ਅਸਤਾਨਾ : ਫੈਡ ਕੱਪ ਵਿਸ਼ਵ ਗਰੁੱਪ ਵਿਚ ਭਾਰਤ ਦੀ ਕੁਆਲੀਫਾਈ ਕਰਨ ਦੀ ਉਮੀਦ ਨੂੰ ਕਜ਼ਾਕਿਸਤਾਨ ਨੇ ਸ਼ੁੱਕਰਵਾਰ ਨੂੰ ਪੂਲ-ਏ ਦੇ ਮੁਕਾਬਲੇ ਵਿਚ 3-0 ਨਾਲ ਹਰਾ ਕੇ ਸਮਾਪਤ ਕਰ ਦਿੱਤਾ। ਇਸ ਮੁਕਾਬਲੇ ਵਿਚ ਅੰਕਿਤਾ ਰੈਣਾ ਤੇ ਕਰਮਨ ਕੌਰ ਥਾਂਡੀ ਆਪੋ-ਆਪਣੇ ਸਿੰਗਲਜ਼ ਮੁਕਾਬਲੇ ਜਿੱਤ ਨਾ ਸਕੀਆਂ। ਇਨ੍ਹਾਂ ਦੋਵਾਂ ਨੂੰ ਸਿੱਧੇ ਸੈੱਟਾਂ ਵਿਚ ਮਾਤ ਸਹਿਣੀ ਪਈ। ਮੈਚ ਤੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਦੇ ਸਾਹਮਣੇ ਭਾਰਤ ਨੂੰ ਵੱਡੀ ਚੁਣੌਤੀ ਮਿਲੇਗੀ। ਕਰਮਨ ਨੂੰ ਇਕ ਘੰਟੇ 22 ਮਿੰਟ ਤਕ ਚੱਲੇ ਮੁਕਾਬਲੇ ਵਿਚ ਸਥਾਨਕ ਖਿਡਾਰਨ ਜਰੀਨਾ ਡਿਆਜ ਨੇ 6-3, 6-2 ਨਾਲ ਆਸਾਨੀ ਨਾਲ ਮਾਤ ਦਿੱਤੀ। ਵਿਸ਼ਵ ਦੀ 96ਵੀਂ ਰੈਂਕਿੰਗ ਦੀ ਖਿਡਾਰਨ ਖ਼ਿਲਾਫ਼ ਕਰਮਨ ਨੂੰ ਅੱਠ ਵਾਰ ਬ੍ਰੇਕ ਪੁਆਇੰਟ ਹਾਸਲ ਕਰਨ ਦਾ ਮੌਕਾ ਮਿਲਿਆ ਪਰ ਉਹ ਸਿਰਫ਼ ਦੋ ਨੂੰ ਹੀ ਆਪਣੇ ਪੱਖ ਵਿਚ ਕਰ ਸਕੀ। ਇਸ ਤੋਂ ਬਾਅਦ ਭਾਰਤ ਨੂੰ ਵੀਰਵਾਰ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਅੰਕਿਤਾ ਤੋਂ ਜਿੱਤ ਦੀ ਉਮੀਦ ਸੀ ਪਰ ਦੁਨੀਆ ਦੀ 43ਵੇਂ ਨੰਬਰ ਦੀ ਯੂਲੀਆ ਪੁਟਿਨਤਸੇਵਾ ਨੇ ਉਨ੍ਹਾਂ ਨੂੰ 6-1, 7-6 ਨਾਲ ਮਾਤ ਦਿੱਤੀ। ਅੰਕਿਤਾ ਨੇ ਪਿਛਲੇ ਸਾਲ ਭਾਰਤ ਵਿਚ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਦਰਸ਼ਨ ਕੀਤਾ ਸੀ ਜਿੱਥੇ ਆਪਣੀ ਅਜੇਤੂ ਮੁਹਿੰਮ ਦੌਰਾਨ ਉਨ੍ਹਾਂ ਨੇ ਯੂਲੀਆ ਤੇ ਚੀਨ ਦੀ ਚੋਟੀ ਦੀ ਰੈਂਕਿੰਗ ਦੀਆਂ ਖਿਡਾਰਨਾਂ ਨੂੰ ਹਰਾਇਆ ਸੀ। ਡਬਲਜ਼ ਵਿਚ ਰੀਆ ਭਾਟੀਆ ਤੇ ਪ੍ਰਾਰਥਨਾ ਥੋਂਬਾਰੇ ਦੀ ਭਾਰਤੀ ਜੋੜੀ ਨੂੰ ਏਨਾ ਦਾਨੀਲੀਨਾ ਤੇ ਗਾਲੀਨਾ ਵੋਸਕੋਬੋਏਵਾ ਨੇ 55 ਮਿੰਟ ਚਕ ਚੱਲੇ ਇਕਤਰਫ਼ਾ ਮੁਕਾਬਲੇ ਵਿਚ 6-1, 6-1 ਨਾਲ ਹਰਾਇਆ। ਭਾਰਤੀ ਟੀਮ ਦੀ ਕੋਚ ਅੰਕਿਤਾ ਭਾਂਬਰੀ ਨੇ ਕਿਹਾ ਕਿ ਸਕੋਰ ਲਾਈਨ ਭੁਲੇਖਾ ਪਾਉਣ ਵਾਲਾ ਹੈ। ਇਹ ਇਕ ਸਖ਼ਤ ਮੁਕਾਬਲਾ ਸੀ ਤੇ ਇਕ ਜਾਂ ਦੋ ਅੰਕ ਨੇ ਫ਼ਰਕ ਪੈਦਾ ਕੀਤਾ। ਕਜ਼ਾਕਿਸਤਾਨ ਦੀਆਂ ਕੁੜੀਆਂ ਨੂੰ ਪਤਾ ਹੈ ਕਿ ਅਹਿਮ ਅੰਕਾਂ ਨੂੰ ਕਿਵੇਂ ਹਾਸਲ ਕਰਨਾ ਹੈ। ਉਨ੍ਹਾਂ ਦੀਆਂ ਅਸਹਿਜ ਗ਼ਲਤੀਆਂ ਬਹੁਤ ਘੱਟ ਰਹੀਆਂ। ਭਾਰਤੀ ਟੀਮ ਏਸ਼ੀਆ ਓਸੀਆਨਾ ਗਰੁੱਪ ਇਕ ਵਿਚ ਬਣੀ ਰਹੇਗੀ। ਸ਼ਨਿਚਰਵਾਰ ਨੂੰ ਟੀਮ ਨੂੰ ਕੋਰੀਆ ਖ਼ਿਲਾਫ਼ ਖੇਡਣਾ ਹੈ ਪਰ ਇਸ ਮੈਚ ਦੇ ਨਤੀਜੇ ਦਾ ਅਸਰ ਉਨ੍ਹਾਂ ਦੀ ਸਥਿਤੀ 'ਤੇ ਨਹੀਂ ਪਵੇਗਾ।