲੋਂ ‘ਵਰਲਡ ਸੌਕਰ ਪਲੇਅਰ ਆਫ ਦਿ ਯੀਅਰ-2020’ ਨਾਲ ਵੀ ਸਨਮਾਨਿਆ ਗਿਆ। ਉਸ ਨੂੰ 2020 ’ਚ ‘ਗਲੋਬਲ ਸੌਕਰ ਪਲੇਅਰ ਆਫ ਦਿ ਯੀਅਰ’ ਖਿਤਾਬ ਜਿੱਤਣ ਦਾ ਮੌਕਾ ਨਸੀਬ ਹੋਇਆ।

ਸਾਲ 2005 ’ਚ ਸੀਨੀਅਰ ਕਰੀਅਰ ਦਾ ਆਗਾਜ਼ ਕਰਨ ਵਾਲਾ ਰਾਬਰਟ ਫੱੁਟਬਾਲ ਕਲੱਬ ਬਾਇਰਨ ਮਿਓਨਿਖ ਦੀ ਟੀਮ ਨਾਲ 209 ਮੈਚਾਂ ’ਚ 186 ਗੋਲ ਦਾਗਣ ਦਾ ਕਿ੍ਰਸ਼ਮਾ ਕਰ ਚੁੱਕਾ ਹੈ। ਉਸ ਦਾ ਜਨਮ 21 ਅਗਸਤ 1988 ਨੂੰ ਪੋਲੈਂਡ ਦੇ ਸ਼ਹਿਰ ਵਾਰਸੋਵ ਵਿਖੇ ਹੋਇਆ। 500 ਤੋਂ ਵੱਧ ਗੋਲ ਕਰਨ ਵਾਲੇ ਰਾਬਰਟ ਦਾ ਪਿਤਾ ਕ੍ਰੈਜ਼ਿਜ਼ਟੌਫ ਪੋਲੈਂਡ ਦਾ ਜੂਡੋ ਚੈਂਪੀਅਨ ਤੇ ਘਰੇਲੂ ਫੁੱਟਬਾਲ ਲੀਗ ਦਾ ਖਿਡਾਰੀ ਸੀ। ਉਸ ਦੀ ਮਾਤਾ ਲਵੋਨਾ ਕੌਮਾਂਤਰੀ ਵਾਲੀਵਾਲ ਖਿਡਾਰਨ ਸੀ। ਉਸ ਦੀ ਭੈਣ ਮਿਲੇਨਾ ਕੌਮਾਂਤਰੀ ਪੱਧਰ ’ਤੇ ਅੰਡਰ-21 ਵਾਲੀਵਾਲ ਟੀਮ ’ਚ ਸ਼ਾਮਲ ਰਹੀ ਹੈ। ਉਸ ਦੀ ਪਤਨੀ ਅਨਾ ਵਰਲਡ ਕੱਪ ਕਰਾਟੇ ’ਚ ਤਾਂਬੇ ਦਾ ਤਗਮਾ ਜਿੱਤ ਚੁੱਕੀ ਹੈ।

