ਪੈਰਿਸ (ਏਐੱਫਪੀ) : ਯੂਏਫਾ ਯੂਰੋਪਾ ਲੀਗ ਵਿਚ ਬਦਲਵੇਂ ਖਿਡਾਰੀ ਪੇਪੇ ਵੱਲੋਂ ਫ੍ਰੀ ਕਿੱਕ 'ਤੇ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਆਰਸੇਨਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਗਰੁੱਪ-ਐੱਫ ਵਿਚ ਆਰਸੇਨਲ ਨੇ ਇਕ ਗੋਲ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਵਿਕਟੋਰੀਆ ਗਿਊਮਾਰੇਸ ਨੂੰ 3-2 ਨਾਲ ਹਰਾਇਆ। ਆਰਸੇਨਲ ਹੁਣ ਉਨ੍ਹਾਂ ਤਿੰਨ ਕਲੱਬਾਂ ਵਿਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਤਿੰਨ ਮੁਕਾਬਲਿਆਂ ਤੋਂ ਬਾਅਦ ਨੌਂ ਅੰਕ ਹਾਸਲ ਕੀਤੇ ਹਨ। ਉਨ੍ਹਾਂ ਵਿਚੋਂ ਇਕ ਸੇਵੀਆ ਵੀ ਹੈ ਜਿਸ ਨੇ ਗਰੁੱਪ ਏ ਵਿਚ ਡੁਡੇਲਾਗਨੇ ਆਫ ਲਕਜਮਬਰਗ ਨੂੰ 3-0 ਨਾਲ ਮਾਤ ਦਿੱਤੀ। ਵਿਕਟੋਰੀਆ ਗਿਊਮਾਰੇਸ ਖ਼ਿਲਾਫ਼ ਮੁਕਾਬਲੇ ਵਿਚ ਆਰਸੇਨਲ ਨੇ ਆਪਣੀ ਟੀਮ ਵਿਚ 10 ਤਬਦੀਲੀਆਂ ਕੀਤੀਆਂ। ਓਧਰ ਹੋਰ ਅਹਿਮ ਮੁਕਾਬਲਿਆਂ ਵਿਚ ਗਰੁੱਪ ਈ ਵਿਚ ਸੇਲਟਿਕ ਨੇ ਇਕ ਗੋਲ ਨਾਲ ਪੱਛੜਨ ਦੇ ਬਾਵਜੂਦ ਲਾਜੀਓ ਨੂੰ 2-1 ਨਾਲ ਹਰਾ ਦਿੱਤਾ। ਗਰੁੱਪ ਐੱਲ ਵਿਚ ਐੱਫਕੇ ਮਾਰਟੀਜਨ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਮਾਨਚੈਸਟਰ ਯੂਨਾਈਟਿਡ ਨੇ ਪਾਰਟੀਜਨ ਬੇਲਗ੍ਰੇਡ 'ਤੇ 1-0 ਦੀ ਮੁਸ਼ਕਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਯੂਨਾਈਟਿਡ ਦੇ ਸੱਤ ਅੰਕ ਹੋ ਗਏ ਹਨ ਤੇ ਉਸ ਨੂੰ ਅਗਲੇ ਗੇੜ ਵਿਚ ਜਾਣ ਲਈ ਸਿਰਫ਼ ਇਕ ਅੰਕ ਦੀ ਲੋੜ ਹੈ। ਯੂਨਾਈਟਿਡ ਲਈ ਇਕਲੌਤਾ ਗੋਲ ਖੇਡ ਦੇ 43ਵੇਂ ਮਿੰਟ ਵਿਚ ਏਂਥੋਨੀ ਮਾਰਸ਼ਲ ਨੇ ਪੈਨਲਟੀ ਕਿੱਕ ਰਾਹੀਂ ਕੀਤਾ।