ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਪਰਿਵਾਰ ਨੂੰ ਤਿੰਨ ਓਲੰਪੀਅਨ ਤੇ ਇਕ ਕੌਮਾਂਤਰੀ ਹਾਕੀ ਖਿਡਾਰੀ ਮੈਦਾਨ 'ਚ ਉਤਾਰਨ ਦਾ ਮਾਣ ਹਾਸਲ ਹੈ। ਮਰਹੂਮ ਹਾਕੀ ਓਲੰਪੀਅਨ ਧਿਆਨ ਚੰਦ ਤੇ ਰੂਪ ਸਿੰਘ ਦੋਵੇਂ ਭਰਾਵਾਂ ਵਾਂਗ ਫਿਰੋਜ਼ਪੁਰ ਦੇ ਦੋ ਭਰਾਵਾਂ ਹਰਮੀਕ ਸਿੰਘ ਤੇ ਅਜੀਤ ਸਿੰਘ ਨੇ ਵੀ ਹਾਕੀ ਓਲੰਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਅਜੀਤ ਸਿੰਘ ਦੇ ਪੁੱਤਰ ਗਗਨਅਜੀਤ ਸਿੰਘ ਨੂੰ ਦੋ ਵਾਰ ਓਲੰਪਿਕ 'ਚ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਨ ਦਾ ਗੌਰਵ ਪ੍ਰਾਪਤ ਹੋਇਆ। ਹਰਮੀਕ ਸਿੰਘ ਹੁਰੀਂ ਚਾਰ ਭਰਾ ਸਨ। ਬਲਜੀਤ ਸਿੰਘ ਨੱ ਜੂਨੀਅਰ ਹਾਕੀ ਟੀਮ ਦੀ ਕੌਮਾਂਤਰੀ ਪੱਧਰ 'ਤੇ ਨੁਮਾਇੰਦਗੀ ਕਰਨ ਤੋਂ ਇਲਾਵਾ ਰਾਸ਼ਟਰੀ ਪੱਧਰ 'ਤੇ ਖੇਡਣ ਦਾ ਵੱਡਾ ਪੁੰਨ ਖੱਟਿਆ।

ਹਰਮੀਕ ਤੇ ਅਜੀਤ ਸਿੰਘ ਦੱਸਦੇ ਹਨ ਕਿ ਬਲਜੀਤ ਸਿੰਘ ਸਾਡੇ ਦੋਵਾਂ ਤੋਂ ਚੰਗਾ ਖਿਡਾਰੀ ਸੀ ਪਰ ਖੇਡਦੇ ਸਮੇਂ ਡਿੱਗਣ ਤੇ ਇਕ ਖਿਡਾਰੀ ਦਾ ਪੈਰ ਉਸ ਦੀ ਪਿੱਠ 'ਤੇ ਪੈਰ ਰੱਖੇ ਜਾਣ ਕਾਰਨ ਬਲਜੀਤ ਸਿੰਘ ਦੀ ਰੀੜ੍ਹ ਦੀ ਹੱਡੀ ਨੁਕਸਾਨੀ ਗਈ, ਜਿਸ ਕਰਕੇ ਉਸ ਦਾ ਖੇਡ ਕਰੀਅਰ ਸਦਾ ਲਈ ਤਬਾਹ ਹੋ ਗਿਆ। ਬਲਜੀਤ ਸਿੰਘ ਦੇ ਪੁੱਤਰ ਨਵਸ਼ੇਰ ਸਿੰਘ ਤੇ ਦਲੇਰ ਸਿੰਘ ਨੂੰ ਕੌਮੀ ਤੇ ਕੌਮਾਂਤਰੀ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। ਜੂਨੀਅਰ ਵਰਲਡ ਹਾਕੀ ਕੱਪ 'ਚ ਸਿਲਵਰ ਕੱਪ ਜੇਤੂ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਨਵਸ਼ੇਰ ਸਿੰਘ ਦੀ ਪਤਨੀ ਪੂਨਮ ਨਵਸ਼ੇਰ ਸਿੰਘ ਵੀ ਬਾਸਕਟਬਾਲ ਦੀ ਕੌਮਾਂਤਰੀ ਖਿਡਾਰਨ ਹੈ। ਹਰਮੀਕ ਤੇ ਅਜੀਤ ਦਾ ਚੌਥਾ ਭਰਾ ਗੁਰਚਰਨ ਸਿੰਘ ਨੈਸ਼ਨਲ ਹਾਕੀ ਖੇਡਦਾ ਰਿਹਾ।

