ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਖੇਡ ਸੰਸਥਾਨ (ਐੱਨਆਈਐੱਸ) ਪਟਿਆਲਾ ਵਿਚ ਚੱਲ ਰਹੇ ਰਾਸ਼ਟਰੀ ਕੈਂਪ ਵਿਚ ਅੱਠ ਹੋਰ ਮੁੱਕੇਬਾਜ਼ਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ ਜਿਸ ਨਾਲ ਪੀੜਤਾਂ ਦੀ ਗਿਣਤੀ 26 ’ਤੇ ਪੁੱਜ ਗਈ ਹੈ ਪਰ ਇਨ੍ਹਾਂ ਸਾਰਿਆਂ ’ਚ ਘੱਟ ਲੱਛਣ ਪਾਏ ਗਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 12 ਮੁੱਕੇਬਾਜ਼ਾਂ ਤੇ ਸਹਿਯੋਗੀ ਸਟਾਫ ਦੇ ਛੇ ਮੈਂਬਰਾਂ ਦਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਸੂਚੀ ਵਿਚ ਵੀਰਵਾਰ ਨੂੰ ਅੱਠ ਹੋਰ ਮੁੱਕੇਬਾਜ਼ਾਂ ਦੇ ਨਾਂ ਜੁੜ ਗਏ। ਇਸ ਤਰ੍ਹਾਂ ਹੁਣ ਪੀੜਤ ਮੁੱਕੇਬਾਜ਼ਾਂ ਦੀ ਗਿਣਤੀ 20 ਹੋ ਗਈ ਹੈ। ਰਾਸ਼ਟਰੀ ਕੈਂਪ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਮੁੱਖ ਮੁੱਕੇਬਾਜ਼ ਸੁਮਿਤ ਤੇ ਰੋਹਿਤ ਮੋਰ ਤੇ ਉਨ੍ਹਾਂ ਦੇ ਛੇ ਅਭਿਆਸ ਜੋੜੀਦਾਰਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਕੈਂਪ ਜਾਰੀ ਰਹੇਗਾ ਤੇ ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ ਉਹ ਕੁਆਰੰਟਾਈਨ ਵਿਚ ਹਨ ਤੇ ਉਨ੍ਹਾਂ ਵਿਚ ਘੱਟ ਲੱਛਣ ਹਨ। ਇਹ ਦੂਜੀ ਲਹਿਰ ਵਰਗੀ ਸਥਿਤੀ ਨਹੀਂ ਹੈ। ਸਹਿਯੋਗੀ ਸਟਾਫ ਵਿਚ ਜਿਨ੍ਹਾਂ ਮੈਂਬਰਾਂ ਨੂੰ ਪਾਜ਼ੇਟਿਵ ਪਾਇਆ ਗਿਆ ਹੈ ਉਨ੍ਹਾਂ ਵਿਚ ਮੁੱਖ ਕੋਚ ਨਰਿੰਦਰ ਰਾਣਾ, ਸੀਏ ਕੁਟੱਪਾ ਤੇ ਸਹਾਇਕ ਕੋਚ ਸੁਰੰਜੇ ਸਿੰਘ ਵੀ ਸ਼ਾਮਲ ਹਨ।

Posted By: Susheel Khanna