ਲੰਡਨ (ਰਾਇਟਰ) : 15 ਸਾਲ ਦੇ ਏਥਾਨ ਨਵਾਨੇਰੀ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੇ ਸਭ ਤੋਂ ਨੌਜਵਾਨ ਖਿਡਾਰੀ ਬਣੇ। ਉਨ੍ਹਾਂ ਨੇ ਐਤਵਾਰ ਨੂੰ ਬ੍ਰੇਂਟਫੋਰਟ ਖ਼ਿਲਾਫ਼ ਆਰਸੇਨਲ ਲਈ ਸ਼ੁਰੂਆਤ ਕੀਤੀ। ਨਵਾਨੇਰੀ ਸਬਸਟੀਟਿਊਟ ਖਿਡਾਰੀ ਵਜੋਂ ਮੈਦਾਨ ’ਚ ਉਤਰੇ ਸਨ। ਉਨ੍ਹਾਂ ਦੀ ਸ਼ੁਰੂਆਤ ਯਾਦਗਾਰ ਰਹੀ ਕਿਉਂਕਿ ਆਰਸੇਨਲ ਨੇ ਇਸ ਮੈਚ ਵਿਚ 3-0 ਨਾਲ ਜਿੱਤ ਦਰਜ ਕਰ ਕੇ ਅੰਕ ਸੂਚੀ ਵਿਚ ਸਿਖਰਲਾ ਸਥਾਨ ਹਾਸਲ ਕੀਤਾ। ਇਸ ਨਾਲ ਮਾਨਚੈਸਟਰ ਸਿਟੀ ਦੂਜੇ ਸਥਾਨ ’ਤੇ ਖਿਸਕ ਗਿਆ ਹਾਲਾਂਕਿ ਆਰਸੇਨਲ ਤੇ ਸਿਟੀ ਵਿਚਾਲੇ ਸਿਰਫ਼ ਪੰਜ ਅੰਕਾਂ ਦਾ ਫ਼ਾਸਲਾ ਹੈ।

ਇਸ ਤੋਂ ਪਹਿਲਾਂ ਆਰਸੇਨਲ ਨੇ ਵਿਲੀਅਮ ਸਾਲਿਬਾ ਦੇ ਬੁਕਾਯੋ ਸਾਕਾ ਦੇ ਪਾਸ ’ਤੇ 17ਵੇਂ ਮਿੰਟ ਵਿਚ ਗੋਲ ਕਰਨ ਨਾਲ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਗੈਬਰੀਅਲ ਜੀਸਸ ਨੇ 28ਵੇਂ ਮਿੰਟ ਵਿਚ ਗ੍ਰਾਨਿਤ ਜਾਕਾ ਦੇ ਪਾਸ ’ਤੇ ਗੋਲ ਕਰ ਕੇ ਟੀਮ ਦੀ ਬੜ੍ਹਤ ਦੁੱਗਣੀ ਕੀਤੀ। ਦੂਜੇ ਅੱਧ ਦੀ ਸ਼ੁਰੂਆਤ ਵਿਚ ਫੈਬੀਓ ਵੀਏਰਾ ਨੇ ਬੁਕਾਯੋ ਸਾਕਾ ਦੇ ਪਾਸ ’ਤੇ 49ਵੇਂ ਮਿੰਟ ਵਿਚ ਗੋਲ ਕਰ ਕੇ ਆਰਸੇਨਲ ਦੀ ਬੜ੍ਹਤ ਮਜ਼ਬੂਤ ਕਰ ਦਿੱਤੀ।

Posted By: Gurinder Singh