ਪੈਰਿਸ (ਏਐੱਫਪੀ) : ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਯੂਰੋਪਾ ਲੀਗ ਦੇ ਨਾਕਆਊਟ ਗੇੜ ਵਿਚ ਪੁੱਜ ਗਿਆ। ਗਰੁੱਪ ਐੱਲ ਵਿਚ ਓਲਡ ਟਰੈਫਰਡ ਵਿਚ ਖੇਡੇ ਗਏ ਮੁਕਾਬਲੇ ਵਿਚ ਯੂਨਾਈਟਿਡ ਨੇ ਪਾਰਟੀਜਾਨ ਬੇਲਗ੍ਰੇਡ ਨੂੰ 3-0 ਨਾਲ ਹਰਾ ਕੇ ਆਖ਼ਰੀ-32 ਵਿਚ ਥਾਂ ਬਣਾਈ ਜਦਕਿ ਰੋਮ ਵਿਚ ਖੇਡੇ ਗਏ ਗਰੁੱਪ-ਈ ਦੇ ਇਕ ਹੋਰ ਰੋਮਾਂਚਕ ਮੁਕਾਬਲੇ ਵਿਚ ਸੇਲਟਿਕ ਨੇ ਲਾਜੀਓ ਨੂੰ 2-1 ਨਾਲ ਹਰਾ ਕੇ ਨਾਕਆਊਟ ਗੇੜ ਵਿਚ ਥਾਂ ਬਣਾਈ। ਮੈਨੇਜਰ ਓਲੇ ਗਨਰ ਸੋਲਸਕਜੇਰ ਦੀ ਯੂਨਾਈਟਿਡ ਦੀ ਟੀਮ ਨੇ ਚੌਥੇ ਗਰੁੱਪ ਮੁਕਾਬਲੇ 'ਚ ਤੀਜੀ ਜਿੱਤ ਤੋਂ ਬਾਅਦ ਆਪਣੇ ਕੁੱਲ ਅੰਕਾਂ ਦੀ ਗਿਣਤੀ 10 ਪਹੁੰਚਾ ਦਿੱਤੀ। 18 ਸਾਲਾ ਨੌਜਵਾਨ ਮੈਸਨ ਗ੍ਰੀਨਵੁਡ ਨੇ 22ਵੇਂ ਮਿੰਟ ਵਿਚ ਯੂਨਾਈਟਿਡ ਦੇ ਲਈ ਇਸ ਮੁਕਾਬਲੇ ਦਾ ਪਹਿਲਾ ਗੋਲ ਕੀਤਾ। ਇਹ ਇਸ ਸੈਸ਼ਨ ਵਿਚ ਉਨ੍ਹਾਂ ਦਾ ਤੀਜਾ ਗੋਲ ਰਿਹਾ। ਇਸ ਤੋਂ ਬਾਅਦ 33ਵੇਂ ਮਿੰਟ ਵਿਚ ਹੀ ਏਂਥੋਨੀ ਮਾਰਸ਼ਲ ਨੇ ਇਕ ਸ਼ਾਨਦਾਰ ਗੋਲ ਰਾਹੀਂ ਯੂਨਾਈਟਿਡ ਨੂੰ ਅੱਧੇ ਸਮੇਂ ਤੋਂ ਪਹਿਲਾਂ ਦੋਹਰੀ ਬੜ੍ਹਤ ਦਿਵਾਈ। ਉਥੇ ਦੂਜੇ ਅੱਧ ਦੇ ਚੌਥੇ ਹੀ ਮਿੰਟ ਵਿਚ ਮਾਰਕਸ ਰਸ਼ਫੋਰਡ ਨੇ ਇਕ ਤੇਜ਼ ਕਿੱਕ ਰਾਹੀਂ ਯੂਨਾਈਟਿਡ ਨੂੰ 3-0 ਨਾਲ ਅੱਗੇ ਕਰ ਦਿੱਤਾ ਤੇ ਇਹ ਸਕੋਰ ਅੰਤ ਤਕ ਕਾਇਮ ਰਿਹਾ। ਗਰੁੱਪ-ਐੱਲ ਦੇ ਇਕ ਹੋਰ ਮੁਕਾਬਲੇ ਵਿਚ ਅਲਕਮਾਰ ਨੇ ਅਸਤਾਨਾ ਨੂੰ 5-0 ਨਾਲ ਕਰਾਰੀ ਮਾਤ ਦਿੱਤੀ।

ਲਾਜੀਓ ਤੇ ਸੇਵੀਆ ਵੀ ਆਖ਼ਰੀ-32 ਵਿਚ :

