ਲੰਡਨ (ਏਪੀ) : ਇਕ ਗੋਲ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਲਿਵਰਪੂਲ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੇ ਮੁਕਾਬਲੇ ਵਿਚ ਨਿਊਕੈਸਲ ਯੂਨਾਈਟਿਡ ਨੂੰ 3-1 ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਲਿਵਰਪੂਲ ਨੇ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਮੌਜੂਦ ਮਾਨਚੈਸਟਰ ਸਿਟੀ ਤੋਂ ਅੰਕਾਂ ਦਾ ਫ਼ਾਸਲਾ ਘੱਟ ਕਰ ਲਿਆ ਹੈ। ਲਿਵਰਪੂਲ 17 ਮੈਚਾਂ ਵਿਚ 40 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ। ਲਿਵਰਪੂਲ ਤੇ ਨਿਊਕੈਸਲ ਵਿਚਾਲੇ ਮੁਕਾਬਲਾ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਕਰਵਾਇਆ ਗਿਆ। ਕੋਰੋਨਾ ਕਾਰਨ ਇਕ ਹਫ਼ਤੇ 'ਚ ਨੌਂ ਮੈਚ ਮੁਲਤਵੀ ਹੋਏ ਹਨ।

ਲਿਵਰਪੂਲ ਟੀਮ ਵਿਚ ਵੀ ਕੋਰੋਨਾ ਦੇ ਮਾਮਲੇ ਹਨ ਤੇ ਇਸ ਮੁਕਾਬਲੇ ਵਿਚ ਉਸ ਦੇ ਤਿੰਨ ਖਿਡਾਰੀ ਪਾਜ਼ੇਟਿਵ ਆਉਣ ਕਾਰਨ ਉਪਲੱਬਧ ਨਹੀਂ ਰਹੇ। ਇਸ ਤੋਂ ਪਹਿਲਾਂ ਨਿਊਕੈਸਲ ਯੂਨਾਈਟਿਡ ਲਈ ਜੋਂਜੋ ਸ਼ੇਲਵੀ ਨੇ ਸੱਤਵੇਂ ਮਿੰਟ ਵਿਚ ਬਾਕਸ ਦੇ ਬਾਹਰ ਤੋਂ ਸ਼ਾਟ ਖੇਡਿਆ ਜੋ ਗੋਲ ਪੋਸਟ ਨੂੰ ਪਾਰ ਕਰ ਗਿਆ। ਹਾਲਾਂਕਿ ਲਿਵਰਪੂਲ ਨੇ ਵੀ ਵਾਪਸੀ ਕਰਨ ਵਿਚ ਜ਼ਿਆਦਾ ਦੇਰ ਨਹੀਂ ਲਾਈ ਤੇ ਡਿਓਗੋ ਜੋਟਾ ਨੇ 21ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ। ਚਾਰ ਮਿੰਟ ਬਾਅਦ ਹੀ ਲਿਵਰਪੂਲ ਵੱਲੋਂ ਮੁਹੰਮਦ ਸਲਾਹ ਨੇ ਬਾਕਸ ਦੇ ਸੈਂਟਰ ਸ਼ਾਟ ਮਾਰ ਕੇ ਗੋਲ ਕੀਤਾ ਤੇ ਟੀਮ ਨੂੰ 2-1 ਨਾਲ ਬੜ੍ਹਤ ਦਿਵਾਈ।

ਲਿਵਰਪੂਲ ਲਈ ਫਿਰ ਟ੍ਰੇਂਟ ਅਲੈਗਜ਼ਾਂਡੇਰ ਆਰਨੋਲਡ ਨੇ 87ਵੇਂ ਮਿੰਟ ਵਿਚ ਰਾਬਰਟੋ ਫਿਰਮੀਨੋ ਦੇ ਪਾਸ 'ਤੇ ਗੋਲ ਕਰ ਕੇ ਸਕੋਰ 3-1 ਕਰ ਦਿੱਤਾ। ਲਿਵਰਪੂਲ ਨੇ ਇਸ ਬੜ੍ਹਤ ਨੂੰ ਆਖ਼ਰੀ ਸੀਟੀ ਤਕ ਕਾਇਮ ਰੱਖਿਆ। ਇਕ ਹੋਰ ਮੁਕਾਬਲੇ ਵਿਚ ਏਵਰਟਨ ਨੇ ਜਾਰਾਡ ਬਰਾਂਥਵੇਟ ਦੇ ਗੋਲ ਦੀ ਮਦਦ ਨਾਲ ਚੇਲਸੀ ਨਾਲ 1-1 ਨਾਲ ਡਰਾਅ ਖੇਡਿਆ।

