ਲੰਡਨ (ਏਐੱਫਪੀ) : ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਆਪਣੀ ਦਮਦਾਰ ਸ਼ੁਰੂਆਤ ਨਾਲ ਲਿਵਰਪੂਲ ਨੇ ਖ਼ਿਤਾਬ ਦੇ ਹੋਰ ਦਾਅਵੇਦਾਰਾਂ ਦੀ ਬੇਚੈਨੀ ਵਧਾ ਦਿੱਤੀ ਹੈ। ਇਸੇ ਤਹਿਤ ਲਿਵਰਪੂਲ ਫੁੱਟਬਾਲ ਕਲੱਬ ਸ਼ਨਿਚਰਵਾਰ ਨੂੰ ਨਿਊਕੈਸਲ ਯੂਨਾਈਟਿਡ ਨਾਲ ਭਿੜੇਗਾ। ਮੈਨੇਜਰ ਜੁਰਜੇਨ ਕਲੋਪ ਦੀ ਲਿਵਰਪੂਲ ਟੀਮ ਨੇ ਮੌਜੂਦਾ ਸੈਸ਼ਨ ਦੇ ਚਾਰ ਮੈਚਾਂ ਵਿਚ ਚਾਰ ਜਿੱਤਾਂ ਨਾਲ ਚੋਟੀ ਦੇ ਸਥਾਨ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਦੂਜੇ ਸਥਾਨ 'ਤੇ ਕਾਬਜ ਮੌਜੂਦਾ ਚੈਂਪੀਅਨ ਮਾਨਚੈਸਟਰ ਸਿਟੀ 'ਤੇ ਉਸ ਨੂੰ ਦੋ ਅੰਕਾਂ ਦੀ ਬੜ੍ਹਤ ਹਾਸਲ ਹੈ। ਇਸ ਦੌਰਾਨ ਯੂਰਪੀਅਨ ਚੈਂਪੀਅਨ ਲਿਵਰਪੂਲ ਨੇ ਨਾਰਵਿਕ, ਸਾਊਥੈਂਪਟਨ, ਆਰਸੇਨਲ ਤੇ ਬਰਨਲੇ ਨੂੰ ਮਾਤ ਦਿੱਤੀ ਹੈ ਤੇ ਵਿਰੋਧੀਆਂ ਨੂੰ ਆਪਣੀ ਮਜ਼ਬੂਤ ਇੱਛਾ ਸ਼ਕਤੀ ਦਾ ਸੁਨੇਹਾ ਭੇਜਿਆ ਹੈ। ਪਿਛਲੇ ਸੈਸ਼ਨ ਵਿਚ ਲਿਵਰਪੂਲ ਥੋੜ੍ਹੇ ਫ਼ਰਕ ਨਾਲ ਸਿਟੀ ਤੋਂ ਖ਼ਿਤਾਬੀ ਜੰਗ ਵਿਚ ਪੱਛੜ ਗਿਆ ਸੀ। ਈਪੀਐੱਲ ਵਿਚ ਸ਼ਨਿਚਰਵਾਰ ਨੂੰ ਮਾਨਚੈਸਟਰ ਸਿਟੀ ਦਾ ਸਾਹਮਣਾ ਨਾਰਵਿਕ ਸਿਟੀ ਨਾਲ ਹੋਵੇਗਾ ਪਰ ਜਦ ਇਹ ਮੁਕਾਬਲਾ ਸ਼ੁਰੂ ਹੋਵੇਗਾ ਤਦ ਤਕ ਸੰਭਵ ਤੌਰ 'ਤੇ ਲਿਵਰਪੂਲ ਉਸ 'ਤੇ ਪੰਜ ਅੰਕਾਂ ਦੀ ਬੜ੍ਹਤ ਬਣਾ ਚੁੱਕਾ ਹੋਵੇਗਾ। ਮੈਨੇਜਰ ਪੇਪ ਗਾਰਡੀਓਲਾ ਦੀ ਟੀਮ ਸਿਟੀ ਵੀ ਮੌਜੂਦਾ ਸੈਸ਼ਨ ਵਿਚ ਅਜੇਤੂ ਹੈ ਤੇ ਉਸ ਨੇ ਵੈਸਟਹਮ ਤੇ ਬਿ੍ਜਟਨ ਨੂੰ ਹਰਾਇਆ ਹੈ ਪਰ ਟਾਟੇਨਹਮ ਖ਼ਿਲਾਫ਼ ਡਰਾਅ ਨੇ ਲਿਵਰਪੂਲ ਨੂੰ ਅੰਕ ਸੂਚੀ ਵਿਚ ਅੱਗੇ ਵਧਣ ਦਾ ਮੌਕਾ ਦਿੱਤਾ। ਓਲੇ ਗਨਰ ਸੋਲਸਕਜੇਰ ਦੀ ਮਾਨਚੈਸਟਰ ਯੂਨਾਈਟਿਡ ਦੀ ਟੀਮ ਲਿਸੈਸਟਰ ਸਿਟੀ ਨਾਲ ਸ਼ਨਿਚਰਵਾਰ ਨੂੰ ਭਿੜੇਗੀ। ਯੂਨਾਈਟਿਡ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਉਸ ਨੇ ਆਪਣੇ ਚਾਰ ਮੁਕਾਬਲਿਆਂ ਵਿਚੋਂ ਸਿਰਫ਼ ਇਕ ਵਿਚ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਪਿਛਲੇ ਦਿਨੀਂ ਯੂਨਾਈਟਿਡ ਨਾਲ ਜੁੜੇ ਹੈਰੀ ਮੈਗਿਊਰੇ ਤੋਂ ਉਮੀਦ ਹੋਵੇਗੀ ਕਿ ਉਹ ਆਪਣੇ ਪੁਰਾਣੇ ਕਲੱਬ ਖ਼ਿਲਾਫ਼ ਆਪਣੇ ਮੌਜੂਦਾ ਕਲੱਬ ਨੂੰ ਜਿੱਤ ਦਿਵਾਉਣ। ਯੂਨਾਈਟਿਡ ਪਾਲ ਪੋਗਬਾ ਸਮੇਤ ਕਈ ਦਿੱਗਜ ਖਿਡਾਰੀਆਂ ਦੀ ਗ਼ੈਰ ਮੌਜੂਦਗੀ ਵਿਚ ਇਸ ਮੁਕਾਬਲੇ ਵਿਚ ਉਤਰੇਗਾ ਜੋ ਜ਼ਖ਼ਮੀ ਹਨ।