ਅੱਵਲਤਰੀਨ ਮਹਿਲਾ ਗੋਲਕੀਪਰ

ਫੀਫਾ ਵੱਲੋਂ ਫਰਾਂਸ ਦੀ ਗੋਲਕੀਪਰ ਬੁਹਾਦਦੀ ਸਾਰਾਹ ਨੂੰ ਸਰਬੋਤਮ ਗੋਲਕੀਪਰ ਐਲਾਨਿਆ ਗਿਆ। ਅਲਜੀਰੀਅਨ ਮੂਲ ਦੀ 34 ਸਾਲਾ ਮਹਿਲਾ ਗੋਲਚੀ ਸਾਰਾਹ ਨੇ 21 ਫਰਵਰੀ 2004 ’ਚ ਸਕਾਟਲੈਂਡ ਵਿਰੁੱਧ ਗੋਲਕੀਪਿੰਗ ਨਾਲ ਕੌਮਾਂਤਰੀ ਕਰੀਅਰ ਦਾ ਆਗਾਜ਼ ਕੀਤਾ। ਸੀਐੱਨਐੱਫਈ ਕਲੇਰਫੋਂਟੈਨ, ਟੂਲੂਸ ਐੱਫਸੀ ਤੇ ਜੁਵੀਸੀ ਐੱਫਸੀ ਵੱਲੋਂ ਖੇਡ ਚੁੱਕੀ ਸਾਰਾਹ ਮੌਜੂਦਾ ਸਮੇਂ ਫੁੱਟਬਾਲ ਕਲੱਬ ਲਿਓਨ ਲਈ ਖੇਡਦੀ ਹੈ। 2006 ਵਿਚ ਅੰਡਰ-20 ਫੀਫਾ ਵਰਲਡ ਕੱਪ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਸਾਰਾਹ ਨੂੰ ਕੌਮੀ ਮਹਿਲਾ ਟੀਮ ਨਾਲ 149 ਕੌਮਾਂਤਰੀ ਮੈਚਾਂ ’ਚ ਗੋਲ-ਪੋਸਟ ਦੀ ਰਾਖੀ ਕਰਨ ਦਾ ਮਾਣ ਹਾਸਲ ਹੈ। ਯੂਰੋ-2009 ’ਚ ਮਹਿਲਾ ਫੁੱਟਬਾਲ ਕੱਪ ’ਚ ਫਰਾਂਸ ਦੀ ਪ੍ਰਤੀਨਿਧਤਾ ਕਰਨ ਵਾਲੀ ਸਾਰਾਹ ਨੂੰ ਲੰਡਨ ਓਲੰਪਿਕ ’ਚ ਸੈਮੀਫਾਈਨਲ ਖੇਡਣ ਵਾਲੀ ਟੀਮ ਨਾਲ ਮੈਦਾਨ ’ਚ ਨਿਤਰਨ ਦਾ ਹੱਕ ਹਾਸਲ ਹੋਇਆ ਹੈ।

