ਲਿਵਰਪੂਲ (ਏਪੀ) : ਇਕ ਗੋਲ ਨਾਲ ਪੱਛੜਨ ਤੋਂ ਬਾਅਦ ਬਿਹਤਰੀਨ ਵਾਪਸੀ ਕਰਦੇ ਹੋਏ ਪਿਛਲੀ ਵਾਰ ਦੀ ਜੇਤੂ ਲਿਵਰਪੂਲ ਦੀ ਟੀਮ ਨੇ ਇੱਥੇ ਐਨਫੀਲਡ ਸਟੇਡੀਅਮ ਵਿਚ ਖੇਡੇ ਗਏ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੇ ਮੁਕਾਬਲੇ ਵਿਚ ਸ਼ੇਫੀਲਡ ਯੂਨਾਈਟਿਡ ਨੂੰ 2-1 ਨਾਲ ਹਰਾ ਦਿੱਤਾ।

ਸ਼ੇਫੀਲਡ ਨੇ ਮੈਚ ਦੇ 13ਵੇਂ ਮਿੰਟ ਵਿਚ ਸੇਂਡਰ ਬੇਰਜੇ ਦੇ ਗੋਲ ਦੀ ਮਦਦ ਨਾਲ ਆਪਣਾ ਖ਼ਾਤਾ ਖੋਲ੍ਹ ਲਿਆ। ਬੇਰਜੇ ਨੇ ਇਹ ਗੋਲ ਪੈਨਲਟੀ 'ਤੇ ਕੀਤਾ। ਲਿਵਰਪੂਲ ਦੀ ਟੀਮ ਨੇ ਹਾਲਾਂਕਿ ਇਸ ਤੋਂ ਬਾਅਦ ਚੰਗੀ ਵਾਪਸੀ ਕੀਤੀ। ਮੇਜ਼ਬਾਨ ਲਿਵਰਪੂਲ ਨੇ 41ਵੇਂ ਮਿੰਟ ਵਿਚ ਰਾਬਰਟੋ ਫਿਰਮੀਨੋ ਦੇ ਗੋਲ ਦੀ ਮਦਦ ਨਾਲ ਸਕੋਰ 1-1 ਨਾਲ ਬਰਾਬਰੀ 'ਤੇ ਲਿਆ ਦਿੱਤਾ।

ਪਹਿਲੇ ਅੱਧ ਤਕ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ। ਲਿਵਰਪੂਲ ਨੇ ਦੂਜੇ ਅੱਧ ਦੇ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਇਕ ਹੋਰ ਗੋਲ ਕਰ ਕੇ ਮੈਚ ਵਿਚ 2-1 ਨਾਲ ਬੜ੍ਹਤ ਬਣਾ ਲਈ। ਲਿਵਰਪੂਲ ਟੀਮ ਲਈ ਇਹ ਗੋਲ ਡਿਓਗੋ ਜੋਟਾ ਨੇ 64ਵੇਂ ਮਿੰਟ ਵਿਚ ਕੀਤਾ। ਮੇਜ਼ਬਾਨ ਟੀਮ ਨੇ ਅੰਤ ਤਕ ਇਸ ਸਕੋਰ ਨੂੰ ਕਾਇਮ ਰੱਖਦੇ ਹੋਏ ਮੁਕਾਬਲਾ ਆਪਣੇ ਨਾਂ ਕਰ ਲਿਆ।

ਐਨਫੀਲਡ ਸਟੇਡੀਅਮ 'ਚ ਹਾਸਲ ਕੀਤੀ 28ਵੀਂ ਜਿੱਤ

ਲਿਵਰਪੂਲ ਦੀ ਐਨਫੀਲਡ ਸਟੇਡੀਅਮ ਵਿਚ ਪਿਛਲੇ 29 ਲੀਗ ਮੈਚਾਂ ਵਿਚ ਇਹ 28ਵੀਂ ਜਿੱਤ ਹੈ। ਲਿਵਰਪੂਲ ਦੀ ਟੀਮ ਈਪੀਐੱਲ ਵਿਚ ਆਪਣੇ ਪਿਛਲੇ ਦੋ ਮੁਕਾਬਲੇ ਨਹੀਂ ਜਿੱਤ ਸਕੀ ਸੀ ਤੇ ਹੁਣ ਇਸ ਜਿੱਤ ਨਾਲ ਉਸ ਦਾ ਆਤਮਵਿਸ਼ਵਾਸ ਵੀ ਵਧਿਆ ਹੋਵੇਗਾ। ਉਥੇ ਸ਼ੇਫੀਲਡ ਯੂਨਾਈਟਿਡ ਨੂੰ ਪਿਛਲੇ ਛੇ ਮੈਚਾਂ ਵਿਚ ਇਕ ਵੀ ਅੰਕ ਨਹੀਂ ਮਿਲਿਆ ਹੈ।