ਫੁੱਟਬਾਲ ਦੁਨੀਆ ਵਿਚ ਸਭ ਤੋਂ ਵੱਧ ਖੇਡੀ ਤੇ ਦੇਖੀ ਜਾਣ ਵਾਲੀ ਖੇਡ ਹੈ। ਅੱਜ ਅਸੀਂ ਖੇਡ ਪ੍ਰੇਮੀਆਂ ਦੇ ਰੂ-ਬ-ਰੂ ਕਰ ਰਹੇ ਹਾਂ ਪੰਜਾਬ ਦੇ ਨਾਮਵਰ ਫੁੱਟਬਾਲ ਕੋਚਾਂ ਨੂੰ। ਕਿਸੇ ਵੀ ਖੇਡ ਦੀ ਵਾਗਡੋਰ ਕੋਚ ਦੇ ਹੱਥਾਂ 'ਚ ਹੀ ਹੁੰਦੀ ਹੈ। ਪੰਜਾਬ ਦੇ ਇਹ ਕੋਚ ਲਗਨ ਨਾਲ ਖਿਡਾਰੀਆਂ ਨੂੰ ਫੁੱਟਬਾਲ ਖੇਡ ਦੇ ਗੁਰ ਅਤੇ ਬਾਰੀਕੀਆਂ ਸਿਖਾ ਰਹੇ ਹਨ।

ਜ਼ਿਲ੍ਹਾ ਪਟਿਆਲਾ ਦੇ ਕੋਚ

ਪਟਿਆਲਾ 'ਚ ਪਿਛਲੇ ਦਿਨੀਂ ਖ਼ਤਮ ਹੋਈ ਸੀਨੀਅਰ ਸਟੇਟ ਚੈਂਪੀਅਨਸ਼ਿਪ 'ਚ ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਟਿਆਲ 'ਚ ਫੁੱਟਬਾਲ ਖੇਡ ਨੂੰ ਬੁਲੰਦੀਆਂ 'ਤੇ ਪਹੁੰਚਾਉਣ 'ਚ ਵੱਡਾ ਯੋਗਦਾਨ ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਸਪੋਰਟਸ ਡਾਇਰੈਕਟਰ ਡਾ. ਦਲਬੀਰ ਸਿੰਘ ਰੰਧਾਵਾ ਦਾ ਹੈ। ਪਟਿਆਲਾ 'ਚ ਦਲਬੀਰ ਫੁੱਟਬਾਲ ਅਕੈਡਮੀ ਵੀ ਹੈ। ਇਸ ਤੋਂ ਇਲਾਵਾ ਸਿਰਕੱਢ ਫੁੱਟਬਾਲਰ ਰਾਜਬੀਰ ਸਿੰਘ ਕਾਲਾ ਅਫ਼ਗਾਨਾ, ਨਵਜੋਤ ਪਾਲ ਸਿੰਘ, ਬਲਵੀਰ ਚੰਦ ਅਤੇ ਯੂਨੀਵਰਸਿਟੀ ਦੇ ਕਪਤਾਨ ਰਹੇ ਗੋਲਡ ਮੈਡਲ ਜੇਤੂ ਖਿਡਾਰੀ ਨਵਿੰਦਰ ਸਿੰਘ ਮਾਮੂ ਨੇ ਵੀ ਪਟਿਆਲਾ ਦੀ ਫੁੱਟਬਾਲ ਲਈ ਜੀ-ਤੋੜ ਮਿਹਨਤ ਕੀਤੀ ਹੈ। ਬਹਾਦਰਗੜ੍ਹ (ਪਟਿਆਲਾ) ਵਿਖੇ ਕੁੜੀਆਂ ਦਾ ਫੁੱਟਬਾਲ ਸੈਂਟਰ ਹੈ, ਜਿਸ ਦੇ ਕੋਚ ਇੰਦਰਜੀਤ ਸਿੰਘ ਰਾਜ ਹਨ, ਜੋ ਆਪਣੇ ਸਮੇਂ ਦੇ ਬਿਹਤਰੀਨ ਫੁੱਟਬਾਲਰ ਰਹੇ ਹਨ।

ਮੁਕਤਸਰ ਤੇ ਮਾਹਿਲਪੁਰ ਦੇ

ਖੇਡ ਰਹਿਬਰ

ਜ਼ਿਲ੍ਹਾ ਮਾਨਸਾ ਦੇ ਗੁਰਪ੍ਰੀਤ ਸਿੰਘ ਚੀਨਾ ਜ਼ਿਲ੍ਹਾ ਮੁਕਤਸਰ ਦੇ ਫੁੱਟਬਾਲ ਕੋਚ ਹਨ। ਗੁਰਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ ਫੁੱਟਬਾਲ ਦੀ ਮੁੱਖ ਕੜੀ ਵਜੋਂ ਜਾਣੇ ਜਾਂਦੇ ਹਨ। ਵਾਸਕੋ ਸਪੋਰਟਸ ਕਲੱਬ ਗੋਆ, ਦਿੱਲੀ ਦੇ ਹਿੰਦੁਸਤਾਨ ਕਲੱਬ, ਮੋਹਮਡਮ ਕਲੱਬ ਕਲਕੱਤਾ ਦੀਆਂ ਟੀਮਾਂ 'ਚ ਖੇਡ ਚੁੱਕੇ ਸਰਫਰਾਜ਼ ਸਿੰਘ ਜੱਗੂ ਫੁੱਟਬਾਲ ਦੇ ਨਰਸਰੀ ਵਜੋਂ ਜਾਣੇ ਜਾਂਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਦੀ ਪੀਆਈਐੱਸ ਫੁੱਟਬਾਲ ਅਕੈਡਮੀ ਦੇ ਕੋਚ ਹਨ। ਸਰਫ਼ਰਾਜ਼ ਸਿੰਘ ਜੱਗੂ ਦੇ ਨਾਲ ਹਰਜੀਤ ਸਿੰਘ ਵੀ ਮਾਹਿਲਪੁਰ ਦੇ ਕੋਚ ਹਨ।

ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਦੇ ਫੁੱਟਬਾਲ ਗੁਰੂ

ਅੰਡਰ-14, ਅੰਡਰ-17 ਯੂਥ ਲੀਗ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਕੈਡਮੀ ਅਨੰਦਪੁਰ ਸਾਹਿਬ ਦੇ ਖਿਡਾਰੀਆਂ ਨੂੰ ਹੋਣਹਾਰ ਫੁੱਟਬਾਲਰ ਤੇ ਕੋਟ ਜਸਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਕੋਚ ਪਰਮਾਰ ਟ੍ਰੇਨਿੰਗ ਦੇ ਰਹੇ ਹਨ। ਇਹ ਅਕੈਡਮੀ ਪੰਜਾਬ ਦੇ ਫੁੱਟਬਾਲ ਨਕਸ਼ੇ 'ਤੇ ਛਾਈ ਹੋਈ ਹੈ।

ਕਾਲਾ ਅਫ਼ਗਾਨਾ ਦਾ ਫੁੱਟਬਾਲ ਕੋਚ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੈਡਲਿਸਟ ਪ੍ਰਭਜੋਤ ਸਿੰਘ ਪ੍ਰਭ ਜ਼ਿਲ੍ਹਾ ਅੰਮ੍ਰਿਤਸਰ ਦੇ ਫੁੱਟਬਾਲ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਇਸ ਤੋਂ ਇਲਾਵਾ ਦਲਜੀਤ ਸਿੰਘ ਵੀ ਅੰਮ੍ਰਿਤਸਰ ਦੇ ਫੁੱਟਬਾਲ ਖਿਡਾਰੀਆਂ ਨੂੰ ਇਸ ਖੇਡ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇ ਰਹੇ ਹਨ।

ਕੁਝ ਹੋਰ ਨਾਮਵਰ ਕੋਚ

ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਸੰਗਰੂਰ ਵਿਚ ਪ੍ਰਦੀਪ ਸਿੰਘ, ਮਜੀਦ ਤੇ ਹਰਪ੍ਰੀਤ ਸਿੰਘ ਉੱਭਰਦੇ ਖਿਡਾਰੀਆਂ ਦੀ ਕੋਚਿੰਗ ਜ਼ਰੀਏ ਅਗਵਾਈ ਕਰ ਰਹੇ ਹਨ। ਇਨ੍ਹਾਂ ਖੇਡ ਗੁਰੂਆਂ ਦੀ ਮਿਹਨਤ ਤੇ ਸੁਚੱਜੀ ਅਗਵਾਈ ਕਾਰਨ ਹੀ ਪਿਛਲੇ ਸਾਲਾਂ ਦੌਰਾਨ ਸੰਗਰੂਰ ਜ਼ਿਲ੍ਹੇ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫੁੱਟਬਾਲ ਦਾ ਸਿਤਾਰਾ ਰਿਹਾ ਹਰਦੇਵ ਸਿੰਘ ਗੁਰਦਾਸਪੁਰ ਜ਼ਿਲ੍ਹੇ ਦਾ ਕੋਚ ਹੈ। ਇਸ ਤੋਂ ਇਲਾਵਾ ਹਰਿੰਦਰ ਸਿੰਘ, ਦੀਪਕ ਕੁਮਾਰ, ਕਸ਼ਮੀਰ ਸਿੰਘ, ਸੁਖਦੀਪ ਸਿੰਘ, ਅਮਨਦੀਪ ਸਿੰਘ, ਅਤਿੰਦਰਪਾਲ ਸਿੰਘ, ਮਨਜੀਤ ਸਿੰਘ, ਅਮਨਪ੍ਰੀਤ ਸਿੰਘ, ਸੰਗਰਾਮਜੀਤ ਸਿੰਘ, ਸੁਖਦੇਵ ਸਿੰਘ, ਮਨਜਿੰਦਰ ਸਿੰਘ, ਗੁਰਤੇਜ ਸਿੰਘ, ਦਲਜੀਤ ਸਿੰਘ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਤੌਰ ਕੋਚ ਫੁੱਟਬਾਲ ਖੇਡ ਨੂੰ ਬੁਲੰਦੀ 'ਤੇ ਲਿਜਾਣ ਲਈ ਆਪਣਾ ਯੋਗਦਾਨ ਪਾ ਰਹੇ ਹਨ।

ਅੰਡਰ-18 ਅਤੇ ਅੰਡਰ-19 ਕੁੜੀਆਂ ਦੇ ਵਰਗ 'ਚ ਸਕੂਲ ਖੇਡਾਂ ਵਿਚ ਸਟੇਟ ਚੈਂਪੀਅਨ ਰਹੇ ਬਰਨਾਲਾ ਜ਼ਿਲ੍ਹੇ 'ਚ ਕੋਈ ਵੀ ਫੁੱਟਬਾਲ ਕੋਚ ਨਹੀਂ ਹੈ। ਇਸ ਘਾਟ ਵੱਲ ਸਰਕਾਰ ਤੇ ਖੇਡ ਵਿਭਾਗ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਕੋਚਾਂ ਦੀ ਨਿਯੁਕਤੀ ਕਰਨੀ ਚਾਹੀਦੀ ਹੈ।

ਗੁਰਨਿੰਦਰ ਸਿੰਘ ਧਨੌਲਾ

9779207572

Posted By: Harjinder Sodhi