ਨਵੀਂ ਦਿੱਲੀ : ਤਜਰਬੇਕਾਰ ਭਾਰਤੀ ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ਡਾ. ਕਰਨੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ 'ਚ ਔਰਤਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਟੀ-1 ਟ੍ਰਾਇਲ 'ਚ ਪੰਜਾਬ ਦੀ ਅੰਜੁਮ ਮੌਦਗਿੱਲ ਨੂੰ ਪਛਾੜ ਕੇ ਜੇਤੂ ਬਣੀ। ਓਲੰਪਿਕ ਕੋਟਾ ਹਾਸਲ ਕਰਨ ਵਾਲੀਆਂ ਨਿਸ਼ਾਨੇਬਾਜ਼ਾਂ ਦੇ ਮੁਕਾਬਲੇ 'ਚ ਸਾਬਕਾ ਵਿਸ਼ਵ ਚੈਂਪੀਅਨ ਮਹਾਰਾਸ਼ਟਰ ਦੀ ਤੇਜਸਵਿਨੀ ਨੇ ਕੁਆਲੀਫਾਇੰਗ 'ਚ 1171 ਅੰਕ ਹਾਸਲ ਕਰਨ ਤੋਂ ਬਾਅਦ ਫਾਈਨਲ 'ਚ 458.7 ਅੰਕ ਹਾਸਲ ਕੀਤੇ। ਕੁਆਲੀਫਾਇੰਗ 'ਚ 1167 ਅੰਕਾਂ ਨਾਲ ਤੀਸਰੇ ਨੰਬਰ 'ਤੇ ਰਹੀ ਅੰਜੁਮ ਮੌਦਗਿੱਲ ਫਾਈਨਲ 'ਚ 457.8 ਅੰਕਾਂ ਨਾਲ ਦੂਸਰੇ ਨੰਬਰ 'ਤੇ ਰਹੀ। ਕੁਆਲੀਫਾਇੰਗ 'ਚ ਅੱਠਵੇਂ ਸਥਾਨ 'ਤੇ ਰਹਿਣ ਵਾਲੀ ਹਰਿਆਣਾ ਦੀ ਨਿਸ਼ਚਲ ਫਾਈਨਲ 'ਚ ਲੱਜਾ ਗੋਸਵਾਮੀ ਨੂੰ ਪਛਾੜ ਕੇ ਤੀਸਰੇ ਨੰਬਰ 'ਤੇ ਰਹੀ।

ਹੈਰਿਸ ਨੇ ਜਿੱਤਿਆ ਪੀਜੀਏ ਖ਼ਿਤਾਬ

ਕਪਾਲੁਆ : ਹੈਰਿਸ ਨੇ ਸੈਂਟੀ ਟੂਰਨਾਮੈਂਟ ਆਫ ਚੈਂਪੀਅਨਜ਼ ਗੋਲਫ ਮੁਕਾਬਲੇ 'ਚ ਜਿੱਤ ਦਰਜ ਕਰ ਕੇ ਪੀਜੀਏ ਟੂਰ 'ਚ ਪਿਛਲੇ ਸੱਤ ਸਾਲਾਂ 'ਚ ਆਪਣਾ ਪਹਿਲਾ ਖਿਤਾਬ ਜਿੱਤਿਆ। ਹੈਰਿਸ 18ਵੇਂ ਹੋਲ 'ਚ 10 ਫੁੱਟ ਤੋਂ ਈਗਲ ਬਣਾਉਣ ਤੋਂ ਖੁੰਝ ਗਏ ਜਿਸ ਕਾਰਨ ਉਨ੍ਹਾਂ ਨੂੰ ਜੋਕਿਮ ਨੀਮੈਨ ਨਾਲ ਪਲੇਆਫ ਖੇਡਣਾ ਪਿਆ। ਉਨ੍ਹਾਂ 18ਵੇਂ ਹੋਲ 'ਚ ਛੇ ਫੁੱਟ ਤੋਂ ਬਰਡੀ ਬਣਾਈ ਤੇ ਆਖ਼ਰੀ ਦਿਨ ਦਾ ਉਨ੍ਹਾਂ ਦਾ ਸਕੋਰ ਚਾਰ ਅੰਡਰ 69 ਰਿਹਾ। ਨੀਮੈਨ ਨੇ ਆਖ਼ਰੀ 64 ਦਾ ਸਕੋਰ ਬਣਾਇਆ ਪਰ ਪੇਲਆਫ 'ਚ ਉਹ ਖੁੰਝ ਗਏ ਤੇ ਇੰਗਲਿਸ਼ 2013 ਤੋਂ ਬਾਅਦ ਪਹਿਲੀ ਵਾਰ ਪੀਜੀਏ ਟੂਰ 'ਚ ਖਿਤਾਬ ਜਿੱਤਣ 'ਚ ਸਫਲ ਰਹੇ। ਇਹ ਉਨ੍ਹਾਂ ਦੇ ਕਰੀਅਰ ਦਾ ਤੀਸਰਾ ਖ਼ਿਤਾਬ ਹੈ।

ਡਕਾਰ ਰੈਲੀ ਜੇਤੂ ਓਰੀਅਲ ਦਾ ਦੇਹਾਂਤ

ਪੈਰਿਸ : ਮੋਟਰ ਬਾਈਕ ਤੇ ਕਾਰ 'ਚ ਡਕਾਰ ਰੈਲੀ ਜਿੱਤਣ ਵਾਲੇ ਹਿਊਬਰਟ ਓਰੀਅਲ ਦਾ ਦੇਹਾਂਤ ਹੋ ਗਿਆ। ਓਰੀਅਲ 68 ਸਾਲਾਂ ਦੇ ਸਨ। ਡਕਾਰ ਰੈਲੀ ਨੇ ਐਲਾਨ ਕੀਤਾ ਕਿ ਓਰੀਅਲ ਦਾ ਦੇਹਾਂਤ ਐਤਵਾਰ ਨੂੰ ਹੋਇਆ। ਓਰੀਅਲ ਦੇ ਦੇਹਾਂਤ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਫਰਾਂਸ ਦਾ ਇਹ ਡਰਾਈਵਰ ਪਿਛਲੇ ਕਈ ਸਾਲਾਂ ਤੋਂ ਦਿਲ ਨਾਲ ਜੁੜੀ ਬਿਮਾਰੀ ਤੋਂ ਜੂਝ ਰਿਹਾ ਸੀ। ਓਰੀਅਲ ਉਸ ਸਮੇਂ ਪੈਰਿਸ-ਡਕਾਰ ਰੈਲੀ ਦੇ ਨਾਂ ਤੋਂ ਪਛਾਣੀ ਜਾਣ ਵਾਲੀ ਰੇਸ ਮੋਟਰ ਬਾਈਕ 'ਤੇ 1981 ਤੇ 1983 'ਚ ਜਿੱਤੀ ਜਦੋਂਕਿ 1992 'ਚ ਉਨ੍ਹਾਂ ਨੇ ਕਾਰ 'ਚ ਇਹ ਰੇਸ ਜਿੱਤੀ।