ਇੰਸਤਾਂਬੁਲ (ਏਪੀ) : ਵਿੰਬਲਡਨ ਦੀ ਸਾਬਕਾ ਫਾਈਨਲਿਸਟ ਯੂਜੀਨੀ ਬੁਚਾਰਡ ਨੇ ਡਬਲਯੂਟੀਏ ਇੰਸਤਾਂਬੁਲ ਟੈਨਿਸ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿਚ ਚੋਟੀ ਦਾ ਦਰਜਾ ਹਾਸਲ ਸਵੇਤਲਾਨਾ ਕੁਜਨੇਤਸੋਵਾ ਨੂੰ ਹਰਾ ਕੇ ਪਿਛਲੇ ਦੋ ਸਾਲਾਂ ਵਿਚ ਪਹਿਲੀ ਵਾਰ ਆਪਣੀ ਜੇਤੂ ਮੁਹਿੰਮ ਨੂੰ ਚਾਰ ਮੈਚਾਂ ਤਕ ਪਹੁੰਚਾਇਆ। ਵਿਸ਼ਵ ਵਿਚ 272ਵੀਂ ਰੈਂਕਿੰਗ ਤੇ ਇੱਥੇ ਕੁਆਲੀਫਾਇਰ ਦੇ ਤੌਰ 'ਤੇ ਖੇਡ ਰਹੀ ਬੁਚਾਰਡ ਨੇ 7-6, 6-7, 6-2 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਕੋਲ ਦੂਜੇ ਸੈੱਟ ਵਿਚ 5-4 'ਤੇ ਮੈਚ ਪੁਆਇੰਟ ਸੀ ਪਰ ਕੁਜਨੇਤਸੋਵਾ ਨੇ ਆਸਾਨੀ ਨਾਲ ਹਾਰ ਨਹੀਂ ਮੰਨੀ ਤੇ ਮੁਕਾਬਲਾ ਤੀਜੇ ਸੈੱਟ ਤਕ ਲੈ ਗਈ। ਕੁਆਰਟਰ ਫਾਈਨਲ ਵਿਚ ਬੁਚਾਰਡ ਦਾ ਮੁਕਾਬਲਾ ਡੈਂਕਾ ਕੋਵੀਨਿਕ ਨਾਲ ਹੋਵੇਗਾ ਜਿਨ੍ਹਾਂ ਨੇ ਛੇਵਾਂ ਦਰਜਾ ਹਾਸਲ ਏਲੀਸਨ ਵਾਨ ਓਵੀਤਬੈਂਕ ਨੂੰ 6-3, 6-4 ਨਾਲ ਮਾਤ ਦਿੱਤੀ। ਤੀਜਾ ਦਰਜਾ ਹਾਸਲ ਪੋਲੋਨਾ ਹਰਕਾਗ ਨੇ ਜੇਸਮਾਈਨ ਪਾਓਲੀਨੀ ਨੂੰ 7-5, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਟੇਰੇਜਾ ਮਾਰਟੀਨਕੋਵਾ ਨੇ ਚੌਥੇ ਨੰਬਰ ਦੀ ਕੈਰੋਲੀਨ ਗਾਰਸੀਆ ਨੂੰ 6-1, 6-4 ਨਾਲ ਜਦਕਿ ਪੈਟ੍ਰੀਸੀਆ ਮਾਰੀਆ ਟਿਗ ਨੇ ਅੱਠਵਾਂ ਦਰਜਾ ਮਿਸਾਕੀ ਡੋਈ ਨੂੰ 6-2, 6-0 ਨਾਲ ਉਲਟਫੇਰ ਦਾ ਸ਼ਿਕਾਰ ਬਣਾਇਆ।