ਏਵਰਟਨ ਦੀ ਟੀਮ ਵਿਚ ਬਿਮਾਰੀ ਤੇ ਜ਼ਖ਼ਮੀ ਹੋਣ ਕਾਰਨ 12 ਖਿਡਾਰੀ ਉਪਲੱਬਧ ਨਹੀਂ ਸਨ ਪਰ ਟੀਮ ਨੇ ਇਸ ਅਹਿਮ ਮੁਕਾਬਲੇ ਵਿਚ ਚੇਲਸੀ ਨੂੰ ਬਰਾਬਰੀ 'ਤੇ ਰੋਕ ਦਿੱਤਾ। ਚੇਲਸੀ ਤੇ ਏਵਰਟਨ ਵਿਚਾਲੇ ਮੁਕਾਬਲਾ ਪਹਿਲੇ ਅੱਧ ਤਕ ਗੋਲਰਹਿਤ ਰਿਹਾ ਪਰ ਦੂਜੇ ਅੱਧ ਵਿਚ ਚੇਲਸੀ ਵੱਲੋਂ ਮੈਸਨ ਮਾਊਂਟ ਨੇ 70ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਹਾਲਾਂਕਿ ਇਹ ਬੜ੍ਹਤ ਜ਼ਿਆਦਾ ਦੇਰ ਨਹੀਂ ਰਹੀ ਤੇ ਸਿਰਫ਼ ਚਾਰ ਮਿੰਟ ਦੇ ਅੰਦਰ ਹੀ ਏਵਰਟਨ ਲਈ ਬ੍ਾਂਥਵੇਟ ਨੇ 74ਵੇਂ ਮਿੰਟ ਵਿਚ ਗੋਲ ਕਰ ਕੇ ਬਰਾਬਰੀ ਦਿਵਾਈ। ਆਖ਼ਰੀ ਸਮੇਂ ਤਕ ਦੋਵੇਂ ਟੀਮਾਂ ਹੋਰ ਗੋਲ ਨਹੀਂ ਕਰ ਸਕੀਆਂ ਜਿਸ ਨਾਲ ਮੁਕਾਬਲਾ ਬਰਾਬਰੀ 'ਤੇ ਖ਼ਤਮ ਹੋਇਆ।

ਮੈਸੀ ਦੀ 69 ਮੀਟਰ ਉੱਚੀ ਤਸਵੀਰ ਲੱਗੀ

ਰੋਸਾਰੀਓ (ਪੀਟੀਆਈ) : ਅਰਜਨਟੀਨਾ ਦੇ ਰੋਸਾਰੀਓ ਸ਼ਹਿਰ ਵਿਚ ਦਿੱਗਜ ਫੁੱਟਬਾਲ ਖਿਡਾਰੀ ਲਿਓਨ ਮੈਸੀ ਦੀ 69 ਮੀਟਰ ਉੱਚੀ ਕੰਧ-ਤਸਵੀਰ ਲਾਈ ਗਈ। ਇਸ ਗ੍ਰਾਫਿਟੀ ਦਾ ਨਾਂ ਫਰਾਮ ਅਦਰ ਗੈਲੇਕਸੀ, ਫਰਾਮ ਮਾਈ ਸਿਟੀ ਹੈ ਤੇ ਸਥਾਨਕ ਕਲਾਕਾਰਾਂ ਮਰਲੇਨ ਗੁਰੀਆਗਾ ਤੇ ਲਿਸਾਂਦਰੋ ਉਰਤੀਗਾ ਨੇ ਇਸ ਨੂੰ ਤਿਆਰ ਕੀਤਾ ਹੈ। ਇਸ ਕੰਧ-ਤਸਵੀਰ ਵਿਚ ਮੈਸੀ ਨੂੰ 10 ਨੰਬਰ ਦੀ ਜਰਸੀ ਪਹਿਨੇ ਰਾਸ਼ਟਰੀ ਟੀਮ ਦੇ ਕਪਤਾਨ ਦੇ ਰੂਪ ਵਿਚ ਦਿਖਾਇਆ ਗਿਆ ਹੈ ਤੇ ਉਹ ਆਪਣੀ ਛਾਤੀ 'ਤੇ ਹੱਥ ਰੱਖੇ ਹੋਏ ਹਨ। ਪੈਰਿਸ ਸੇਂਟ ਜਰਮੇਨ ਦੇ ਸਟ੍ਰਾਈਕਰ ਮੈਸੀ ਨੇ ਰੋਸਾਰੀਓ ਦੇ ਨੇੜੇ ਮੌਜੂਦ ਕਲੱਬ ਗ੍ਾਂਡੋਲੀ ਨਾਲ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।