ਅੱਵਲਤਰੀਨ ਪੁਰਸ਼ ਗੋਲਕੀਪਰ

ਜਰਮਨੀ ਦੀ ਫੁੱਟਬਾਲ ਟੀਮ ਦਾ ਗੋਲਕੀਪਰ ਮੈਨੁਏਲ ਪੀਟਰ ਨਿਉਰ ਕੌਮੀ ਟੀਮ ਤੋਂ ਇਲਾਵਾ ਫੁੱਟਬਾਲ ਕਲੱਬ ਬਾਇਰਨ ਮਿਊਨਿਖ ਦਾ ਵੀ ਗੋਲਚੀ ਹੈ। ਬਾਇਰਨ 270 ਮੈਚਾਂ ਤੋਂ ਇਲਾਵਾ ਜਰਮਨੀ ਦੀ ਕੌਮੀ ਟੀਮ ਲਈ 96 ਮੈਚਾਂ ’ਚ ਗੋਲਕੀਪਿੰਗ ਕਰ ਚੁੱਕਾ ਹੈ। ਇਸ ਸਮੇਂ ਮੈਨੁਏਲ ਸੀਨੀਅਰ ਕੌਮੀ ਟੀਮ ਦਾ ਕਪਤਾਨ ਹੈ। ਬ੍ਰਾਜ਼ੀਲ ਵਿਖੇ 2014 ’ਚ ਹੋਏ ਵਿਸ਼ਵ ਕੱਪ ’ਚ ਉਸ ਦੀ ਸ਼ਾਨਦਾਰ ਗੋਲਕੀਪਿੰਗ ਸਦਕਾ ਅਰਜਨਟੀਨੀ ਫੁੱਟਬਾਲ ਟੀਮ ਨੂੰ ਉਪ ਜੇਤੂ ਰਹਿਣ ਲਈ ਮਜਬੂਰ ਹੋਣਾ ਪਿਆ। ਡੀ-ਸਰਕਲ ਅੱਗਿਓਂ ਲਏ ਕਰਾਸਾਂ ਨੂੰ ਖੇਡ ਕਲਾ ਨਾਲ ਗੋਲ ’ਚ ਬਦਲਣ ਵਾਲੇ ਕਪਤਾਨ ਲਾਇਨਲ ਮੈਸੀ ਨੇ ਇਸ ਮੈਚ ’ਚ ਸਕੋਰ ਕਰਨ ਲਈ ਹਰ ਹੰਭਲਾ ਮਾਰਿਆ ਪਰ ਗੋਲ ਬਾਕਸ ’ਚ ਚੀਨ ਦੀ ਦੀਵਾਰ ਬਣ ਕੇ ਖੜ੍ਹੇ ਨਿਉਰ ਨੇ ਮੈਸੀ ਐਂਡ ਪਾਰਟੀ ਦੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ ਤੇ ਉਸ ਦੀ ਟੀਮ ਨੂੰ ਚੌਥੀ ਵਾਰ ਵਿਸ਼ਵ ਕੱਪ ’ਚ ਜਿੱਤ ਨਸੀਬ ਹੋਈ। ਉਸ ਦੇ ਖੇਡ ਹੁਨਰ ਨੂੰ ਵੇਖਦਿਆਂ ਜਰਮਨ ਵਿਖੇ ਉਸ ਨੂੰ ‘ਫੁਟਬਾਲਰ ਆਫ ਦਿ ਯੀਅਰ-2014’ ਨਾਮਜ਼ਦ ਕੀਤਾ ਗਿਆ। ਫੀਫਾ ਵੱਲੋਂ ਉਸ ਨੂੰ ਲਾਇਨਲ ਮੈਸੀ ਤੇ ਪੁਰਤਗਾਲ ਦੇ ਕਪਤਾਨ ਰੋਨਾਲਡੋ ਨਾਲ ਬਲੌਨ ਡੀ’ਓਰ ਲਈ ਮੁਕਾਬਲੇ ’ਚ ਭਾਈਵਾਲ ਬਣਾਇਆ ਗਿਆ। ਫਾਵੇਂ ਨਿਉਰ ਤੀਜੇ ਥਾਂ ’ਤੇ ਆਇਆ ਪਰ ਆਲਮੀ ਫੁੱਟਬਾਲ ’ਚ ਇਹ ਉਸ ਦੀ ਵੱਡੀ ਪ੍ਰਾਪਤੀ ਹੈ।

