ਪੰਜਾਬ ਦੇ ਖ਼ੂਨ 'ਚ ਰਚੀ ਖੇਡ 'ਦਾਇਰੇ ਵਾਲੀ ਕਬੱਡੀ' ਨੂੰ ਮਾਣ-ਸਨਮਾਨ ਦਿਵਾਉਣ ਲਈ ਕੁਝ ਹਫ਼ਤੇ ਪਹਿਲਾਂ ਨਾਮਵਰ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਵੱਲੋਂ ਕੌਮਾਂਤਰੀ ਪੱਧਰ ਦੀ ਨਵੀਂ ਸੰਸਥਾ 'ਦਿ ਮੇਜਰ ਲੀਗ ਕਬੱਡੀ ਫੈਡਰੇਸ਼ਨ' ਦਾ ਗਠਨ ਕੀਤਾ ਗਿਆ। ਸੰਸਥਾ ਦਾ ਸਭ ਤੋਂ ਵੱਡਾ ਨਿਸ਼ਾਨਾ ਕਬੱਡੀ ਲਈ ਸਰਬਪ੍ਰਵਾਣਿਤ ਵਿਧਾਨ ਤਿਆਰ ਕਰਨਾ ਤੇ ਉਸ ਨੂੰ ਕਬੱਡੀ ਦੇ ਖੇਤਰ 'ਚ ਲਾਗੂ ਕਰਨਾ ਹੈ।

ਇਹ ਸੰਸਥਾ ਹੋਰਨਾਂ ਖੇਡਾਂ ਦੀਆਂ ਵਿਸ਼ਵ ਪੱਧਰੀ ਨਿਯਮਾਂ ਵਾਲੀਆਂ ਜਥੇਬੰਦੀਆਂ ਦੀ ਤਰਜ਼ 'ਤੇ ਸਥਾਪਤ ਕੀਤਾ ਗਿਆ ਹੈ ਤਾਂ ਕਿ ਕਬੱਡੀ ਨੂੰ ਇਕ ਸੰਵਿਧਾਨਿਕ ਵਿਧੀ-ਵਿਧਾਨ ਵਾਲੀ ਸੰਸਥਾ ਦੀ ਅਗਵਾਈ ਮਿਲ ਸਕੇ। ਮੇਜਰ ਕਬੱਡੀ ਲੀਗ ਦੇ ਸੰਸਥਾਪਕਾਂ ਦਾ ਮਕਸਦ ਕਬੱਡੀ ਖੇਡਣ ਵਾਲੇ ਮੁਲਕਾਂ 'ਚ ਇਸ ਖੇਡ ਦੀ ਮਿਆਰੀ ਅਗਵਾਈ ਰਾਹੀਂ ਸਰਕਾਰੀ ਸਰਪ੍ਰਸਤੀ ਦਿਵਾਉਣਾ ਤੇ ਕਬੱਡੀ ਦਾ ਵਿਕਥਾਰ ਕਰਨਾ ਹੈ।

ਅਨੁਸ਼ਾਸਨ ਲਈ ਪਹਿਲ

ਲੀਗ ਸੰਸਥਾਪਕਾਂ ਦਾ ਪਹਿਲਾ ਟੀਚਾ ਕਬੱਡੀ ਦਾ ਅਨੁਸ਼ਾਸਿਤ ਅਕਸ ਬਣਾਉਣਾ ਹੈ। ਖੇਡ 'ਚ ਪਾਈ ਜਾਣ ਵਾਲੀ ਅਨੁਸ਼ਾਸਨਹੀਣਤਾ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਠੋਸ ਨਿਯਮਾਂਵਲੀ ਦਾ ਨਾ ਹੋਣਾ ਹੈ। ਇਸ ਲਈ ਲੀਗ ਸੰਸਥਾਪਕਾਂ ਨੇ ਸਭ ਤੋਂ ਪਹਿਲਾ ਕਬੱਡੀ ਨੂੰ ਅਨੁਸ਼ਾਸਨ ਦੇ ਦਾਇਰੇ 'ਚ ਲਿਆਉਣ ਦਾ ਤਹੱਈਆ ਕੀਤਾ ਹੈ। ਇਸ ਤੋਂ ਇਲਾਵਾ ਕਬੱਡੀ ਨੂੰ ਮੁੱਢਲੇ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਅੰਡਰ-21 ਵਰਗ ਦੀਆਂ ਟੀਮਾਂ ਦੇ ਗਠਨ ਦੀ ਪਹਿਲਕਦਮੀ ਕੀਤੀ ਹੈ। ਇਸ ਪਹਿਲਕਦਮੀ ਤੋਂ ਪ੍ਰਭਾਵਿਤ ਹੋ ਕੇ ਕੁਝ ਹੋਰ ਸੰਸਥਾਵਾਂ ਨੇ ਵੀ ਜੂਨੀਅਰ ਟੀਮਾਂ ਤਿਆਰ ਕਰਨ ਦਾ ਉੱਦਮ ਕੀਤਾ ਹੈ। ਅਜਿਹਾ ਕਰਨ ਨਾਲ ਕਬੱਡੀ ਦੇ ਵਿਕਾਸ ਨੂੰ ਸਮਰਪਿਤ ਕੋਚਾਂ ਦਾ ਉਤਸ਼ਾਹ ਵੀ ਵਧੇਗਾ ਅਤੇ ਹੇਠਲੇ ਪੱਧਰ ਤੋਂ ਹੀ ਕਬੱਡੀ 'ਚ ਅਨੁਸ਼ਾਸ਼ਨ ਤੇ ਨਿਯਮਬੱਧਤਾ ਆਉਣੀ ਸ਼ੁਰੂ ਹੋਵੇਗੀ। ਜੂਨੀਅਰ ਟੀਮਾਂ ਦੇ ਲੀਗ ਦੇ ਕੱਪਾਂ ਦੌਰਾਨ ਜਿੱਥੇ ਮੈਚ ਕਰਵਾਏ ਜਾਣਗੇ ਉੱਥੇ ਆਜ਼ਾਦ ਰੂਪ 'ਚ ਵੀ ਜੂਨੀਅਰ ਟੀਮਾਂ ਦੇ ਕੱਪ ਕਰਵਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ

ਐਂਟੀ ਡਰੱਗ ਕੋਡ-2019

ਕਬੱਡੀ ਨੂੰ ਪੇਸ਼ੇਵਰ ਖੇਡ ਬਣਾਉਣ ਤੇ ਖਿਡਾਰੀਆਂ ਲਈ ਵਧੇਰੇ ਮਾਲੀ ਸਾਧਨ ਜੁਟਾਉਣ ਦੇ ਸੰਸਥਾ ਵੱਲੋਂ ਯਤਨ ਕੀਤੇ ਗਏ ਹਨ। ਸੰਸਥਾ ਦਾ ਟੀਚਾ ਇਸ ਖੇਡ ਦੇ ਹਰ ਖੇਤਰ 'ਚ ਪਾਰਦਰਸ਼ਤਾ ਲਿਆਉਣਾ ਹੈ, ਉਹ ਭਾਵੇਂ ਖਿਡਾਰੀਆਂ ਦੇ ਮਿਹਨਤਾਨੇ ਲਈ ਹੋਵੇ ਜਾਂ ਡੋਪ ਟੈਸਟਿੰਗ ਸਬੰਧੀ। ਮੇਜਰ ਲੀਗ ਕਬੱਡੀ ਵੱਲੋਂ ਪਾਬੰਦੀਸ਼ੁਦਾ ਤਾਕਤਵਰਧਕ ਤੇ ਸਿਹਤ ਲਈ ਘਾਤਕ ਪਦਾਰਥਾਂ (ਸਟੀਰਾਇਡਜ਼ ਤੇ ਸਟਿਮੂਲੈਂਟਸ) ਦੀ ਵਰਤੋਂ ਖ਼ਿਲਾਫ਼ ਵਿਸ਼ਵ ਪੱਧਰੀ ਡੋਪਿੰਗ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਦੇ ਤਹਿਤ ਦੂਸਰੀਆਂ ਖੇਡਾਂ 'ਚ ਲਾਗੂ ਕੌਮਾਂਤਰੀ ਡੋਪਿੰਗ ਨਿਯਮ ਅਪਣਾÂ ਜਾਣਗੇ। ਇਸ ਨੂੰ 'ਐਂਟੀ ਡਰੱਗ ਕੋਡ-2019' ਦਾ ਨਾਂ ਦਿੱਤਾ ਗਿਆ ਹੈ। ਯੋਜਨਾ ਨੂੰ ਅਮਲੀ ਰੂਪ ਦੇਣ ਲਈ ਅਮਰੀਕਾ ਦੀ ਸੰਸਾਰ ਪ੍ਰਸਿੱਧ ਸਿਹਤ ਸੰਸਥਾ ਏਏਡੀਐੱਮਐੱਸ ਪਾਸੋਂ ਮਾਨਤਾ ਪ੍ਰਾਪਤ 'ਰੈੱਡਵੁੱਡ ਟੌਕਸੀਕਾਲੋਜੀ ਪ੍ਰਯੋਗਸ਼ਾਲਾ' ਨਾਲ ਸਮਝੌਤਾ ਕੀਤਾ ਗਿਆ ਹੈ।

