ਲੰਡਨ (ਏਐੱਫਪੀ) : ਇੰਗਲੈਂਡ ਦੀ ਰਾਸ਼ਟਰੀ ਟੀਮ ਦੇ ਕਪਤਾਨ ਹੈਰੀ ਕੇਨ ਨੇ ਨਸਲਵਾਦ ਨਾਲ ਨਜਿੱਠਣ ਲਈ ਖ਼ਾਸ ਰਣਨੀਤੀ ਬਣਾਈ ਹੈ। ਕਪਤਾਨ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਯੂਰੋ ਕੱਪ 2020 ਕੁਆਲੀਫਾਇਰ ਵਿਚ ਉਨ੍ਹਾਂ ਦੇ ਕਿਸੇ ਖਿਡਾਰੀ ਖ਼ਿਲਾਫ਼ ਨਸਲੀ ਟਿੱਪਣੀ ਕੀਤੀ ਗਈ ਤਾਂ ਪੂਰੀ ਟੀਮ ਮੈਦਾਨ ਛੱਡ ਦੇਵੇਗੀ। ਇੰਗਲੈਂਡ ਦੇ ਸਟ੍ਰਾਈਕਰ ਟੈਮੀ ਅਬ੍ਰਾਹਮ ਨੇ ਦੱਸਿਆ ਕਿ ਕਪਤਾਨ ਨੇ ਨਸਲਵਾਦ ਖ਼ਿਲਾਫ਼ ਮਿਲ ਕੇ ਲੜਨ ਦਾ ਫ਼ੈਸਲਾ ਕੀਤਾ ਹੈ। ਅਬ੍ਰਾਹਮ ਨੇ ਕਿਹਾ ਕਿ ਹੈਰੀ ਕੇਨ ਨੇ ਸਾਫ਼ ਕੀਤਾ ਹੈ ਕਿ ਜੇ ਨਸਲੀ ਟਿੱਪਣੀ ਦੀ ਘਟਨਾ ਹੁੰਦੀ ਹੈ ਤਾਂ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਾਂਗੇ। ਅਸੀਂ ਖਿਡਾਰੀਆਂ ਨਾਲ ਗੱਲ ਕਰਾਂਗੇ ਤੇ ਜੇ ਉਹ ਖ਼ੁਸ਼ ਨਹੀਂ ਹੋਣਗੇ ਤਾਂ ਅਸੀਂ ਸਾਰੇ ਮੈਦਾਨ ਛੱਡ ਦੇਵਾਂਗੇ। ਪਿਛਲੇ ਦਿਨੀਂ ਰਹੀਮ ਸਟਰਲਿੰਗ ਤੇ ਡੈਨੀ ਰੋਸ ਸਮੇਤ ਕਈ ਖਿਡਾਰੀਆਂ ਨੂੰ ਦਰਸ਼ਕਾਂ ਵੱਲੋਂ ਨਸਲੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ ਹੈ।