ਨਿਉਰ ਨੇ 15 ਅਗਸਤ 2006 ਨੂੰ ਅੰਡਰ-21 ਟੀਮ ਵੱਲੋਂ ਹਾਲੈਂਡ ਵਿਰੁੱਧ ਖੇਡੇ ਗਏ ਮੈਚਾਂ ’ਚ ਪ੍ਰਤੀਨਿਧਤਾ ਕੀਤੀ। ਉਹ ਯੂਈਐੱਫਏ ਯੂਰਪੀਅਨ ਅੰਡਰ-21 ਚੈਂਪੀਅਨਸ਼ਿਪ ਖੇਡਿਆ ਤੇ ਫਾਈਨਲ ’ਚ ਇੰਗਲੈਂਡ ਨੂੰ ਹਰਾ ਕੇ 4-0 ਨਾਲ ਜਿੱਤ ਦਰਜ ਕੀਤੀ। ਉਸ ਨੂੰ 15 ਮਈ 2009 ਨੂੰ ਸੀਨੀਅਰ ਟੀਮ ਨਾਲ ਏਸ਼ੀਆ ਟੂਰ ’ਚ ਸ਼ਾਮਲ ਕੀਤਾ ਗਿਆ, ਜਿੱਥੇ ਉਸ ਨੇ ਕਰੀਅਰ ਦਾ ਪਹਿਲਾ ਮੈਚ 2 ਜੂਨ 2009 ’ਚ ਯੂਏਈ ਖ਼ਿਲਾਫ਼ ਖੇਡਿਆ। ਇਸ ਦੌਰਾਨ ਜਰਮਨੀ ਦੀ ਟੀਮ ’ਤੇ ਉਦੋਂ ਸੰਕਟ ਆਇਆ ਜਦੋਂ ਗੋਲਕੀਪਰ ਰਾਬਰਟ ਏਨਕੇ ਦੀ ਚਾਣਚੱਕ ਮੌਤ ਹੋ ਗਈ। ਜਰਮਨੀ ਨੇ 2010 ’ਚ ਦੱਖਣੀ ਅਫਰੀਕਾ ’ਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਲਈ ਨਿਉਰ ਨੂੰ ਟੀਮ ’ਚ ਸ਼ਾਮਲ ਕਰ ਲਿਆ। ਉਹ ਇਸ ਆਲਮੀ ਕੱਪ ’ਚ ਟੀਮ ਦਾ ਫਸਟ ਗੋਲਚੀ ਨਿਯੁਕਤ ਕੀਤਾ ਗਿਆ। ਜਰਮਨੀ ਦੀ ਟੀਮ ਇਸ ਵਿਚ ਤੀਜੇ ਸਥਾਨ ’ਤੇ ਰਹੀ। ਫੀਫਾ ਕੱਪ ਤੋਂ ਬਾਅਦ ਉਸ ਨੇ ਜਰਮਨੀ ਦੀ ਟੀਮ ਨੂੰ ਯੂਰੋ ਕੱਪ ਖੇਡਣ ਦੇ ਯੋਗ ਬਣਾਇਆ। ਨਿਉਰ ਨੇ ਬਾਇਰਨ ਮਿਓਨਿਖ ਐੱਫਸੀ ਦੀ ਟੀਮ ’ਚ ਗੋਲ ਦੀ ਲਗਾਤਾਰ 1000 ਮਿੰਟ ਰਾਖੀ ਕਰ ਕੇ ਜਰਮਨੀ ਦੇ ਸੀਨੀਅਰ ਗੋਲਚੀ ਓਲੀਵਰ ਕਾਹਨ ਦਾ ਰਿਕਾਰਡ ਤੋੜਿਆ। ਉਸ ਦੀ ਬਦੌਲਤ ਚੈਂਪੀਅਨ ਫੁੱਟਬਾਲ ਲੀਗ-2013 ਦਾ ਟਾਈਟਲ ਪੰਜਵੀਂ ਵਾਰ ਉਨ੍ਹਾਂ ਦੀ ਝੋਲੀ ਪਿਆ।

ਫੀਫਾ ਫੇਅਰ ਪਲੇਅ ਐਵਾਰਡ

ਇਟਲੀ ਦੇ 17 ਸਾਲਾ ਡਿਫੈਂਡਰ ਮਤੀਆ ਅਗਨੀਸ ਨੂੰ ਫੀਫਾ ਵਲੋਂ ‘ਫੇਅਰ ਪਲੇਅ ਐਵਾਰਡ’ ਨਾਲ ਨਿਵਾਜਿਆ ਗਿਆ। ਅਗਨੀਸ ਨੇ 25 ਜਨਵਰੀ 2020 ਨੂੰ ਵਿਰੋਧੀ ਟੀਮ ਦੇ ਖਿਡਾਰੀ ਨੂੰ ਦੇ ਅਚਾਨਕ ਬੇਹੋਸ਼ ਹੋ ਜਾਣ ’ਤੇ ਬਨਾਉਟੀ ਸਾਹ ਤੇ ਮੁੱਢਲੀ ਸਹਾਇਤਾ ਦੇ ਕੇ ਨਵਾਂ ਜੀਵਨ ਦਿੱਤਾ। ਵਿਰੋਧੀ ਟੀਮ ਦਾ ਇਹ ਖਿਡਾਰੀ ਦੂਜੇ ਖਿਡਾਰੀ ਨਾਲ ਟਕਰਾ ਜਾਣ ਕਾਰਨ ਸਿਰ ’ਤੇ ਸੱਟ ਲੱਗਣ ਨਾਲ ਬੇਹੋਸ਼ ਹੋ ਗਿਆ ਸੀ। ਫੁੱਟਬਾਲ ਹਲਕਿਆਂ ’ਚ ਮਤੀਆ ‘ਲਾਈਫ ਸੇਵਰ’ ਨਾਂ ਨਾਲ ਜਾਣਿਆ ਜਾਣ ਲੱਗਾ ਹੈ।