ਪੂਨਮ ਨਵਸ਼ੇਰ ਸਿੰਘ


1994 ਵਿਚ ਮਹਾਰਾਸ਼ਟਰ 'ਚ ਹੋਈਆਂ ਨੈਸ਼ਨਲ ਗੇਮਜ਼ ਤੋਂ ਪੂਨਮ ਨੇ ਆਪਣੇ ਖੇਡ ਕਰੀਅਰ ਦਾ ਆਗਾਜ਼ ਕੀਤਾ। ਇਸ ਕੌਮੀ ਮੁਕਾਬਲੇ ਦੇ ਬਾਸਕਟਬਾਲ ਈਵੈਂਟ 'ਚ ਪੰਜਾਬ ਦੀ ਟੀਮ ਨੂੰ ਚਾਂਦੀ ਦਾ ਤਗਮਾ ਜਿਤਾਉਣ 'ਚ ਪੂਨਮ ਨੇ ਅਹਿਮ ਭੂਮਿਕਾ ਨਿਭਾਈ ਗਈ। ਰੇਲਵੇ ਦੀ ਮਹਿਲਾ ਟੀਮ ਵੱਲੋਂ ਰਾਸ਼ਟਰੀ ਬਾਸਕਟਬਾਲ ਮੁਕਾਬਲੇ ਖੇਡਣ ਵਾਲੀ ਪੂਨਮ ਦਾ ਜਨਮ 18 ਜਨਵਰੀ 1977 ਨੂੰ ਮਾਤਾ ਸ਼ਾਂਤੀ ਦੇਵੀ ਤੇ ਪਿਤਾ ਰਾਮਪਾਲ ਦੇ ਘਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਤਲਵਾੜਾ ਵਿਖੇ ਹੋਇਆ। ਕੇਰਲਾ ਦੇ ਇਰਨਾਕੁਲਮ 'ਚ ਖੇਡੀ ਗਈ 44ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ 'ਚ ਪੂਨਮ ਨੇ ਪੰਜਾਬ ਨੂੰ ਤਾਂਬੇ ਦਾ ਤਗਮਾ ਜਿਤਾਉਣ 'ਚ ਅਹਿਮ ਯੋਗਦਾਨ ਪਾਇਆ। ਬਾਸਕਟਬਾਲ ਕੋਰਟ 'ਚ ਬਤੌਰ ਸ਼ੂਟਰ ਖੇਡਣ ਵਾਲੀ ਪੂਨਮ ਨੇ 1994 'ਚ ਹਾਂਗਕਾਂਗ ਵਿਖੇ ਖੇਡੇ ਗਏ ਏਸ਼ੀਅਨ ਸਕੂਲਜ਼ ਬਾਸਕਟਬਾਲ ਟੂਰਨਾਮੈਂਟ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਮਹਾਰਾਸ਼ਟਰ ਦੇ ਸ਼ਹਿਰ ਸਿਤਾਰਾ 'ਚ ਖੇਡੇ ਗਏ ਆਲ ਇੰਡੀਆ ਯੂਨੀਵਰਸਿਟੀ ਬਾਸਕਟਬਾਲ ਟੂਰਨਾਮੈਂਟ 'ਚ ਸੋਨੇ ਦਾ ਤਗਮਾ ਜਿੱਤਣ ਵਾਲੀ ਪੰਜਾਬ ਯੂਨੀਵਰਸਿਟੀ ਦੀ ਟੀਮ ਦੀ ਮੈਂਬਰ ਪੂਨਮ ਦੀ ਖੇਡ ਤੋਂ ਕਾਇਲ ਹੁੰਦਿਆਂ ਚੋਣਕਾਰਾਂ ਵਲੋਂ ਤੂਫ਼ਾਨੀ ਖਿਡਾਰਨ ਪੂਨਮ ਦੀ ਚੋਣ ਵਰਲਡ ਯੂਨੀਵਰਸਿਟੀ ਬਾਸਕਟਬਾਲ ਟੂਰਨਾਮੈਂਟ ਖੇਡਣ ਲਈ ਕੀਤੀ ਗਈ। ਭਾਰਤੀ ਰੇਲਵੇ 'ਚ ਚੀਫ ਇੰਸਪੈਕਟਰ ਆਫ ਟਿਕਟ ਚੈੱਕਰ ਦੇ ਅਹੁਦੇ 'ਤੇ ਤਾਇਨਾਤ ਪੂਨਮ ਦਾ ਕਹਿਣਾ ਹੈ ਕਿ ਦੂਜੀਆਂ ਖੇਡਾਂ ਵਾਂਗ ਦੇਸ਼ 'ਚ ਮਹਿਲਾਵਾਂ ਤੇ ਪੁਰਸ਼ਾਂ ਦੀ ਸਾਲਾਨਾ ਬਾਸਕਟਬਾਲ ਲੀਗ ਸੈਸ਼ਨ ਸ਼ੁਰੂ ਹੋਣੇ ਚਾਹੀਦੇ ਹਨ, ਇਸ ਨਾਲ ਆਲਮੀ ਪੱਧਰ 'ਤੇ ਭਾਰਤੀ ਬਾਸਕਟਬਾਲ ਖੇਡ ਨੂੰ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ 'ਚ ਚੰਗਾ ਹੁਲਾਰਾ ਮਿਲੇਗਾ।