ਟੈਮੀ ਅਬ੍ਰਾਹਮ 'ਤੇ ਹੋਵੇਗੀ ਨਜ਼ਰ :

ਹੋਰ ਮੁਕਾਬਲਿਆਂ ਵਿਚ ਟਾਟੇਨਹਮ ਦਾ ਸਾਹਮਣਾ ਕ੍ਰਿਸਟਲ ਪੈਲੇਸ ਨਾਲ ਹੋਵੇਗਾ ਜਦਕਿ ਚੇਲਸੀ ਦਾ ਸਾਹਮਣਾ ਵੁਲਵਰਹੈਂਪਟਨ ਨਾਲ ਹੋਵੇਗਾ। ਜੇ ਚੇਲਸੀ ਦੇ ਸਟ੍ਰਾਈਕਰ ਟੈਮੀ ਅਬ੍ਰਾਹਮ ਦੋ ਗੋਲ ਕਰਨ ਵਿਚ ਕਾਮਯਾਬ ਰਹੇ ਤਾਂ ਉਹ ਕ੍ਰਿਸਟੀਆਨੋ ਰੋਨਾਲਡੋ ਤੇ ਡੇਲੇ ਅਲੀ ਤੋਂ ਬਾਅਦ 21 ਸਾਲ ਤੋਂ ਘੱਟ ਉਮਰ ਵਿਚ ਲਗਾਤਾਰ ਤਿੰਨ ਮੁਕਾਬਲਿਆਂ ਵਿਚ ਦੋ ਜਾਂ ਉਸ ਤੋਂ ਜ਼ਿਆਦਾ ਗੋਲ ਕਰਨ ਵਾਲੇ ਤੀਜੇ ਖਿਡਾਰੀ ਬਣਨਗੇ।

---------------

----