ਖੇਡ ਨੂੰ ਦਰਸ਼ਕਾਂ ਤਕ ਪਹੁੰਚਾਉਣ ਦੇ ਉਪਰਾਲੇ

ਇਕ ਹੋਰ ਅਹਿਮ ਤੇ ਲੋਕ-ਪੱਖੀ ਫ਼ੈਸਲਾ ਲੈਂਦੇ ਹੋਏ ਲੀਗ ਵੱਲੋਂ ਕਬੱਡੀ ਨੂੰ ਸੁਚੱਜੇ ਢੰਗ ਨਾਲ ਦਰਸ਼ਕਾਂ ਤਕ ਪਹੁੰਚਾਉਣ ਲਈ ਵੀ ਨੀਤੀ ਤਿਆਰ ਕੀਤੀ ਗਈ ਹੈ। ਇਸ ਤਹਿਤ ਲੀਗ ਕੱਪਾਂ ਦੇ ਸਿੱਧੇ ਪ੍ਰਸ਼ਾਰਣ ਦਾ ਹੱਕ ਉਸ ਬਰਾਡਕਾਸਟਰ ਨੂੰ ਦਿੱਤਾ ਜਾਵੇਗਾ, ਜੋ ਟੂਰਨਾਮੈਂਟ ਸੰਚਾਲਕਾਂ ਨੂੰ ਬਣਦੀ ਰਕਮ ਦਾ ਭੁਗਤਾਨ ਕਰੇਗਾ ਤੇ ਕੁਝ ਹਿੱਸਾ ਮੇਜਰ ਲੀਗ ਕਬੱਡੀ ਨੂੰ ਦੇਵੇਗਾ। ਇਸ ਪ੍ਰਾਪਤ ਰਕਮ ਨਾਲ ਲੀਗ ਵੱਲੋਂ ਖਿਡਾਰੀਆਂ ਦੀ ਭਲਾਈ ਲਈ ਉਪਰਾਲੇ ਕੀਤੇ ਜਾਣਗੇ। ਮੇਜਰ ਲੀਗ ਕਬੱਡੀ ਫੈਡਰੇਸ਼ਨ ਵੱਲੋਂ ਕਬੱਡੀ ਖੇਡ ਦੇ ਵਿਕਾਸ ਲਈ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੀ ਦੁਨੀਆ ਭਰ 'ਚ ਸ਼ਲਾਘਾ ਕੀਤੀ ਜਾ ਰਹੀ ਹੈ। ਲੀਗ ਵਾਲਿਆਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵਿਸ਼ਵ ਪ੍ਰਸਿੱਧ ਗੋਲਡ ਜਿਮ ਦੇ ਮਾਲਕ ਅਮੋਲਕ ਸਿੰਘ ਗਾਖਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੇਜਰ ਲੀਗ ਕਬੱਡੀ ਦਾ ਮੁੱਖ ਸਪਾਂਸਰ ਬਣਨ ਦਾ ਐਲਾਨ ਕੀਤਾ ਗਿਆ ਹੈ। ਕਬੱਡੀ ਦੇ ਖੇਤਰ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ।ਤੇ ਇਸ ਸੰਸਥਾ ਦੀਆਂ ਉਕਤ ਸਰਗਰਮੀਆਂ ਤੋਂ ਆਸ ਬੱਝੀ ਹੈ ਕਿ ਨੇੜਲੇ ਸਮੇਂ ਵਿਚ ਕਬੱਡੀ ਦੇ ਖੇਤਰ 'ਚ ਵੱਡੀਆ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ।

ਜਾਗਰੂਕਤਾ ਮੁਹਿੰਮ

ਐਂਟੀ ਡੋਪਿੰਗ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੰਸਥਾ ਵੱਲੋਂ ਅਨੁਸ਼ਾਸਨੀ ਬੋਰਡ, ਸੁਣਵਾਈ ਪੈਨਲ, ਅਪੀਲ ਪੈਨਲ, ਟੀਯੂਈ ਬੋਰਡ ਤੇ ਮੈਡੀਕਲ ਬੋਰਡ ਬਣਾਇਆ ਗਿਆ ਹੈ। ਲੀਗ ਦੇ ਐਂਟੀ ਡਰੱਗ ਕੋਡ-2019 ਦਾ ਟੀਚਾ ਕਬੱਡੀ 'ਚ ਡੋਪਿੰਗ ਦੀ ਪਛਾਣ ਤੇ ਰੋਕਥਾਮ ਕਰਨਾ ਹੈ, ਜਿਸ ਦੇ ਲਈ ਕੌਮਾਂਤਰੀ ਪੱਧਰ 'ਤੇ ਤਾਲਮੇਲ ਲਈ ਪ੍ਰਭਾਵਸ਼ਾਲੀ ਨੀਤੀ ਤਿਆਰ ਕੀਤੀ ਜਾਣੀ ਹੈ। ਖਿਡਾਰੀਆਂ ਨੂੰ ਡੋਪਿੰਗ ਤੇ ਨਸ਼ਾਖੋਰੀ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਦਾ ਵੀ ਟੀਚਾ ਮਿੱਥਿਆ ਗਿਆ ਹੈ।।ਲੀਗ ਵੱਲੋਂ ਦੇਸ਼-ਵਿਦੇਸ਼ ਦੇ ਖੇਡ ਪ੍ਰਮੋਟਰਾਂ ਦੇ ਸਹਿਯੋਗ ਨਾਲ ਆਪਣੇ ਸਾਰੇ ਖਿਡਾਰੀਆਂ ਦਾ ਇਕ ਸਾਲ ਲਈ ਮੁਫ਼ਤ ਸਿਹਤ ਬੀਮਾ ਕਰਵਾਉਣ ਦਾ ਵੀ ਉੱਦਮ ਕੀਤਾ ਗਿਆ ਹੈ।

ਪ੍ਰੋ. ਨਵਦੀਪ ਕੌਰ

97790-14464

Posted By: Harjinder Sodhi