ਨਵਸ਼ੇਰ ਸਿੰਘ

ਕੌਮਾਂਤਰੀ ਹਾਕੀ ਖਿਡਾਰੀ ਨਵਸ਼ੇਰ ਸਿੰਘ ਗਗਨਅਜੀਤ ਸਿੰਘ ਦਾ ਚਚੇਰਾ ਭਰਾ ਅਤੇ ਹਰਮੀਕ ਸਿੰਘ ਤੇ ਅਜੀਤ ਸਿੰਘ ਦਾ ਭਤੀਜਾ ਹੈ। ਭਾਰਤੀ ਰੇਲਵੇ ਵਲੋਂ ਕੌਮੀ ਹਾਕੀ ਖੇਡਣ ਵਾਲੇ ਨਵਸ਼ੇਰ ਸਿੰਘ ਦਾ ਜਨਮ 18 ਸਤੰਬਰ 1977 ਨੂੰ ਮਾਤਾ ਭਗਵੰਤ ਕੌਰ ਤੇ ਨੈਸ਼ਨਲ ਹਾਕੀ ਖਿਡਾਰੀ ਬਲਜੀਤ ਸਿੰਘ ਦੇ ਘਰ ਹੋਇਆ। ਨਵਸ਼ੇਰ ਸਿੰਘ ਨੂੰ ਮਿਡਫੀਲਡ ਦੀ ਪੁਜ਼ੀਸ਼ਨ 'ਤੇ ਖੇਡਣ 'ਚ ਲਾਮਿਸਾਲ ਮੁਹਾਰਤ ਸੀ। ਭਾਰਤੀ ਰੇਲਵੇ 'ਚ ਚੀਫ ਇੰਸਪੈਕਟਰ ਆਫ ਟਿਕਟ ਚੈੱਕਰ (ਸੀਆਈਟੀਸੀ) ਦੀ ਪੋਸਟ 'ਤੇ ਤਾਇਨਾਤ ਨਵਸ਼ੇਰ ਸਿੰਘ ਨੇ ਖੇਡ ਕਰੀਅਰ ਦੀ ਸ਼ੁਰੂਆਤ ਜੂਨੀਅਰ ਹਾਕੀ ਟੀਮ ਵੱਲੋਂ ਖੇਡਣ ਸਦਕਾ ਕੀਤੀ। ਨਵਸ਼ੇਰ ਸਿੰਘ ਦੀ ਚੋਣ ਜੂਨੀਅਰ ਵਿਸ਼ਵ ਹਾਕੀ ਕੱਪ ਮਿਲਟਨ ਕਿੰਜ਼-1997 ਖੇਡਣ ਲਈ ਕੀਤੀ ਗਈ। ਓਲੰਪੀਅਨ ਬਲਜੀਤ ਸਿੰਘ ਸੈਣੀ ਦੀ ਕਪਤਾਨੀ 'ਚ ਜੂਨੀਅਰ ਟੀਮ ਜਰਮਨੀ ਤੋਂ ਪੱਖਪਾਤੀ ਫਾਈਨਲ ਹਾਰਨ ਸਦਕਾ ਚਾਂਦੀ ਦਾ ਕੱਪ ਜਿੱਤਣ 'ਚ ਸਫ਼ਲ ਰਹੀ। ਨਵਸ਼ੇਰ ਸਿੰਘ ਨੇ ਇਸੇ ਸਾਲ ਜੂਨੀਅਰ ਯੂਰਪੀਨ ਹਾਕੀ ਟੂਰਨਾਮੈਂਟ ਖੇਡਿਆ। ਇਸ ਮੁਕਾਬਲੇ 'ਚ ਇੰਗਲੈਂਡ ਤੇ ਜਰਮਨੀ ਦੀਆਂ ਟੀਮਾਂ ਨੂੰ ਹਰਾਉਣ ਸਦਕਾ ਟੀਮ ਨੇ ਟਾਈਟਲ ਜਿੱਤਣ 'ਚ ਸਫਲਤਾ ਹਾਸਲ ਕੀਤੀ।

1997 'ਚ ਪੋਲੈਂਡ ਵਿਖੇ ਖੇਡਿਆ ਗਿਆ ਜੂਨੀਅਰ ਚੈਲੇਂਜ ਹਾਕੀ ਕੱਪ ਨਵਸ਼ੇਰ ਸਿੰਘ ਦੀ ਨੁਮਾਇੰਦਗੀ ਵਾਲੀ ਟੀਮ ਨੇ ਜਿੱਤਿਆ। 1998 'ਚ ਨਵਸ਼ੇਰ ਦੀ ਪ੍ਰਤੀਨਿਧਤਾ ਵਾਲੀ ਜੂਨੀਅਰ ਹਾਕੀ ਟੀਮ ਨੇ ਬੈਂਕਾਕ 'ਚ ਖੇਡੇ ਗਏ ਚਾਰ ਦੇਸਾਂ ਦੇ 'ਪ੍ਰੀ-ਏਸ਼ੀਅਨ ਗੇਮਜ਼ ਟੂਰਨਾਮੈਂਟ' ਦਾ ਟਾਈਟਲ ਜਿੱਤਿਆ। ਸੀਨੀਅਰ ਹਾਕੀ ਟੀਮ ਲਈ ਨਵਸ਼ੇਰ ਸਿੰਘ 1999 'ਚ ਮਿਸਰ 'ਚ ਅਕਬਰ ਅਲ ਅਯੂਮ ਹਾਕੀ ਟੂਰਨਾਮੈਂਟ ਖੇਡਿਆ, ਜਿਸ 'ਚ ਟੀਮ ਨੂੰ ਚਾਂਦੀ ਦਾ ਤਗਮਾ ਹਾਸਲ ਹੋਇਆ। ਇਸੇ ਸਾਲ ਸੀਨੀਅਰ ਟੀਮ ਨੇ ਬੈਲਜੀਅਮ, ਯੂਗਾਂਡਾ ਤੇ ਜ਼ਿੰਬਾਬਵੇ ਦੀ ਮੇਜ਼ਬਾਨੀ 'ਚ ਖੇਡੀਆਂ ਗਈਆਂ ਤਿੰਨ ਟੈਸਟ ਲੜੀਆਂ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ। ਇਨ੍ਹਾਂ ਜਿੱਤਾਂ ਤੋਂ ਇਲਾਵਾ ਨਵਸ਼ੇਰ ਸਿੰਘ ਨੇ ਸੀਨੀਅਰ ਟੀਮ ਦੀ ਨੁਮਾਇੰਦਗੀ 'ਚ ਕੀਨੀਆ ਦੇ ਸ਼ਹਿਰ ਨੈਰੋਬੀ ਵਿਖੇ ਖੇਡੇ ਗਏ ਚਾਰ ਦੇਸਾਂ ਗੇ ਹਾਕੀ ਟੂਰਨਾਮੈਂਟ 'ਚ ਸਿਲਵਰ ਮੈਡਲ ਜਿੱਤਿਆ।

