ਜੇਐੱਨਐੱਨ, ਨਵੀਂ ਦਿੱਲੀ : ਸਪੈਨਿਸ਼ ਟੀਮ ਰੀਅਲ ਮੈਡਿ੍ਡ ਤੇ ਇੰਗਲਿਸ਼ ਟੀਮ ਲਿਵਰਪੂਲ ਵਿਚਾਲੇ ਯੂਏਫਾ ਚੈਂਪੀਅਨਜ਼ ਲੀਗ 'ਚ ਕੁਆਰਟਰ ਫਾਈਨਲ ਦੇ ਪਹਿਲੇ ਪੜਾਅ ਦਾ ਮੁਕਾਬਲਾ ਮੰਗਲਵਾਰ ਦੇਰ ਰਾਤ ਨੂੰ ਮੈਡਿ੍ਡ 'ਚ ਖੇਡਿਆ ਜਾਵੇਗਾ ਤੇ ਦੋਵਾਂ ਟੀਮਾਂ ਕੋਲੋਂ ਇਕ ਰੋਮਾਂਚਕ ਮੁਕਾਬਲੇ ਦੀ ਉਮੀਦ ਕੀਤੀ ਜਾ ਰਹੀ ਹੈ।

ਦੋਵੇਂ ਹੀ ਚੈਂਪੀਅਨਜ਼ ਲੀਗ ਦੀਆਂ ਮਜ਼ਬੂਤ ਟੀਮਾਂ ਮੰਨੀਆਂ ਜਾਂਦੀਆਂ ਹਨ। ਰੀਅਲ ਮੈਡਿ੍ਡ 13 ਵਾਰ ਇਹ ਖ਼ਿਤਾਬ ਜਿੱਤਣ 'ਚ ਸਫਲ ਰਿਹਾ ਤਾਂ ਮੈਨੇਜਰ ਜੁਰਜੇਨ ਕਲੋਪ ਦੀ ਟੀਮ ਲਿਵਰਪੂਲ ਨੇ ਛੇ ਵਾਰ ਇਸ ਖ਼ਿਤਾਬੀ ਟਰਾਫੀ 'ਤੇ ਕਬਜ਼ਾ ਕੀਤਾ ਹੈ। ਦੋਵੇਂ ਟੀਮਾਂ ਸ਼ਾਨਦਾਰ ਫਾਰਮ 'ਚ ਹਨ। ਮੈਨੇਜਰ ਜਿਨੇਦਿਨ ਜਿਦਾਨ ਦੀ ਟੀਮ ਰੀਅਲ ਮੈਡਿ੍ਡ ਚੈਂਪੀਅਨਜ਼ ਲੀਗ ਦੇ ਖ਼ਿਤਾਬ ਜਿੱਤਣ ਦੇ ਦਾਅਵੇਦਾਰਾਂ 'ਚ ਸ਼ਾਮਲ ਹੈ ਤੇ ਆਪਣੀ ਸ਼ਾਨਦਾਰ ਫਾਰਮ ਨਾਲ ਸਪੈਨਿਸ਼ ਲੀਗ ਲਾ ਲੀਗਾ ਦੀ ਖ਼ਿਤਾਬੀ ਰੇਸ 'ਚ ਵੀ ਖ਼ੁਦ ਨੂੰ ਸ਼ਾਮਲ ਵੀ ਕਰ ਲਿਆ। ਟੀਮ ਨੂੰ ਇੱਥੋਂ ਤਕ ਲਿਆਉਣ 'ਚ ਉਨ੍ਹਾਂ ਦੇ ਸਟ੍ਰਾਈਕਰ ਕਰੀਮ ਬੇਂਜੇਮਾ ਦੀ ਅਹਿਮ ਭੂਮਿਕਾ ਰਹੀ ਹੈ ਜੋ ਦਮਦਾਰ ਫਾਰਮ 'ਚ ਚੱਲ ਰਹੇ ਹਨ। ਫਰਾਂਸ ਦੇ ਬੇਂਜੇਮਾ ਪਿਛਲੇ ਸੱਤ ਮੈਚਾਂ 'ਚ ਨੌਂ ਗੋਲ ਕਰ ਚੁੱਕੇ ਹਨ ਜਿਸ 'ਚ ਚੈਂਪੀਅਨਜ਼ ਲੀਗ 'ਚ ਆਖ਼ਰੀ-16 ਦੇ ਮੈਚ 'ਚ ਅਟਲਾਂਟਾ ਖ਼ਿਲਾਫ਼ ਗੋਲ ਵੀ ਸ਼ਾਮਲ ਹੈ।

