ਨਵੀਂ ਦਿੱਲੀ (ਏਜੰਸੀ) : ਪਹਿਲਾ ਦਰਜਾ ਪ੍ਰਾਪਤ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਮਗੇ ਨੇ ਰਿਓ ਓਲੰਪਿਕ ਨੂੰ ਛੱਡ ਕੇ ਪਿਛਲੇ ਸਾਰੇ ਫਾਈਨਲ ਵਿਚ ਹਾਰਨ ਦੇ ਜ਼ਖਮ ਭਰ ਦਿੱਤੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਟੋਕੀਓ ਵਿਚ ਉਹ ਇਸ ਕਮੀ ਨੂੰ ਵੀ ਪੂਰਾ ਕਰਨ ਲਵੇਗੀ ਅਤੇ ਇਸ ਲਈ ਉਨ੍ਹਾਂ ਨੇ ਟ੍ਰਾਫੀਆਂ ਦੀ ਅਲਮਾਰੀ 'ਚ ਇਕ ਥਾਂ ਖ਼ਾਲੀ ਰੱਖੀ ਹੈ।

ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ ਕਿਹਾ ਕਿ ਇਹ (ਵਿਸ਼ਵ ਚੈਂਪੀਅਨਸ਼ਿਪ ਸੋਨ ਤਮਗਾ) ਉਨ੍ਹਾਂ ਸਾਰੀਆਂ ਹਾਰਾਂ ਦੀ ਭਰਪਾਈ ਹੈ। ਲੋਕ ਫਾਈਨਲ ਵਿਚ ਹਾਰਨ ਦੇ ਮੇਰੇ ਡਰ ਦੇ ਬਾਰੇ ਵਿਚ ਗੱਲ ਕਰ ਰਹੇ ਹਨ ਕਿ ਫਾਈਨਲ ਵਿਚ ਕਿਸ ਤਰ੍ਹਾਂ ਦਬਾਅ ਵਿਚ ਆ ਜਾਂਦੀ ਹਾਂ। ਕਹਿ ਸਕਦੀ ਹਾਂ ਕਿ ਹੁਣ ਮੈਂ ਆਪਣੇ ਰੈਕੇਟ ਨਾਲ ਜਵਾਬ ਦਿੱਤਾ। ਓਲੰਪਿਕ ਪੂਰੀ ਤਰ੍ਹਾਂ ਨਾਲ ਵੱਖ ਹੈ। ਰਿਓ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਨੇ ਮੈਨੂੰ ਅਲੱਗ ਤਰ੍ਹਾਂ ਦੀਆਂ ਯਾਦਾਂ ਦਿੱਤੀਆਂ ਹਨ। ਹਾਂ ਅਜੇ ਇਕ ਸੋਨ ਤਮਗਾ ਹੋਰ ਜਿੱਤਣਾ ਹੈ। ਇਸ ਲਈ ਯਕੀਨੀ ਰੂਪ ਨਾਲ ਮੈਂ ਸਖ਼ਤ ਮਿਹਨਤ ਕਰਾਂਗੀ ਅਤੇ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰਾਂਗੀ।