ਸਰਬੋਤਮ ਪੁਰਸ਼ ਸਿਖਲਾਇਰ

ਪੁਰਸ਼ ਵਰਗ ’ਚ ਬੈਸਟ ਕੋਚ ਦਾ ਗੁਣਾ ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਦੇ ਜੁਰਗੇਨ ਕਲੋਪ ’ਤੇ ਪਿਆ। ਇਹ ਦੂਜੀ ਵਾਰ ਹੈ ਕਿ ਫੀਫਾ ਦੀ ਜਿਊਰੀ ਵੱਲੋਂ ਜੁਰਗੇਨ ਕਲੋਪ ਨੂੰ ਅੱਵਲਤਰੀਨ ਸਿਖਲਾਇਰ ਦਾ ਰੁਤਬਾ ਦਿੱਤਾ ਗਿਆ। 53 ਸਾਲਾ ਜੁਰਗੇਨ ਇਸ ਸਮੇਂ ਲਿਵਰਪੂਲ ਐੱਫਸੀ ਦੀ ਟੀਮ ਦਾ ਟ੍ਰੇਨਰ ਹੈ। 1987 ਤੋਂ 2001 ਤਕ ਜਰਮਨੀ ਦੀ ਪ੍ਰੋਫੈਸ਼ਨਲ ਲੀਗ ਖੇਡਣ ਵਾਲਾ ਕਲੋਪ ਜੁਰਗੇਨ 2001 ਤੋਂ 2008 ਤਕ ਮੇਨਜ਼, 2008 ਤੋਂ 2015 ਤਕ ਬੋਰਸ਼ੀਆ ਡੌਰਟਮੰਡ ਅਤੇ 2015 ਤੋਂ ਲੀਵਰਪੂਲ ਐੱਫਸੀ ਦੀ ਟੀਮ ਨੂੰ ਟ੍ਰੇਨਿੰਗ ਦੇ ਰਿਹਾ ਹੈ।

ਬੈਸਟ ਪਲੇਇੰਗ ਇਲੈਵਨ

ਫੀਫਾ ਵਲੋਂ ਸਾਲ-2020 ਦੀ ਪਲੇਇੰਗ ਇਲੈਵਨ ’ਚ ਬ੍ਰਾਜ਼ੀਲੀਅਨ ਗੋਲਕੀਪਰ ਐਲੀਸਨ ਬੇਕਰ ਤੋਂ ਇਲਾਵਾ ਟ੍ਰੈਂਟ ਅਰਨੋਲਡ, ਸਰਜੀਓ ਰਾਮੋਸ, ਵਰਜਿਲ ਵੈਨ ਡੀਜਕ, ਅਲਫੋਂਸੋ ਡੇਵਿਸ, ਕੇਵਿਨ ਡੀ ਬਰੂਯੇਨ, ਥਿਆਗੋ ਅਲਕੰਤਰਾ, ਜੋਸ਼ੁਆ ਕਿਮਿਚ, ਲਾਇਨਲ ਮੈਸੀ, ਰੋਬਰਟ ਲੇਵੈਂਡੋਵਸਕੀ ਅਤੇ ਕਿ੍ਰਸਟੀਆਨੋ ਰੋਨਾਲਡੋ ਨੂੰ ਸ਼ਾਮਲ ਕੀਤਾ ਗਿਆ ਹੈ।