ਦੂਜੇ ਪਾਸੇ, ਲਿਵਰਪੂਲ ਦੀ ਖੇਡ 'ਚ ਹਾਲ ਹੀ 'ਚ ਸੁਧਾਰ ਹੋਇਆ ਹੈ ਜਿਸ 'ਚ ਫੈਬਿੰਹੋ ਤੇ ਡਿਏਗੋ ਜੋਟਾ ਦੇ ਆਉਣ ਨਾਲ ਟੀਮ ਨੂੰ ਮਜ਼ਬੂਤੀ ਮਿਲੀ ਹੈ। ਪਿਛਲੇ ਤਿੰਨ ਮੈਚਾਂ 'ਚ ਲਿਵਰਪੂਲ ਨੇ ਕੋਈ ਗੋਲ ਨਹੀਂ ਹੋਣ ਦਿੱਤਾ ਪਰ ਅਜੇ ਵੀ ਉਨ੍ਹਾਂ ਦੇ ਡਿਫੈਂਡਰਾਂ ਨੂੰ ਕੰਮ ਕਰਨ ਦੀ ਜ਼ਰੂਰ ਹੈ। ਹਾਲਾਂਕਿ ਰੀਅਲ ਮੈਡਿ੍ਡ ਨੂੰ ਆਪਣੇ ਨਿਯਮਤ ਕਪਤਾਨ ਸਰਜੀਓ ਰਾਮੋਸ ਦੀ ਕਮੀ ਮਹਿਸੂਸ ਹੋਵੇਗੀ ਜੋ ਸੱਟ ਲੱਗਣ ਕਾਰਨ ਇਹ ਮੈਚ ਨਹੀਂ ਖੇਡਣਗੇ। ਈਡਨ ਹੈਜਾਰਡ ਦੇ ਇਸ ਮੈਚ 'ਚ ਵਾਪਸੀ ਕਰਨ ਦੀ ਉਮੀਦ ਹੈ।

ਮਾਨਚੈਸਟਰ ਸਿਟੀ ਦਾ ਸਾਹਮਣਾ ਬੋਰੂਸੀਆ ਡਾਰਟਮੰਡ ਨਾਲ

ਦਿਨ ਦੇ ਦੂਸਰੇ ਕੁਆਰਟਰ ਫਾਈਨਲ 'ਚ ਇੰਗਲਿਸ਼ ਟੀਮ ਮਾਨਚੈਸਟਰ ਸਿਟੀ ਦਾ ਸਾਹਮਣਾ ਜਰਮਨੀ ਦੀ ਬੋਰੂਸੀਆ ਡਾਰਟਮੰਡ ਨਾਲ ਹੋਵੇਗਾ। ਈਪੀਐੱਲ ਦੀ ਅੰਕ ਸੂਚੀ 'ਚ ਚੋਟੀ 'ਤੇ ਮੌਜੂਦ ਮਾਨਚੈਸਟਰ ਸਿਟੀ ਨੇ ਸਾਰੇ ਟੂਰਨਾਮੈਂਟਾਂ 'ਚ ਪਿਛਲੇ 27 ਮੈਚਾਂ 'ਚੋਂ 26 ਜਿੱਤੇ ਹਨ ਤੇ ਡਾਰਟਮੰਡ ਲਈ ਇਹ ਮੈਚ ਜਿੱਤਣਾ ਸੌਖਾ ਨਹੀਂ ਹੋਵੇਗਾ। ਡਾਰਟਮੰਡ ਦਾ ਜਰਮਨੀ ਦੀ ਲੀਗ ਬੁੰਦਿਸ਼ਲੀਗਾ 'ਚ ਖ਼ਰਾਬ ਪ੍ਰਦਰਸ਼ਨ ਜਾਰੀ ਹੈ ਤੇ ਟੀਮ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ। ਉਸ ਦੇ ਚੈਂਪੀਅਨਜ਼ ਲੀਗ ਦੇ ਅਗਲੇ ਸੈਸ਼ਨ ਲਈ ਕੁਆਲੀਫਾਈ ਕਰਨ 'ਤੇ ਵੀ ਸ਼ੱਕ ਹੈ। ਟੀਮ ਦੇ ਮੁੱਖ ਸਟ੍ਰਾਈਕਰਾਂ 'ਚੋਂ ਇਕ ਅਰਲਿੰਗ ਹਾਲੈਂਡ ਤੋਂ ਡਾਰਟਮੰਡ ਨੂੰ ਚੰਗੇ ਪ੍ਰਦਰਸ਼ਨ ਦੀ ਆਸ ਹੈ। ਉਹ ਚੈਂਪੀਅਨਜ਼ ਲੀਗ 'ਚ ਇਸ ਸੈਸ਼ਨ ਦੇ 10 ਗੋਲਾਂ ਨਾਲ ਚੋਟੀ ਦੇ ਸਕੋਰਰ ਹਨ।

