ਲੰਡਨ (ਰਾਇਟਰ) : ਇੰਗਲਿਸ਼ ਲੀਗ ਦੇ ਚੌਥੇ ਗੇੜ ਦੇ ਮੁਕਾਬਲੇ ਵਿਚ ਮਾਨਚੈਸਟਰ ਸਿਟੀ ਨੇ ਸਾਊਥੈਂਪਟਨ ਨੂੰ 3-1 ਨਾਲ ਹਰਾ ਦਿੱਤਾ ਜਿੱਥੇ ਸਿਟੀ ਵੱਲੋਂ ਸਰਜੀਓ ਅਗਿਊਰੋ (38ਵੇਂ ਤੇ 56ਵੇਂ ਮਿੰਟ) ਨੇ ਦੋ ਗੋਲ ਕੀਤੇ। ਪਿਛਲੀ ਵਾਰ ਦੀ ਜੇਤੂ ਸਿਟੀ ਪਿਛਲੇ ਮੁਕਾਬਲੇ ਤੋਂ ਆਪਣੀ ਟੀਮ ਵਿਚ ਨੌਂ ਤਬਦੀਲੀਆਂ ਕਰ ਕੇ ਮੈਦਾਨ ਵਿਚ ਉਤਰੀ ਜਿਸ ਵਿਚ ਉਸ ਦੇ ਸਾਬਕਾ ਕਪਤਾਨ ਮਾਈਕ ਡਾਇਲੇ ਦੇ 18 ਸਾਲਾ ਪੋਤੇ ਟਾਮੀ ਬੋਇਲੇ ਨੂੰ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਸਿਟੀ ਵੱਲੋਂ ਅਗਿਊਰੋ ਦੇ ਦੋ ਗੋਲ ਕਰਨ ਤੋਂ ਪਹਿਲਾਂ ਨਿਕੋਲਸ ਓਟੇਮੇਂਡੀ (20ਵੇਂ ਮਿੰਟ) ਨੇ ਸਿਟੀ ਨੂੰ ਬੜ੍ਹਤ ਦਿਵਾਈ। ਉਥੇ ਸਾਊਥੈਂਪਟਨ ਵੱਲੋਂ ਜੈਕ ਸਟੀਫੰਸ ਨੇ ਤੈਅ ਸਮੇਂ ਤੋਂ 15 ਮਿੰਟ ਪਹਿਲਾਂ ਇਕਲੌਤਾ ਗੋਲ ਕੀਤਾ।

ਏਵਰਟਨ ਦੀ ਟੀਮ ਨੇ ਵਾਟਫੋਰਡ ਨੂੰ ਹਰਾਇਆ

ਲੀਗ ਕੱਪ ਦੇ ਇਕ ਹੋਰ ਮੁਕਾਬਲੇ ਵਿਚ ਏਵਰਟਨ ਨੇ ਵਾਟਫੋਰਡ ਨੂੰ 2-0 ਨਾਲ ਹਰਾ ਦਿੱਤਾ। ਨਾਲ ਹੀ ਲਿਸੈਸਟਰ ਸਿਟੀ ਨੇ ਬਰਟਨ ਏਲਬੀਓਨ ਨੂੰ 3-1 ਨਾਲ ਤੇ ਕੋਲਚੇਸਟਰ ਯੂਨਾਈਟਿਡ ਨੇ ਕ੍ਰਾਵਲੀ ਟਾਊਨ ਨੂੰ ਇਸੇ ਸਕੋਰ ਨਾਲ ਹਰਾਇਆ।