ਓਲੰਪੀਅਨ ਹਰਮੀਕ ਸਿੰਘ

ਹਰਮੀਕ ਸਿੰਘ ਦਾ ਜਨਮ ਪਾਕਿਸਤਾਨ ਦੇ ਗੁਜਰਾਂਵਾਲਾ ਵਿਖੇ 10 ਜੂਨ 1945 ਨੂੰ ਮਾਤਾ ਸਤਵੰਤ ਕੌਰ ਤੇ ਪਿਤਾ ਸੋਹਨ ਸਿੰਘ ਦੇ ਘਰ ਹੋਇਆ। ਹਰਮੀਕ ਸਿੰਘ ਦੇ ਪਿਤਾ ਸੋਹਨ ਸਿੰਘ ਵੀ ਅਣਵੰਡੇ ਪੰਜਾਬ ਦੀ ਟੀਮ ਵੱਲੋਂ ਰਾਸ਼ਟਰੀ ਪੱਧਰ 'ਤੇ ਹਾਕੀ ਖੇਡਦੇ ਰਹੇ। ਸੋਹਨ ਸਿੰਘ ਨੇ ਆਪਣੇ ਚਾਰੇ ਪੁੱਤਰਾਂ ਹਰਮੀਕ ਸਿੰਘ, ਅਜੀਤ ਸਿੰਘ, ਬਲਜੀਤ ਸਿੰਘ ਤੇ ਗੁਰਚਰਨ ਸਿੰਘ ਨੂੰ ਹਾਕੀ ਖਿਡਾਰੀ ਬਣਾਇਆ। ਉਨ੍ਹਾਂ ਦੇ ਦੋ ਪੁੱਤਰ ਹਰਮੀਕ ਸਿੰਘ ਤੇ ਅਜੀਤ ਸਿੰਘ ਓਲੰਪੀਅਨ ਬਣੇ। ਹਰਮੀਕ ਸਿੰਘ ਸੈਂਟਰ ਹਾਫ ਤੇ ਲੈਫਟ ਹਾਫ ਪੁਜ਼ੀਸ਼ਨਾਂ 'ਤੇ ਖੇਡਦਾ ਸੀ। ਹਰਮੀਕ ਸਿੰਘ ਨੂੰ ਕੋਚਿੰਗ ਦੇਣ ਵਾਲੇ ਚੀਫ ਕੋਚ ਬਲਬੀਰ ਸਿੰਘ ਸੀਨੀਅਰ ਕਿਹਾ ਕਰਦੇ ਸਨ ਕਿ ਮੈਦਾਨ 'ਚ ਹਰਮੀਕ ਦੀ ਹਾਜ਼ਰੀ ਦੂਜੇ ਖਿਡਾਰੀਆਂ ਨੂੰ ਹੌਸਲਾ ਦਿੰਦੀ ਹੈ।