ਮਾਨਚੈਸਟਰ ਯੂਨਾਈਟਡ ਨੇ ਬ੍ਰਾਇਟਨ ਨੂੰ ਹਰਾਇਆ

ਮਾਨਚੈਸਟਰ (ਏਪੀ) : ਮਾਰਕਸ ਰਸ਼ਫੋਰਡ ਤੇ ਮੈਸਨ ਗ੍ਰੀਨਵੁਡ ਦੇ ਗੋਲ ਦੇ ਦਮ 'ਤੇ ਮਾਨਚੈਸਟਰ ਯੂਨਾਈਟਡ ਨੇ ਇੰਗਲਿਸ਼ ਪ੍ਰਰੀਮੀਅਰ ਲੀਗ 'ਚ ਬ੍ਰਾਇਟਨ ਨੂੰ 2-1 ਨਾਲ ਹਰਾ ਕੇ ਅੰਕ ਸੂਚੀ 'ਚ ਦੂਸਰੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਅੰਕ ਸੂਚੀ 'ਚ ਚੋਟੀ 'ਤੇ ਕਾਬਜ਼ ਮਾਨਚੈਸਟਰ ਸਿਟੀ (31 ਮੈਚਾਂ 'ਚ 74 ਅੰਕ) ਦਾ ਖ਼ਿਤਾਬ ਜਿੱਤਣਾ ਲਗਪਗ ਤੈਅ ਹੈ। ਮਾਨਚੈਸਟਰ ਯੂਨਾਈਟਡ ਦੀ 30 ਮੈਚਾਂ 'ਚ ਇਹ 17ਵੀਂ ਜਿੱਤ ਹੈ ਜਿਸ ਨਾਲ ਉਸ ਦੇ 60 ਅੰਕ ਹੋ ਗਏ ਹਨ। ਬ੍ਰਾਇਟਨ ਨੇ ਡੈਨੀ ਵੇਲਬੇਕ ਦੇ 13ਵੇਂ ਮਿੰਟ 'ਚ ਕੀਤੇ ਗਏ ਗੋਲ ਨਾਲ ਲੀਡ ਬਣਾ ਲਈ ਸੀ ਪਰ ਰਸ਼ਫੋਰਡ ਤੇ ਗ੍ਰੀਨਵੁਡ ਨੇ ਦੂਸਰੇ ਹਾਫ 'ਚ ਦੋ ਗੋਲ ਕਰ ਕੇ ਮਾਨਚੈਸਟਰ ਯੂਨਾਈਟਡ ਨੂੰ ਜਿੱਤ ਦਿਵਾ ਦਿੱਤੀ।

ਇਕ ਹੋਰ ਮੁਕਾਬਲੇ 'ਚ ਜੋ ਵਿਲਾਕ ਦੇ 85ਵੇਂ ਮਿੰਟ 'ਚ ਕੀਤੇ ਗਏ ਗੋਲ ਨਾਲ ਨਿਊਕੈਸਲ ਨੇ ਟਾਟਨਹਮ ਨੂੰ 2-2 ਦੀ ਬਰਾਬਰੀ 'ਤੇ ਰੋਕ ਦਿੱਤਾ। ਜੋਲਿਟੰਨ ਨੇ 28ਵੇਂ ਮਿੰਟ 'ਚ ਨਿਊਕੈਸਲ ਦਾ ਖਾਤਾ ਖੋਲਿ੍ਹਆ ਪਰ ਹੈਰੀ ਕੇਨ ਨੇ 30ਵੇਂ ਤੇ 34ਵੇਂ ਮਿੰਟ 'ਚ ਗੋਲ ਕਰ ਕੇ ਟਾਟਨਹਮ ਨੂੰ 2-1 ਨਾਲ ਲੀਡ ਦਿਵਾ ਦਿੱਤੀ। ਟੀਮ ਨੇ ਹਾਲਾਂਕਿ ਆਖ਼ਰੀ ਮਿੰਟਾਂ 'ਚ ਇਸ ਲੀਡ ਨੂੰ ਗੁਆ ਦਿੱਤਾ ਤੇ ਉਸ ਨੂੰ ਡਰਾਅ 'ਤੇ ਮਜਬੂਰ ਹੋਣਾ ਪਿਆ।