ਲੰਡਨ (ਏਐੱਫਪੀ) : ਕੋਚ ਗੇਰੇਥ ਸਾਊਥਗੇਟ ਦੀ ਇੰਗਲਿਸ਼ ਫੁੱਟਬਾਲ ਟੀਮ ਨੇ ਮੋਂਟੇਨੇਗ੍ਰੋ ਨੂੰ ਗਰੁੱਪ-ਏ ਵਿਚ 7-0 ਨਾਲ ਮਾਤ ਦੇ ਕੇ ਯੂਰੋ 2020 ਦੀ ਟਿਕਟ ਹਾਸਲ ਕੀਤੀ ਜਿੱਥੇ ਹੈਰੀ ਕੇਨ ਨੇ ਸ਼ਾਨਦਾਰ ਹੈਟਿ੍ਕ ਲਾਈ। ਸਟਾਰ ਖਿਡਾਰੀ ਰਹੀਮ ਸਟਰਲਿੰਗ ਤੋਂ ਬਿਨਾਂ ਖੇਡਣ ਉਤਰੀ ਇੰਗਲੈਂਡ ਦੀ ਟੀਮ ਨੇ ਆਪਣੇ ਇਤਿਹਾਸ ਦੇ 1000ਵੇਂ ਮੁਕਾਬਲੇ ਨੂੰ ਯਾਦਗਾਰ ਬਣਾ ਦਿੱਤਾ। ਪਹਿਲੇ ਅੱਧ ਵਿਚ (18ਵੇਂ, 24ਵੇਂ ਤੇ 37ਵੇਂ ਮਿੰਟ) ਹੈਟਿ੍ਕ ਲਾਉਣ ਨਾਲ ਹੀ ਹੈਰੀ ਇੰਗਲੈਂਡ ਲਈ ਸਰਬੋਤਮ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਛੇਵੇਂ ਸਥਾਨ 'ਤੇ ਪੁੱਜ ਗਏ। ਉਹ ਯੂਰੋ ਕੁਆਲੀਫਾਇਰ ਵਿਚ ਹੁਣ ਤਕ 11 ਗੋਲ ਕਰ ਚੁੱਕੇ ਹਨ ਜਦਕਿ ਉਨ੍ਹਾਂ ਦੇ ਨਾਂ ਕੁੱਲ 31 ਅੰਤਰਰਾਸ਼ਟਰੀ ਗੋਲ ਦਰਜ ਹੋ ਗਏ ਹਨ। ਸਾਥੀ ਖਿਡਾਰੀ ਗੋਮੇਜ ਦੇ ਨਾਲ ਤਲਖ਼ੀ ਕਾਰਨ ਸਾਊਥਗੇਟ ਨੇ ਸਟਰਲਿੰਗ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਇੰਗਲੈਂਡ ਨੇ ਅਗਲੇ ਸਾਲ ਹੋਣ ਵਾਲੀ ਯੂਰਪੀਅਨ ਚੈਂਪੀਅਨਸ਼ਿਪ ਲਈ ਖ਼ੁਦ ਨੂੰ ਮੁੱਖ ਦਾਅਵੇਦਾਰ ਸਾਬਤ ਕੀਤਾ।

ਇਨ੍ਹਾਂ ਨੇ ਵੀ ਕੀਤੇ ਗੋਲ

ਇੰਗਲੈਂਡ ਲਈ ਹੈਰੀ ਤੋਂ ਇਲਾਵਾ ਏਲੇਕਸ ਓਕਲਾਡੇ-ਚਾਮਬੇਰਲੈਨ (11ਵੇਂ ਮਿੰਟ), ਮਾਰਕਸ ਰਸ਼ਫੋਰਡ (30ਵੇਂ ਮਿੰਟ) ਤੇ ਟੈਮੀ ਅਬ੍ਰਾਹਮ (84ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਮੋਂਟੇਨੇਗ੍ਰੋ ਲਈ ਅਲੈਗਜ਼ੈਂਡਰ ਸੋਫ੍ਰਾਨਕ (66ਵੇਂ ਮਿੰਟ) ਨੇ ਇਕ ਆਤਮਘਾਤੀ ਗੋਲ ਕੀਤਾ।