ਹਰਮੀਕ ਕੋਲ ਵਿਰੋਧੀਆਂ ਦੇ ਤਿੱਖੇ ਹਮਲਿਆਂ ਨੂੰ ਠੁੱਸ ਕਰਨ ਦੀ ਖ਼ਾਸ ਮੁਹਾਰਤ ਸੀ। ਹਰਮੀਕ ਸਿੰਘ ਨੇ ਕਰੀਅਰ ਦੇ ਪਹਿਲੇ ਹਾਕੀ ਮੁਕਾਬਲੇ 'ਚ ਬੈਂਕਾਕ-1966 ਦੀਆਂ ਏਸ਼ੀਅਨ ਖੇਡਾਂ 'ਚ ਕੌਮੀ ਟੀਮ ਦੀ ਨੁਮਾਇੰਦਗੀ ਕੀਤੀ। ਕਪਤਾਨ ਸ਼ੰਕਰ ਲਕਸ਼ਮਣ ਦੀ ਅਗਵਾਈ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 1-0 ਨਾਲ ਹਰਾ ਕੇ ਪਹਿਲਾ ਸੋਨ ਤਗਮਾ ਹਾਸਲ ਕੀਤਾ। ਹਰਮੀਕ ਨੇ ਦੂਜਾ ਏਸ਼ਿਆਈ ਮੁਕਾਬਲਾ ਕਪਤਾਨ ਹਰਬਿੰਦਰ ਸਿੰਘ ਦੀ ਕਪਤਾਨੀ 'ਚ ਖੇਡਿਆ। ਬੈਂਕਾਕ 'ਚ ਇਸ ਮੁਕਾਬਲੇ ਵਿਚ ਪਾਕਿਸਤਾਨ ਤੋਂ ਹਾਰਨ ਕਰਕੇ ਭਾਰਤੀ ਟੀਮ ਚਾਂਦੀ ਦਾ ਮੈਡਲ ਹੀ ਜਿੱਤ ਸਕੀ। ਤਹਿਰਾਨ-1974 ਦੀਆਂ ਏਸ਼ੀਅਨ ਖੇਡਾਂ 'ਚ ਹਰਮੀਕ ਤੀਜੀ ਵਾਰ ਖੇਡਿਆ ਪਰ ਕਪਤਾਨ ਅਜੀਤਪਾਲ ਸਿੰਘ ਦੀ ਟੀਮ ਪਾਕਿਸਤਾਨ ਤੋਂ ਪਹਿਲਾ ਫਾਈਨਲ ਡਰਾਅ ਖੇਡਣ ਤੋਂ ਬਾਅਦ ਦੂਜਾ ਫਾਈਨਲ ਹਾਰਨ ਕਰਕੇ ਸਿਲਵਰ ਕੱਪ ਹੀ ਹਾਸਲ ਕਰ ਸਕੀ। ਹਰਮੀਕ ਸਿੰਘ ਨੂੰ ਦੋ ਵਾਰ ਓਲੰਪਿਕ 'ਚ ਟੀਮ ਮੈਂਬਰ ਤੇ ਕਪਤਾਨ ਦੇ ਰੂਪ 'ਚ ਨਿੱਤਰਨ ਦਾ ਐਜਾਜ਼ ਹਾਸਲ ਹੋਇਆ। ਪ੍ਰਿਥੀਪਾਲ ਸਿੰਘ ਤੇ ਗੁਰਬਖਸ਼ ਸਿੰਘ ਦੀ ਕਪਤਾਨੀ 'ਚ ਹਰਮੀਕ ਸਿੰਘ ਨੇ ਮੈਕਸੀਕੋ-1968 'ਚ ਤਾਂਬੇ ਦਾ ਤਗਮਾ ਜੇਤੂ ਟੀਮ ਨਾਲ ਓਲੰਪਿਕ ਦੇ ਮੈਦਾਨ 'ਚ ਪੈਲਾਂ ਪਾਈਆਂ। ਮਿਊਨਿਖ-1972 ਓਲੰਪਿਕ ਹਾਕੀ ਮੁਕਾਬਲਾ ਖੇਡਣ ਵਾਲੀ ਟੀਮ ਦੀ ਵਾਗਡੋਰ ਹਰਮੀਕ ਕੋਲ ਸੀ। ਹਰਮੀਕ ਦਾ ਛੋਟਾ ਭਰਾ ਅਜੀਤ ਸਿੰਘ ਵੀ ਇਹ ਓਲੰਪਿਕ ਖੇਡਿਆ। ਸੈਮੀਫਾਈਨਲ ਹਾਰਨ ਸਦਕਾ ਹਰਮੀਕ ਦੀ ਟੀਮ ਨੂੰ ਤਾਂਬੇ ਦਾ ਤਗਮਾ ਮਿਲਿਆ। ਉਸ ਨੇ ਖੇਡ ਕਰੀਅਰ 'ਚ ਦੋ ਆਲਮੀ ਹਾਕੀ ਕੱਪ ਖੇਡੇ।

ਬਾਰਸੀਲੋਨਾ-1971 ਦੇ ਵਿਸ਼ਵ ਕੱਪ 'ਚ ਅਜੀਤਪਾਲ ਸਿੰਘ ਕੁਲਾਰ ਦੀ ਕਪਤਾਨੀ 'ਚ ਤੀਜੇ ਤੇ ਚੌਥੇ ਸਥਾਨ ਲਈ ਖੇਡੇ ਗਏ ਮੈਚ 'ਚ ਹਰਮੀਕ ਨੇ ਕੀਨੀਆ ਦੀ ਟੀਮ ਨੂੰ ਹਰਾ ਕੇ ਤਾਂਬੇ ਦਾ ਤਗਮਾ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ। ਐਮਸਟਰਡਮ-1973 ਦੇ ਦੂਜੇ ਵਿਸ਼ਵ ਕੱਪ 'ਚ ਹਰਮੀਕ ਤੇ ਅਜੀਤ ਸਿੰਘ ਵੀ ਮੈਦਾਨ 'ਚ ਉਤਰੇ ਪਰ ਹਾਲੈਂਡ ਤੋਂ ਟਾਈਬਰੇਕਰ 'ਚ ਹਾਰਨ ਸਦਕਾ ਉਨ੍ਹਾਂ ਦੀ ਟੀਮ ਚਾਂਦੀ ਦਾ ਕੱਪ ਹੀ ਜਿੱਤ ਸਕੀ। ਹਰਮੀਕ ਸਿੰਘ ਨੂੰ ਆਲ ਏਸ਼ੀਅਨ ਹਾਕੀ ਸਟਾਰ ਟੀਮ ਦੀ ਕਪਤਾਨੀ ਕਰਨ ਤੋਂ ਇਲਾਵਾ ਕੌਮੀ ਟੀਮ ਨੂੰ ਕੋਚਿੰਗ ਦੇਣ ਦਾ ਸੁਭਾਗ ਵੀ ਪ੍ਰਾਪਤ ਹੋਇਆ।