ਗਰੁੱਪ-ਈ ਵਿਚ ਓਲੀਵੀਅਰ ਐੱਨਚਾਮ ਨੇ ਇੰਜਰੀ ਟਾਈਮ ਵਿਚ ਗੋਲ ਕਰ ਕੇ ਸੇਲਟਿਕ ਨੂੰ ਲਾਜੀਓ 'ਤੇ 2-1 ਦੀ ਜਿੱਤ ਦਿਵਾਈ ਤੇ ਆਪਣੀ ਟੀਮ ਨੂੰ ਆਖ਼ਰੀ-32 ਦੀ ਟਿਕਟ ਦਿਵਾਈ। ਓਧਰ ਬੁੰਦਿਸ਼ਲੀਗਾ ਦੀ ਅੰਕ ਸੂਚੀ ਵਿਚ ਚੋਟੀ 'ਤੇ ਚੱਲ ਰਹੇ ਬੋਰੂਸੀਆ ਮੌਨਚੇਂਗਲਾਡਬਾਕ ਨੇ ਯੂਰੋਪਾ ਲੀਗ ਮੁਹਿੰਮ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਗਰੁੱਪ-ਜੇ ਵਿਚ ਮਾਰਕਸ ਥੁਰਰਾਮ ਵੱਲੋਂ 95ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਮੌਨਚੇਂਗਲਾਡਬਾਕ ਨੇ ਰੋਮਾ ਨੂੰ 2-1 ਨਾਲ ਹਰਾਇਆ। ਗਰੁੱਪ-ਏ ਵਿਚ ਬਾਰਸੀਲੋਨਾ ਦੇ ਸਾਬਕਾ ਸਟ੍ਰਾਈਕਰ ਮੁਨੀਰ ਅਲ ਹਦੀਦੀ ਦੀ ਹੈਟਿ੍ਕ ਦੀ ਬਦੌਲਤ ਰਿਕਾਰਡ ਪੰਜ ਵਾਰ ਦੇ ਚੈਂਪੀਅਨ ਸੇਵੀਆ ਨੇ ਡੁਡੇਲੇਂਜ ਨੂੰ 5-2 ਨਾਲ ਹਰਾ ਕੇ ਨਾਕ ਆਊਟ ਵਿਚ ਪ੍ਰਵੇਸ਼ ਕੀਤਾ। ਨਾਲ ਹੀ ਗਰੁੱਪ ਐੱਚ ਵਿਚ ਇਸਪੈਨਿਓਲ ਦੀ ਟੀਮ ਲੁਡੋਗੋਰੇਟਸ ਨੂੰ 6-0 ਨਾਲ ਕਰਾਰੀ ਮਾਤ ਦੇ ਕੇ ਨਾਕਆਊਟ ਗੇੜ ਵਿਚ ਕੁਆਲੀਫਾਈ ਕਰਨ ਦੇ ਨੇੜੇ ਪੁੱਜ ਗਈ। ਓਧਰ ਬਾਸੇਲ ਨੇ ਗੇਟਾਫੇ ਨੂੰ 2-1 ਨਾਲ ਹਰਾ ਕੇ ਗਰੁੱਪ ਸੀ ਵਿਚ ਆਪਣਾ ਚੋਟੀ ਦਾ ਸਥਾਨ ਪੱਕਾ ਕਰ ਲਿਆ।

ਨਹੀਂ ਰਹੇ ਮੋਹਨ ਬਾਗਾਨ ਦੇ ਸਾਬਕਾ ਜਨਰਲ ਸਕੱਤਰ ਮਿੱਤਰਾ

ਕੋਲਕਾਤਾ : ਮੋਹਨ ਬਾਗਾਨ ਫੁੱਟਬਾਲ ਕਲੱਬ ਦੇ ਦੋ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤਕ ਸਕੱਤਰ ਰਹੇ ਅੰਜਨ ਮਿੱਤਰਾ ਦਾ ਸ਼ੁੱਕਰਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਹਸਪਤਾਲ ਦੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਮਿੱਤਰਾ 72 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਸੁਜਾਤਾ ਮਿੱਤਰਾ ਤੇ ਧੀ ਸੋਹਿਨੀ ਮਿੱਤਰਾ ਚੌਬੇ ਹਨ। ਮਿੱਤਰਾ 2014 ਵਿਚ 'ਬਾਈਪਾਸ ਸਰਜਰੀ' ਤੋਂ ਬਾਅਦ ਤੋਂ ਹੀ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਤੜਕੇ ਤਿੰਨ ਵਜ ਕੇ 10 ਮਿੰਟ ਤਕ ਆਖ਼ਰੀ ਸਾਹ ਲਿਆ। ਮਿੱਤਰਾ ਮਈ 1995 ਵਿਚ ਬਾਗਾਨ ਦੇ ਜਨਰਲ ਸਕੱਤਰ ਬਣੇ ਸਨ ਤੇ ਅਕਤੂਬਰ 2018 ਤਕ ਇਸ ਅਹੁਦੇ 'ਤੇ ਰਹੇ। ਉਨ੍ਹਾਂ ਦੀ ਯਾਦ ਵਿਚ ਮੋਹਨ ਬਾਗਾਨ ਨੇ ਸ਼ੁੱਕਰਵਾਰ ਨੂੰ ਆਪਣਾ ਅਭਿਆਸ ਸੈਸ਼ਨ ਰੱਦ ਕਰਨ ਦਾ ਫ਼ੈਸਲਾ ਕੀਤਾ।