ਸਰਬੋਤਮ ਮਹਿਲਾ ਫੁੱਟਬਾਲ ਟ੍ਰੇਨਰ

ਹਾਲੈਂਡ ਦੀ 51 ਸਾਲਾ ਸਾਬਕਾ ਫੁੱਟਬਾਲਰ ਸਰਿਨਾ ਵਿਜੀਮੈਨ ਨੂੰ ਫੀਫਾ ਵੱਲੋਂ ਸਾਲ-2020 ਦੀ ਬਿਹਤਰੀਨ ਮਹਿਲਾ ਕੋਚ ਚੁਣਿਆ ਹੈ। ਹਾਲੈਂਡ ਦੀ ਸੌਕਰ ਟੀਮ ਦੀ 2016 ’ਚ ਹੈੱਡ ਕੋਚ ਥਾਪੀ ਗਈ ਵਿਜੀਮੈਨ ਨੂੰ 1987 ਤੋਂ 2007 ਤਕ ਕੌਮੀ ਮਹਿਲਾ ਡੱਚ ਫੁੱਟਬਾਲ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ। 1986 ’ਚ 16 ਸਾਲ ਦੀ ਨਿਆਣੀ ਉਮਰੇ ਰਾਸ਼ਟਰੀ ਮਹਿਲਾ ਟੀਮ ’ਚ ਸਥਾਨ ਹਾਸਲ ਕਰਨ ਵਾਲੀ ਵਿਜੀਮੈਨ ਮੈਦਾਨ ’ਚ ਸੈਂਟਰ ਮਿਡ-ਫੀਲਡਰ ਦੀ ਪੁਜ਼ੀਸ਼ਨ ’ਤੇ ਖੇਡਿਆ ਕਰਦੀ ਸੀ। ਡੱਚ ਮਹਿਲਾ ਟੀਮ ਵਲੋਂ 104 ਕੌਮਾਂਤਰੀ ਮੈਚਾਂ ਦੀ ਲੰਬੀ ਪਾਰੀ ਖੇਡਣ ਵਾਲੀ ਸਰਿਨਾ ਨੀਦਰਲੈਂਡ ਦੀ ਪਲੇਠੀ ਕੋਚ ਹੈ, ਜਿਸ ਨੂੰ 100 ਤੋਂ ਵੱਧ ਮੈਚਾਂ ’ਚ ਘਰੇਲੂ ਟੀਮ ਨੂੰ ਸਿਖਲਾਈ ਦੇਣ ਦਾ ਹੱਕ ਹਾਸਲ ਹੋਇਆ ਹੈ। 2001 ਵਿਚ ਚੈੱਕ ਗਣਰਾਜ ਖ਼ਿਲਾਫ਼ ਕਰੀਅਰ ਦਾ ਅਖ਼ੀਰਲਾ ਮੈਚ ਖੇਡਣ ਵਾਲੀ ਵਿਜੀਮੈਨ ਨੂੰ ਇਸੇ ਸਾਲ ਤੋਂ ਇੰਗਲੈਂਡ ਦੀ ਮਹਿਲਾ ਨੈਸ਼ਨਲ ਫੁੱਟਬਾਲ ਟੀਮ ਦੀ ਚੀਫ ਕੋਚ ਲਾਇਆ ਗਿਆ।