ਓਲੰਪੀਅਨ ਅਜੀਤ ਸਿੰਘ

ਓਲੰਪੀਅਨ ਅਜੀਤ ਸਿੰਘ ਨੇ ਕੌਮਾਂਤਰੀ ਹਾਕੀ 'ਚ ਰੁਸਤਮ ਖਿਡਾਰੀ ਵਜੋਂ ਪਛਾਣ ਬਣਾਈ ਹੈ। ਸੈਂਟਰ ਸਟਰਾਈਕਰ ਦੀ ਪੁਜ਼ੀਸ਼ਨ 'ਤੇ ਖੇਡਣ ਵਾਲਾ ਅਜੀਤ ਸਿੰਘ ਕੌਮੀ ਤੇ ਕੌਮਾਂਤਰੀ ਹਾਕੀ ਦੇ ਮੈਦਾਨ 'ਚ ਇਕ ਦਹਾਕਾ ਛਾਇਆ ਰਿਹਾ। ਵਿਰੋਧੀ ਟੀਮਾਂ ਦੇ ਡਿਫੈਂਡਰਾਂ ਦੀ ਨੀਂਦ ਉਡਾਉਣ ਵਾਲਾ ਅਜੀਤ ਸਿੰਘ ਸਾਥੀ ਖਿਡਾਰੀਆਂ ਤੋਂ ਮਿਲੇ ਕਰਾਸਾਂ ਨੂੰ ਗੋਲ 'ਚ ਬਦਲਣ ਦੀ ਸਮਰਥਾ ਦਾ ਮਾਲਕ ਸੀ। ਅਜੀਤ ਸਿੰਘ ਨੇ ਇਸ ਖੇਡ 'ਚ ਜਿਹੜੇ ਆਲਮ ਸਿਰਜੇ ਹਨ, ਨਵੇਂ ਖਿਡਾਰੀਆਂ ਨੂੰ ਉਨ੍ਹਾਂ ਦਾਅ-ਪੇਚਾਂ ਦਾ ਮੁਕਾਬਲਾ ਕਰਨ ਲਈ ਕਾਫ਼ੀ ਸੰਘਰਸ਼ ਕਰਨਾ ਪਵੇਗਾ।

ਅਜੀਤ ਸਿੰਘ ਦਾ ਜਨਮ 6 ਮਾਰਚ 1952 ਨੂੰ ਫਿਰੋਜ਼ਪੁਰ ਵਿਖੇ ਹੋਇਆ। ਅਜੀਤ ਸਿੰਘ ਨੇ ਖੇਡ ਕਰੀਅਰ ਦੀ ਸ਼ੁਰੂਆਤ ਬੰਗਾਲ ਦੇ ਹਾਕੀ ਕਲੱਬ ਮੋਹਨ ਬਾਗਾਨ ਦੀ ਟੀਮ ਵੱਲੋਂ 1972 'ਚ ਨੈਸ਼ਨਲ ਹਾਕੀ ਖੇਡਣ ਨਾਲ ਕੀਤੀ। ਭਾਰਤੀ ਰੇਲਵੇ 'ਚ ਨੌਕਰੀ ਕਰਦਿਆਂ ਅਜੀਤ ਸਿੰਘ ਨੇ 1973 ਤੋਂ 1977 ਤਕ ਰਾਸ਼ਟਰੀ ਹਾਕੀ 'ਚ ਰੇਲਵੇ ਦੀ ਪ੍ਰਤੀਨਿਧਤਾ ਕੀਤੀ। ਅਜੀਤ ਸਿੰਘ ਦਾ ਰੇਲਵੇ ਦੀ ਟੀਮ ਨੂੰ ਤਿੰਨ ਵਾਰ ਕੌਮੀ ਚੈਂਪੀਅਨ ਤੇ ਦੋ ਵਾਰ ਉਪ ਜੇਤੂ ਬਣਾਉਣ 'ਚ ਭਰਵਾਂ ਸਹਿਯੋਗ ਰਿਹਾ। ਅਜੀਤ ਸਿੰਘ ਨੂੰ ਦੋ ਓਲੰਪਿਕ ਟੂਰਨਾਮੈਂਟ ਖੇਡਣ ਦਾ ਹੱਕ ਹਾਸਲ ਹੋਇਆ। ਅਜੀਤ ਸਿੰਘ ਨੇ ਵੱਡੇ ਭਰਾ ਹਰਮੀਕ ਸਿੰਘ ਦੀ ਕਪਤਾਨੀ 'ਚ ਮਿਊਨਿਖ-1972 ਓਲੰਪਿਕ 'ਚ ਤਾਂਬੇ ਦਾ ਤਗਮਾ ਜੇਤੂ ਟੀਮ ਦੀ ਪ੍ਰਤੀਨਿਧਤਾ ਕੀਤੀ। ਉਹ ਮਾਂਟੀਰੀਅਲ ਓਲੰਪਿਕ ਵੀ ਖੇਡਿਆ। ਅਜੀਤ ਸਿੰਘ ਦੇ ਨਾਂ ਓਲੰਪਿਕ ਖੇਡਾਂ ਵਿਚ ਸਭ ਤੋਂ ਸਪੀਡੀ ਗੋਲ ਕਰਨ ਦਾ ਰਿਕਾਰਡ ਹੈ।

