ਮੈਨਚੇਸਟਰ (ਏਪੀ) : ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਨੂੰ ਸਰਕਾਰ ਮਾਹਿਰਾਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਜੁੜੀਆਂ ਪਾਬੰਦੀਆਂ ਇੰਗਲਿਸ਼ ਫੁੱਟਬਾਲ 'ਚ ਘੱਟ ਤੋਂ ਘੱਟ ਇਕ ਸਾਲ ਤਕ ਜਾਰੀ ਰਹਿ ਸਕਦੀਆਂ ਹਨ। ਇੰਗਲੈਂਡ ਦੀ ਚੋਟੀ ਦੀ ਫੁੱਟਬਾਲ ਲੀਗ ਅਧਿਐਨ ਕਰ ਰਹੀ ਹੈ ਕਿ ਕਿਵੇਂ ਪਿਛਲੇ ਹਫਤੇ ਦੇ ਅੰਤ 'ਚ ਜਰਮਨੀ ਦੀ ਬੁੰਦਿਸ਼ਲੀਗਾ ਆਪਣੀ ਲੀਗ ਸ਼ੁਰੂ ਕਰਨ 'ਚ ਸਫਲ ਰਹੀ। ਈਪੀਐੱਲ ਨੂੰ ਹਾਲਾਂਕਿ ਪਤਾ ਹੈ ਕਿ 12 ਜੂਨ ਨੂੰ ਲੀਗ ਸ਼ੁਰੂ ਕਰਨ ਦੇ ਉਨ੍ਹਾਂ ਦੇ ਟੀਚੇ ਨੂੰ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ। ਪ੍ਰੀਮੀਅਰ ਲੀਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਚਰਡ ਮਾਸਟਰਸ ਨੇ ਕਿਹਾ ਕਿ ਸਾਨੂੰ ਇਸ ਸਬੰਧੀ ਲਚੀਲਾ ਰਵੱਈਆ ਅਪਣਾਉਣਾ ਚਾਹੀਦਾ ਹੈ। ਬੇਸ਼ੱਕ ਜਰਮਨੀ ਦੀ ਲੀਗ ਸਾਡੇ ਤੋਂ ਕੁਝ ਕਦਮ ਦੂਰ ਹੈ ਤੇ ਅਸੀਂ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਤੋਂ ਸਿੱਖ ਸਕਦੇ ਹਾਂ ਤੇ ਉਨ੍ਹਾਂ ਦੀ ਸਫਲਤਾ ਤੋਂ ਆਤਮ-ਵਿਸ਼ਵਾਸ ਲੈ ਸਕਦੇ ਹਾਂ।

ਟੀਮਾਂ ਦੇ ਮੁੱਖ ਕਾਰਜਕਾਰੀ ਅਗਲੇ ਮੰਗਲਵਾਰ ਨੂੰ ਬੈਠਕ ਕਰ ਕੇ ਖਿਡਾਰੀਆਂ ਨੂੰ ਸੰਪਰਕ 'ਚ ਆਉਣ ਵਾਲੀ ਟ੍ਰੇਨਿੰਗ ਦੀ ਮਨਜ਼ੂਰੀ ਦੇਣ ਨਾਲ ਜੁੜੇ ਨਿਯਮਾਂ 'ਤੇ ਚਰਚਾ ਕਰਨਗੇ ਪਰ ਇਹ ਸਰਕਾਰ ਦੀ ਮਨਜ਼ੂਰੀ ਤੇ ਲਾਕਡਾਊਨ ਨਾਲ ਜੁੜੀਆਂ ਪਾਬੰਦੀਆਂ 'ਚ ਛੋਟ ਦੇਣ 'ਤੇ ਕੋਵਿਡ-19 ਮਾਮਲਿਆਂ 'ਚ ਵਾਧਾ ਨਾ ਹੋਣ ਨਾਲ ਜੁੜਿਆ ਹੋਵੇਗਾ।

ਸੋਮਵਾਰ ਨੂੰ 20 ਕਲੱਬ ਸਰੀਰਕ ਦੂਰੀ ਦੇ ਨਿਯਮਾਂ ਨਾਲ ਛੋਟੇ ਸਮੂਹ 'ਚ ਟ੍ਰੇਨਿੰਗ ਦੇ ਨਿਯਮਾਂ 'ਤੇ ਰਾਜ਼ੀ ਹੋਏ ਸਨ। ਇਸ ਦੌਰਾਨ ਸਰਕਾਰੀ ਅਧਿਕਾਰੀ ਨਿਯਮਾਂ ਦੀ ਪਾਲਣਾ ਦੀ ਜਾਂਚ ਲਈ ਟ੍ਰੇਨਿੰਗ ਸਹੂਲਤਾਂ ਲਈ ਆ ਸਕਦੇ ਹਨ। ਪ੍ਰਰੀਮੀਅਰ ਲੀਗ ਦੇ ਮੈਡੀਕਲ ਸਲਾਹਕਾਰ ਮਾਰਕ ਗਿਲੇਟ ਨੇ ਹਾਲਾਂਕਿ ਕਿਹਾ ਕਿ ਕੋਰੋਨਾ ਵਾਇਰਸ ਨਾਲ ਜੁੜੀ ਸਮਾਜਿਕ ਸਥਿਤੀ 'ਚ ਜਲਦ ਹੀ ਬਦਲਾਅ ਨਹੀਂ ਆਉਣ ਵਾਲਾ।

Posted By: Rajnish Kaur