ਸੇਂਟ ਡੇਨਿਸ (ਏਐੱਫਪੀ) : ਵਿਸ਼ਵ ਚੈਂਪੀਅਨ ਫਰਾਂਸ ਨੇ ਯੂਰੋ 2020 ਫੁੱਟਬਾਲ ਕੁਆਲੀਫਾਇਰ ਵਿਚ ਅਲਬਾਨੀਆ ਨੂੰ 4-1 ਨਾਲ ਹਰਾ ਕੇ ਗਰੁੱਪ-ਐੱਚ ਵਿਚ ਮੁੜ ਤੋਂ ਚੋਟੀ ਦਾ ਸਥਾਨ ਹਾਸਿਲ ਕੀਤਾ। ਫਰਾਂਸ ਨੂੰ ਜਿੱਤ ਦਿਵਾਉਣ ਵਿਚ ਕਿੰਗਸਲੇ ਕੋਮਾਨ ਨੇ ਅਹਿਮ ਭੂਮਿਕਾ ਨਿਭਾਈ ਜਿਨ੍ਹਾਂ ਨੇ ਦੋ ਗੋਲ ਕੀਤੇ। ਬਾਇਰਨ ਮਿਊਨਿਖ ਦੇ ਸਟ੍ਰਾਈਕਰ ਕੋਮਾਨ ਪਿਛਲੇ ਸਾਲ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਫਰਾਂਸ ਦੀ ਟੀਮ ਵਿਚ ਸ਼ਾਮਲ ਨਹੀਂ ਸਨ ਪਰ ਸ਼ਨਿਚਰਵਾਰ ਨੂੰ ਉਨ੍ਹਾਂ ਨੂੰ ਫਰਾਂਸ ਦੇ ਸਟਾਰ ਸਟ੍ਰਾਈਕਰ ਕਾਇਲੀਅਨ ਐਮਬਾਪੇ ਦੀ ਥਾਂ ਖੇਡਣ ਦਾ ਮੌਕਾ ਮਿਲਿਆ। ਐਮਬਾਪੇ, ਪਾਲ ਪੋਗਬਾ ਤੇ ਏਂਗੋਲੋ ਕਾਂਟੇ ਦੀ ਗ਼ੈਰਮੌਜੂਦਗੀ ਵਿਚ ਖੇਡਣ ਉਤਰੀ ਫਰਾਂਸ ਦੀ ਟੀਮ ਨੇ ਜਲਦੀ ਹੀ ਆਪਣੀ ਲੈਅ ਫੜ ਲਈ ਸੀ। ਗਰੁੱਪ-ਐੱਚ ਵਿਚ ਫਰਾਂਸ ਪੰਜ ਮੈਚਾਂ ਵਿਚ 12 ਅੰਕ ਲੈ ਕੇ ਚੋਟੀ 'ਤੇ ਹੈ। ਉਥੇ ਏਂਡੋਰਾ ਨੂੰ 1-0 ਨਾਲ ਹਰਾਉਣ ਵਾਲਾ ਤੁਰਕੀ ਦੂਜੇ ਤੇ ਮਾਲਦੋਵਾ ਨੂੰ 3-0 ਨਾਲ ਹਰਾਉਣ ਵਾਲਾ ਆਈਸਲੈਂਡ ਤੀਜੇ ਸਥਾਨ 'ਤੇ ਹੈ। ਚੋਟੀ ਦੀਆਂ ਤਿੰਨਾਂ ਟੀਮਾਂ ਦੇ 12-12 ਅੰਕ ਹਨ ਪਰ ਗੋਲ ਫ਼ਰਕ ਦੇ ਹਿਸਾਬ ਨਾਲ ਫਰਾਂਸ ਚੋਟੀ 'ਤੇ ਹੈ।

ਪੁਰਤਗਾਲੀ ਟੀਮ ਦੀ ਪਹਿਲੀ ਜਿੱਤ

ਬੇਲਗ੍ਰੇਡ : ਯੂਰਪੀਅਨ ਚੈਂਪੀਅਨ ਪੁਰਤਗਾਲ ਨੇ ਗਰੁੱਪ-ਬੀ ਵਿਚ ਸਰਬੀਆ ਨੂੰ 4-2 ਨਾਲ ਹਰਾ ਕੇ ਯੂਰੋ 2020 ਲਈ ਕੁਆਲੀਫਾਈ ਕਰਨ ਵੱਲ ਕਦਮ ਵਧਾਏ। ਇਸ ਕੁਆਲੀਫਾਇੰਗ ਟੂਰਨਾਮੈਂਟ ਵਿਚ ਇਹ ਪੁਰਤਗਾਲ ਦੀ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਖੇਡੇ ਗਏ ਪਿਛਲੇ ਦੋ ਮੁਕਾਬਲਿਆਂ ਵਿਚ ਪੁਰਤਗਾਲ ਨੇ ਡਰਾਅ ਖੇਡਿਆ ਸੀ। ਅੰਕ ਸੂਚੀ ਵਿਚ ਪੁਰਤਗਾਲ ਪੰਜ ਅੰਕ ਲੈ ਕੇ ਦੂਜੇ ਸਥਾਨ 'ਤੇ ਹੈ ਜਦਕਿ ਯੂਕਰੇਨ 13 ਅੰਕਾਂ ਨਾਲ ਚੋਟੀ 'ਤੇ ਹੈ ਜਿਸ ਨੇ ਇਕ ਹੋਰ ਮੁਕਾਬਲੇ ਵਿਚ ਲਿਥੂਆਨੀਆ ਨੂੰ 3-0 ਨਾਲ ਹਰਾਇਆ।

ਸਾਊਥਗੇਟ ਨੇ ਕੀਤਾ ਇੰਗਲੈਂਡ ਨੂੰ ਚੌਕਸ

ਲੰਡਨ : ਯੂਰੋ 2020 ਕੁਆਲੀਫਾਇਰ ਵਿਚ ਇੰਗਲੈਂਡ ਨੇ ਵੇਂਬਲੇ ਵਿਚ ਖੇਡੇ ਗਏ ਗਰੁੱਪ ਏ ਦੇ ਮੁਕਾਬਲੇ ਵਿਚ ਬੁਲਗਾਰੀਆ ਨੂੰ 4-0 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹਾਲਾਂਕਿ ਇਸ ਟੂਰਨਾਮੈਂਟ ਵਿਚ ਦਬਦਬੇ ਵਿਚਾਲੇ ਆਪਣੇ ਸਾਰੇ ਮੁਕਾਬਲੇ ਜਿੱਤਣ ਦੇ ਬਾਵਜੂਦ ਇੰਗਲੈਂਡ ਦੇ ਕੋਚ ਗੇਰੇਥ ਸਾਊਥਗੇਟ ਨੇ ਆਪਣੀ ਟੀਮ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਤਿਆਰ ਰਹਿਣ ਲਈ ਚੌਕਸ ਕੀਤਾ ਹੈ। ਇਸ ਗਰੁੱਪ ਵਿਚ ਕੋਸੋਵੋ ਨੇ ਚੈੱਕ ਗਣਰਾਜ ਨੂੰ 2-1 ਨਾਲ ਹਰਾ ਕੇ ਦੂਜਾ ਸਥਾਨ ਹਾਸਲ ਕੀਤਾ।