ਅਜੀਤ ਸਿੰਘ ਵੱਲੋਂ ਇਹ ਇਤਿਹਾਸਕ ਤੇ ਤੇਜ਼-ਤਰਾਰ ਗੋਲ ਮਾਂਟੀਰੀਅਲ ਓਲੰਪਿਕ 'ਚ ਅਰਜਨਟੀਨਾ ਵਿਰੁੱਧ ਖੇਡੇ ਗਏ ਪੂਲ ਮੈਚ ਦੇ ਸ਼ੁਰੂਆਤੀ 15ਵੇਂ ਸਕਿੰਟ 'ਚ ਦਾਗਿਆ ਗਿਆ। ਤਿੰਨ ਹਾਕੀ ਟੱਚਾਂ ਵਾਲੇ ਇਸ ਗੋਲ 'ਚ ਕਪਤਾਨ ਅਜੀਤਪਾਲ ਸਿੰਘ ਤੋਂ ਬਾਅਦ ਹਾਫ ਬੈਕ ਚੰਦ ਸਿੰਘ ਪਾਸੋਂ ਮਿਲੀ ਗੇਂਦ ਨੂੰ ਅਜੀਤ ਸਿੰਘ ਨੇ ਗੋਲ ਦੀ ਸਰਦਲ ਪਾਰ ਕਰਕੇ ਇਹ ਨਾਮਣਾ ਖੱਟਿਆ। ਅਜੀਤ ਸਿੰਘ ਨੇ ਐਮਸਟਰਡਮ-1973 ਵਿਸ਼ਵ ਹਾਕੀ ਕੱਪ 'ਚ ਟੀਮ ਦੀ ਨੁਮਾਇੰਦਗੀ ਕੀਤੀ। ਇਸ ਵਿਚਉਨ੍ਹਾਂ ਦੀ ਟੀਮ ਨੂੰ ਚਾਂਦੀ ਦਾ ਕੱਪ ਹਾਸਲ ਹੋਇਆ। ਭਾਰਤੀ ਰੇਲਵੇ 'ਚੋਂ ਡਵੀਜ਼ਨਲ ਚੀਫ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਅਜੀਤ ਸਿੰਘ ਨੇ ਤਹਿਰਾਨ-1974 ਏਸ਼ੀਅਨ ਖੇਡਾਂਵਿਚ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ।

ਓਲੰਪੀਅਨ ਗਗਨਅਜੀਤ ਸਿੰਘ

ਹਾਕੀ ਦੇ ਗਗਨ 'ਚ ਉਡਾਰੀ ਲਾਉਣ ਤੋਂ ਬਾਅਦ ਗਗਨਅਜੀਤ ਸਿੰਘ ਨੇ ਆਲਮੀ ਹਾਕੀ 'ਚ ਅਜਿਹਾ ਆਲਮ ਸਿਰਜਿਆ, ਜਿਸ ਦਾ ਮੁਕਾਬਲਾ ਕਰਨਾ ਅਜੋਕੇ ਖਿਡਾਰੀਆਂ ਦੇ ਵੱਸ ਦੀ ਗੱਲ ਨਹੀਂ। ਗਗਨਅਜੀਤ ਦੀ 'ਡੀ' ਸਰਕਲ ਅੰਦਰ ਫਿਨਸ਼ਿੰਗ ਸਕਿੱਲ ਦਾ ਵਿਸ਼ਵ ਦੇ ਕਿਸੇ ਗੋਲਚੀ ਕੋਲ ਤੋੜ ਨਹੀਂ ਸੀ। ਹਾਕੀ ਖੇਡਦਿਆਂ ਗਗਨਅਜੀਤ ਨੇ ਮੈਦਾਨ 'ਚ ਮਨ ਆਈਆਂ ਲਕੀਰਾਂ ਵਾਹੀਆਂ। ਗੇਂਦ ਜਦੋਂ ਗਗਨਅਜੀਤ ਦੀ ਸਟਿੱਕ 'ਤੇ ਆਉਂਦੀ ਤਾਂ ਵਿਰੋਧੀ ਡਿਫੈਂਡਰਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਸੀ। ਸਟਰਾਈਕਰ ਦੀ ਪੁਜ਼ੀਸ਼ਨ 'ਤੇ ਖੇਡਣ ਸਦਕਾ ਗਗਨਅਜੀਤ ਦੀ ਗੋਲ ਸਰਕਲ ਕੋਲ ਸਾਥੀ ਖਿਡਾਰੀਆਂ ਨੂੰ ਪਾਸਿੰਗ ਸਕਿੱਲ ਵੇਖਣਯੋਗ ਹੁੰਦੀ ਸੀ। ਤੰਗ ਐਂਗਲ ਤੋਂ ਗੋਲ ਦਾਗ ਦੇਣਾ ਗਗਨਅਜੀਤ ਦੀ ਖੇਡ ਦੀ ਖ਼ਾਸ ਖੂਬੀ ਸੀ। ਗਗਨਅਜੀਤ ਸਿੰਘ ਦਾ ਜਨਮ 9 ਦਸੰਬਰ 1980 ਨੂੰ ਮਾਤਾ ਬਲਜਿੰਦਰ ਕੌਰ ਤੇ ਓਲੰਪੀਅਨ ਪਿਤਾ ਅਜੀਤ ਸਿੰਘ ਦੇ ਘਰ ਹੋਇਆ।