ਬਿਹਤਰੀਨ ਮਹਿਲਾ ਫੁੱਟਬਾਲਰ

ਇੰਗਲੈਂਡ ਦੀ ਵੂਮੈਨ ਫੁੱਟਬਾਲ ਟੀਮ ਦੀ ਡਿਫੈਂਡਰ ਅਤੇ ਮਾਨਚੈਸਟਰ ਫੁੱਟਬਾਲ ਕੱਲਬ ਵੱਲੋਂ ਖੇਡਣ ਵਾਲੀ ਲੂਸੀ ਬਰੋਨਜ਼ ਨੂੰ ਫੀਫਾ ਪ੍ਰਬੰਧਕਾਂ ਵਲੋਂ ਸਾਲ-2020 ਲਈ ਮਹਿਲਾ ਵਰਗ ’ਚ ‘ਬੈਸਟ ਫੁਟਬਾਲਰ’ ਦੇ ਸਨਮਾਨ ਨਾਲ ਨਿਵਾਜਿਆ ਹੈ। ਲੂਸੀ ਬਰੋਨਜ਼ ਇੰਗਲੈਂਡ ਦੀ ਪਹਿਲੀ ਫੁੱਟਬਾਲ ਖਿਡਾਰਨ ਹੈ, ਜਿਸ ਨੂੰ ਫੀਫਾ ਵੱਲੋਂ ਵਿਸ਼ਵ ਦੀ ਅੱਵਲਤਰੀਨ ਮਹਿਲਾ ਫੁੱਟਬਾਲ ਖਿਡਾਰਨ ਦਾ ਖ਼ਿਤਾਬ ਪ੍ਰਾਪਤ ਹੋਇਆ ਹੈ। ਉਸ ਨੇ ਡੈਨਮਾਰਕ ਦੀ ਪੇਰਨਿਲੇ ਹੇਰਡਰ ਤੇ ਫਰਾਂਸ ਦੀ ਵੇਂਡੀ ਰੇਨਾਡੋ ਨੂੰ ਮਾਤ ਦਿੱਤੀ ਹੈ। ਮਹਿਲਾਵਾਂ ਦੇ ਇਸ ਮੁਕਾਬਲੇ ’ਚ ਫੀਫਾ ਵੱਲੋਂ ਫਰਾਂਸ ਦੀ ਗੋਲਕੀਪਰ ਸਾਰਾ ਬੋਹਾਂਦੀ ਨੂੰ ‘ਬੈਸਟ ਗੋਲਕੀਪਰ’ ਤੇ ਨੀਦਰਲੈਂਡ ਦੀ ਸੇਰਿਨਾ ਵੇਗਮੇਨ ਨੂੰ ‘ਸਰਬੋਤਮ ਸਿਖਲਾਇਰ’ ਦਾ ਸਨਮਾਨ ਦਿੱਤਾ ਗਿਆ ਹੈ। ਇੰਗਲੈਂਡ ਦੀ 29 ਸਾਲਾ ਰਾਈਟ ਫੁੱਲ ਬੈਕ ਲੂਸੀ ਰੋਬਰਟਾ ਬਰੋਨਜ਼ ਨੂੰ ‘ਸੈਕੰਡ ਬੈਸਟ ਪਲੇਅਰ ਆਫ ਦਿ ਵਰਲਡ ਕੱਪ’ ਨਾਮਜ਼ਦ ਕਰ ਕੇ ‘ਸਿਲਵਰ ਬਾਲ’ ਨਾਲ ਸਨਮਾਨਿਆ ਗਿਆ ਸੀ। ਓਲੰਪਿਕ ਲਿਓਨਿਨਸ ਫੁੱਟਬਾਲ ਕਲੱਬ ਨੂੰ ਅਲਵਿਦਾ ਕਹਿਣ ਤੋਂ ਬਾਅਦ ਫੁੱਟਬਾਲ ਕਲੱਬ ਮਾਨਚੈਸਟਰ ’ਚ ਸ਼ਾਮਲ ਹੋਣ ਵਾਲੀ ਲੂਸੀ ਬਰੋਨਜ਼ ਆਪਣੇ ਇਸ ਕਲੱਬ ਲਈ 7 ਮੈਚ ਖੇਡਣ ਦਾ ਹੱਕ ਹਾਸਲ ਕਰ ਚੁੱਕੀ ਹੈ। 