ਭਾਰਤੀ ਸਟਾਰ ਸ਼ਟਲਰ ਨੇ ਹਸਦੇ ਹੋਏ ਕਿਹਾ, 'ਉਸ ਸੋਨ (ਓਲੰਪਿਕ) ਲਈ ਮੇਰੀ ਅਲਮਾਰੀ ਵਿਚ ਇਕ ਥਾਂ ਖਾਲੀ ਹੈ। ਓਲੰਪਿਕ ਕੁਆਲੀਫਿਕੇਸ਼ਨ ਚੱਲ ਰਹੇ ਹਨ ਅਤੇ ਇਸ ਜਿੱਤ ਨਾਲ ਅੱਗੇ ਵਧਣ ਲਈ ਮੇਰਾ ਆਤਮਵਿਸ਼ਵਾਸ ਵਧੇਗਾ। 2016 ਵਿਚ (ਰਿਓ) ਮੇਰਾ ਪਹਿਲਾਂ ਓਲੰਪਿਕ ਸੀ ਅਤੇ ਉਦੋਂ ਮੈਨੂੰ ਕੋਈ ਜਾਣਦਾ ਨਹੀਂ ਸੀ। ਰਿਓ ਤੋਂ ਬਾਅਦ ਸਭ ਕੁਝ ਬਦਲ ਗਿਆ ਅਤੇ ਹੁਣ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਹਰ ਕੋਈ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਮੈਨੂੰ ਵੀ ਹਰੇਕ ਟੂਰਨਾਮੈਂਟ ਵਿਚ ਨਵੀਆਂ ਚੀਜ਼ਾਂ ਨੂੰ ਸਿੱਖਣਾ ਚਾਹੀਦਾ ਹੈ ਕਿਉਂਕਿ ਵਿਰੋਧੀਆਂ ਕੋਲ ਮੇਰੀ ਲਈ ਵੀ ਕੁਝ ਤਰ੍ਹਾਂ ਦੀ ਰਣਨੀਤੀ ਹੋਵੇਗੀ।' ਆਪਣੀ ਵਿਦੇਸ਼ੀ ਮਹਿਲਾ ਕੋਚ ਬਾਰੇ ਵਿਚ ਉਨ੍ਹਾਂ ਕਿਹਾ, 'ਮੈਂ ਕਿਮ ਦੇ ਨਾਲ ਕੰਮ ਕਰ ਰਹੀ ਹਾਂ। ਉਨ੍ਹਾਂ ਨੇ ਮੇਰੇ ਵਿਚ ਕੁਝ ਬਦਲਾਅ ਲਿਆਂਦੇ ਹਨ ਅਤੇ ਇਸ ਨਾਲ ਮੈਨੂੰ ਕਾਫੀ ਮਦਦ ਮਿਲੀ ਹੈ। ਹੁਣ ਮੈਨੂੰ ਕੁਝ ਨਵੀਆਂ ਚੀਜ਼ਾਂ ਸਿੱਖਣੀਆਂ ਹਨ। ਮੈਨੂੰ ਨੈੱਟ-ਪਲੇਅ 'ਤੇ ਕੰਮ ਕਰਨ ਦੀ ਜ਼ਰੂਰਤ ਹੈ।'

ਵਿਸ਼ਵ ਰੈਂਕਿੰਗ ਵਿਚ ਪੰਜਵੇਂ ਸਥਾਨ ਤੋਂ ਸਿੰਧੂ ਨੇ ਓਲੰਪਿਕ ਕੁਆਲੀਫਿਕੇਸ਼ਨ ਵਿਚ ਆਪਣਾ ਸਥਾਨ ਲਗਪਗ ਪੱਕਾ ਕਰ ਲਿਆ। ਜਦ ਟੋਕੀਓ ਓਲੰਪਿਕ ਦਾ ਡਰਾਅ ਹੋਵੇਗਾ ਤਾਂ ਉੱਚੀ ਰੈਂਕਿੰਗ ਯਕੀਨੀ ਰੂਪ ਨਾਲ ਉਨ੍ਹਾਂ ਨੂੰ ਟਾਪ ਦਰਜਾ ਪ੍ਰਾਪਤ ਖਿਡਾਰੀਆਂ ਨਾਲ ਟੱਕਰ ਤੋਂ ਬਚਣ ਵਿਚ ਮਦਦ ਕਰੇਗੀ। ਇਸ ਬਾਰੇ ਵਿਚ ਸਿੰਧੂ ਨੇ ਕਿਹਾ ਕਿ ਰੈਂਕਿੰਗ ਮਆਇਨੇ ਰੱਖਦੀ ਹੈ ਕਿਉਂਕਿ ਡਰਾਅ ਇਸ 'ਤੇ ਨਿਰਭਰ ਹੋਵੇਗਾ ਪਰ ਮੈਂ ਇਸ ਬਾਰੇ ਵਿਚ ਜ਼ਿਆਦਾ ਨਹੀਂ ਸੋਚਦੀ ਕਿਉਂਕਿ ਜੇ ਮੈਂ ਚੰਗਾ ਖੇਡ ਸਕਦੀ ਹਾਂ ਤਾਂ ਕੋਈ ਫ਼ਰਕ ਨਹੀਂ ਪਵੇਗਾ। ਫਿਰ ਅੰਤ ਵਿਚ ਮੈਂ ਇਨ੍ਹਾਂ ਸ਼ਾਨਦਾਰ ਖਿਡਾਰੀਆਂ ਨੂੰ ਫਿਰ ਤੋਂ ਹਰਾ ਕੇ ਸੋਨ ਤਮਗਾ 'ਤੇ ਕਬਜ਼ਾ ਕਰਨਾ ਹੋਵੇਗਾ।