ਗਗਨਅਜੀਤ ਸਿੰਘ ਨੇ 1997 'ਚ ਰੂਸ ਨਾਲ ਟੈਸਟ ਲੜੀ ਖੇਡਣ ਲਈ ਮੈਦਾਨ 'ਚ ਕਦਮ ਰੱਖ ਕੇ ਖੇਡ ਦਾ ਆਗਾਜ਼ ਕੀਤਾ। ਸਿਡਨੀ-2000 ਤੇ ਏਥਨਜ਼-2004 ਓਲੰਪਿਕ ਖੇਡਾਂ 'ਚ ਨੈਸ਼ਨਲ ਹਾਕੀ ਟੀਮ ਨਾਲ ਮੈਦਾਨ 'ਚ ਨਿਤਰਨ ਵਾਲੇ ਗਗਨਅਜੀਤ ਸਿੰਘ ਨੂੰ 2012 'ਚ ਹਾਕੀ ਇੰਡੀਆ ਲੀਗ 'ਚ ਸ਼ੇਰੇ ਪੰਜਾਬ ਟੀਮ ਵਲੋਂ ਖੇਡਣ ਦਾ ਹੱਕ ਹਾਸਲ ਹੋਇਆ। ਓਲੰਪਿਕ ਹਾਕੀ 'ਚ ਦੋਵੇਂ ਵਾਰ ਭਾਰਤ ਨੂੰ 7ਵਾਂ ਰੈਂਕ ਮਿਲਿਆ। ਹਾਕੀ ਟੀਮ ਕਪਤਾਨ ਦਲੀਪ ਟਿਰਕੀ ਨਾਲ ਨੀਦਰਲੈਂਡ ਦੇ ਕਲੱਬ ਕਲੇਨ ਜੁਇਟਸਰਲੈਂਡ ਲਈ ਪ੍ਰੋਫੈਸ਼ਨਲ ਹਾਕੀ ਲੀਗ ਖੇਡਣ ਵਾਲੇ ਗਗਨਅਜੀਤ ਨੂੰ ਕੁਆਲਾਲੰਪੁਰ-2001 'ਚ ਖੇਡੇ ਚੈਂਪੀਅਨਜ਼ ਚੈਲੇਂਜ ਹਾਕੀ ਕੱਪ 'ਚ ਜੇਤੂ ਟੀਮ ਵੱਲੋਂ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। ਦਲੀਪ ਟਿਰਕੀ ਦੀ ਅਗਵਾਈ 'ਚ ਉਸ ਨੇ ਜਰਮਨ-2006 ਵਿਸ਼ਵ ਹਾਕੀ ਕੱਪ ਖੇਡਿਆ। ਬੂਸਾਨ-2002 ਦੀਆਂ ਏਸ਼ੀਅਨ ਗੇਮਜ਼ ਖੇਡਣ ਵਾਲੀ ਟੀਮ ਦੀ ਵਾਗਡੋਰ ਗਗਨਅਜੀਤ ਕੋਲ ਸੀ। ਗਗਨਅਜੀਤ ਦੀ ਟੀਮ ਫਾਈਨਲ 'ਚ ਪਹੁੰਚ ਕੇ ਦੱਖਣੀ ਕੋਰੀਆ ਤੋਂ ਹਾਰਨ ਸਦਕਾ ਸਿਲਵਰ ਮੈਡਲ ਹਾਸਲ ਕਰਨ 'ਚ ਸਫਲ ਰਹੀ। 'ਅਰਜੁਨਾ ਐਵਾਰਡ' ਨਾਲ ਸਨਮਾਨਤ ਗਗਨਅਜੀਤ ਸਿੰਘ ਹੁਣ ਪੰਜਾਬ ਪੁਲਿਸ 'ਚ ਐੱਸਪੀ ਦੇ ਅਹੁਦੇ 'ਤੇ ਤਾਇਨਾਤ ਹੈ।

- ਹਰਨੂਰ ਸਿੰਘ ਮਨੌਲੀ

94171-82993

Posted By: Harjinder Sodhi