2007 ’ਚ ਫੁੱਟਬਾਲ ਕਲੱਬ ਸੰਡਰਲੈਂਡ ਦਾ ਦਾਮਨ ਫੜ ਕੇ ਲੂਸੀ ਨੇ ਪੇਸ਼ੇਵਾਰ ਖੇਡ ਦੀ ਸ਼ੁਰੂਆਤ ਕੀਤੀ। 2008 ’ਚ ਅੰਡਰ-17 ਫੁੱਟਬਾਲ ਟੀਮ ’ਚ ਐਂਟਰੀ ਪ੍ਰਾਪਤ ਕਰਨ ਵਾਲੀ ਲੂਸੀ ਨੇ 2013 ਤਕ ਇੰਗਲੈਂਡ ਦੀਆਂ ਅੰਡਰ-19, ਅੰਡਰ-20 ਤੇ ਅੰਡਰ-23 ਦੀ ਪ੍ਰਤੀਨਿਧਤਾ ਕੀਤੀ। ਸਾਲ 2013 ’ਚ ਉਸ ਨੂੰ ਸੀਨੀਅਰ ਕੌਮੀ ਮਹਿਲਾ ਟੀਮ ’ਚ ਸ਼ਾਮਲ ਕੀਤਾ ਗਿਆ। ਉਹ ਕੌਮਾਂਤਰੀ ਪੱਧਰ ’ਤੇ ਸੀਨੀਅਰ ਮਹਿਲਾ ਨੈਸ਼ਨਲ ਫੁੱਟਬਾਲ ਟੀਮ ਨਾਲ ਖੇਡੇ ਗਏ 81 ਮੈਚਾਂ ’ਚ 8 ਗੋਲ ਕਰਨ ਦਾ ਨਾਮਣਾ ਖੱਟ ਚੁੱਕੀ ਹੈ। ਲੂਸੀ ਨੂੰ ਲਿਵਰਪੂਲ, ਮਾਨਚੈਸਟਰ ਸਿਟੀ ਤੇ ਐਵਰਟਨ ਐੱਫਸੀ ਦੀਆਂ ਟੀਮਾਂ ਵੱਲੋਂ ਖੇਡਣ ਦਾ ਵੀ ਸੁਭਾਗ ਹਾਸਲ ਹੋਇਆ। ਉਸ ਨੂੰ 2015 ’ਚ ਕੈਨੇਡਾ ਵਿਖੇ ਖੇਡੇ ਗਏ ਮਹਿਲਾ ਵਿਸ਼ਵ ਫੁੱਟਬਾਲ ਕੱਪ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ ਹੈ। ਇੰਗਲੈਂਡ ਦੀ ਮਹਿਲਾ ਫੁੱਟਬਾਲ ਟੀਮ ਨਾਲ ਜਾਪਾਨ ਵਿਰੱੁਧ ਕਰੀਅਰ ਦਾ ਆਗ਼ਾਜ਼ ਕਰਨ ਵਾਲੀ ਲੂਸੀ ਨੇ ਪਹਿਲਾ ਕੌਮਾਂਤਰੀ ਗੋਲ ਬੇਲਾਰੂਸ ਦੀ ਮਹਿਲਾ ਟੀਮ ਵਿਰੁੱਧ ਵਿਸ਼ਵ ਫੁੱਟਬਾਲ ਕੱਪ ਦੇ ਕੁਆਲੀਫਾਇੰਗ ਮੈਚ ’ਚ ਦਾਗਿਆ ਸੀ।

- ਸੁਖਵਿੰਦਰਜੀਤ ਸਿੰਘ ਮਨੌਲੀ

Posted By: Harjinder Sodhi